ਕੌਮੀ ਮਾਰਗ ’ਤੇ ਖੜ੍ਹੇ ਟਰੱਕ ਨਾਲ ਬੱਸ ਦੀ ਟੱਕਰ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 29 ਜੂਨ
ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅੱਜ ਤੜਕੇ ਜੀਟੀ ਰੋਡ ‘ਤੇ ਅੰਬਾਲਾ ਦੇ ਜੰਡਲੀ ਪੁਲ ਉੱਤੇ ਬਿਨਾਂ ਇੰਡੀਕੇਟਰ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਚਾਲਕ ਸਮੇਤ ਬੱਸ ਅੰਦਰ ਬੈਠੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਮਰਜੈਂਸੀ ਵਿਚ ਜ਼ੇਰੇ ਇਲਾਜ ਬੱਸ ਦੇ ਕੰਡਕਟਰ ਯਾਦਵਿੰਦਰ ਸਿੰਘ ਨਿਵਾਸੀ ਪਿੰਡ ਖ਼ਵਾਜਾ ਜ਼ਿਲ੍ਹਾ ਗੁਰਦਾਸਪੁਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਦਿੱਲੀ ਦੇ ਬੱਸ ਅੱਡੇ ਤੋਂ ਰਾਤ 11 ਵਜੇ ਅੰਮ੍ਰਿਤਸਰ ਡਿੱਪੂ ਦੀ ਬੱਸ ਲੈ ਕੇ ਚੱਲੇ ਸਨ ਜਿਸ ਨੂੰ ਸੁਖਦੇਵ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਚਲਾ ਰਿਹਾ ਸੀ। ਬੱਸ ਵਿਚ 28-30 ਸਵਾਰੀਆਂ ਬੈਠੀਆਂ ਸਨ। ਅੱਜ ਸਵੇਰੇ ਕਰੀਬ 3.30 ਵਜੇ ਜਦੋਂ ਉਹ ਅੰਬਾਲਾ ਦੇ ਜੰਡਲੀ ਓਵਰਬ੍ਰਿਜ ‘ਤੇ ਪਹੁੰਚੇ ਤਾਂ ਬੱਸ ਬਿਨਾਂ ਇੰਡੀਕੇਟਰ ਜਾਂ ਹੋਰ ਇਸ਼ਾਰੇ ਦੇ ਖੜ੍ਹੇ ਕੀਤੇ ਟਰੱਕ ਨਾਲ ਟਕਰਾ ਗਈ। ਇਸ ਕਾਰਨ ਬੱਸ ਕਾਫੀ ਨੁਕਸਾਨੀ ਗਈ ਅਤੇ ਡਰਾਈਵਰ ਅਤੇ ਸਵਾਰੀਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਅਤੇ ਬੱਸ ਨੂੰ ਇਕ ਪਾਸੇ ਕਰਵਾ ਕੇ ਆਵਾਜਾਈ ਸ਼ੁਰੂ ਕਰਵਾਈ ਅਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਦੇ ਸਟਾਫ ਅਨੁਸਾਰ ਰਾਕੇਸ਼ ਸ਼ਰਮਾ (47) ਵਾਸੀ ਦਿੱਲੀ, ਸਾਦਿਕ (15) ਵਾਸੀ ਸਹਾਰਨਪੁਰ ਅਤੇ ਅਬਾਸ ਅਲੀ (61) ਵਾਸੀ ਸਹਾਰਨਪੁਰ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲੀਸ ਨੇ ਯੂਪੀ ਨੰਬਰ ਦੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।