For the best experience, open
https://m.punjabitribuneonline.com
on your mobile browser.
Advertisement

ਚਾਹ ਦਾ ਭਰਿਆ ਸੰਦੂਕ

09:11 AM Jan 07, 2024 IST
ਚਾਹ ਦਾ ਭਰਿਆ ਸੰਦੂਕ
Advertisement

ਵੀਣਾ ਭਾਟੀਆ

ਚੁਸਕੀਆ

ਸਰਦੀ ਦਾ ਮੌਸਮ ਫਿਰ ਆਪਣੇ ਸਿਖਰ ’ਤੇ ਪਹੁੰਚ ਰਿਹਾ ਹੈ। ਅਜਿਹੇ ਮੌਸਮ ’ਚ ਜਿਸ ਚੀਜ਼ ਨੂੰ ਹਰ ਕੋਈ ਸਭ ਤੋਂ ਜ਼ਿਆਦਾ ਪਸੰਦ ਕਰਦਾ ਹੈ, ਉਹ ਹੈ ਚਾਹ।
ਚਾਹੇ ਗ਼ਰੀਬ ਹੋਵੇ ਜਾਂ ਅਮੀਰ, ਕਿਸੇ ਦੀ ਸਵੇਰ ਚਾਹ ਤੋਂ ਬਿਨਾਂ ਨਹੀਂ ਸ਼ੁਰੂ ਹੁੰਦੀ। ਗ਼ਰੀਬ ਰਾਤ ਦੀ ਸੁੱਕੀ ਰੋਟੀ ਨੂੰ ਗੁੜ ਜਾਂ ਚੀਨੀ ਦੀ ਚਾਹ ਵਿੱਚ ਡੁਬੋ ਕੇ, ਉਸ ਦੀ ਖੁਸ਼ਬੂਦਾਰ ਭਾਫ਼ ਵਿੱਚ ਸਾਹ ਲੈ ਕੇ ਅਤੇ ਬਣਾਉਣ ਵਾਲੇ ਦਾ ਧੰਨਵਾਦ ਕਰ ਕੇ ਨਾਸ਼ਤਾ ਕਰਦਾ ਹੈ। ਦੂਜੇ ਪਾਸੇ ਉੱਚ ਮੱਧ ਵਰਗ ਦੇ ਲੋਕ ਚਾਹ ਦੇ ਸੈੱਟ ਵਿੱਚ ਚਾਹ ਪੀਂਦੇ ਹਨ। ਸਾਡੇ ਘਰ ਸਵੇਰ ਤੋਂ ਸ਼ਾਮ ਤੱਕ ਚਾਹ ਚੱਲਦੀ ਰਹਿੰਦੀ ਹੈ। ਸਾਡੀਆਂ ਕਹਾਣੀਆਂ, ਨਾਵਲ, ਟੈਲੀਵਿਜ਼ਨ, ਫਿਲਮਾਂ ਸਭ ਚਾਹ ਦੁਆਲੇ ਘੁੰਮਦੀਆਂ ਹਨ। ਜਦੋਂ ਮੁੰਡੇ ਵਾਲੇ ਕੁੜੀ ਨੂੰ ਦੇਖਣ ਜਾਂਦੇ ਨੇ ਤਾਂ ਵੀ ਬੱਸ ਚਾਹ!
ਚਾਹ ਦੀਆਂ ਦੁਕਾਨਾਂ ’ਤੇ ਚਾਹ ਦੇ ਕੱਪ ’ਤੇ ਮੁੰਡੇ-ਕੁੜੀਆਂ ਵਿਚਕਾਰ ਰੋਮਾਂਸ ਆਪਣੇ ਰੰਗ ਦਿਖਾਉਣ ਲੱਗ ਪੈਂਦਾ ਹੈ। ਘਰ ਵਿਚ ਇਕੱਲੇ ਰਹਿ ਗਏ ਬਜ਼ੁਰਗ ਆਪਣੀ ਨੂੰਹ ਜਾਂ ਧੀ ਦਾ ਇੰਤਜ਼ਾਰ ਕਰਦੇ ਹਨ ਕਿ ਉਹ ਉਨ੍ਹਾਂ ਲਈ ਗਰਮ ਚਾਹ ਲੈ ਕੇ ਆਵੇ।
ਅੱਜਕੱਲ੍ਹ ਸਾਡੇ ਵੱਡੇ ਸ਼ਹਿਰਾਂ ਵਿੱਚ ਤੰਦੂਰ ’ਤੇ ਬਣੀ ਚਾਹ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਵਿਆਹਾਂ ਦੀਆਂ ਪਾਰਟੀਆਂ ਵਿੱਚ ਵੀ ਇਹ ਚਾਹ ਹਰ ਜਗ੍ਹਾ ਮਸ਼ਹੂਰ ਹੋਣ ਲੱਗੀ ਹੈ, ਚਾਹੇ ਭਾਰਤ ਹੋਵੇ ਜਾਂ ਪਾਕਿਸਤਾਨ। ਇਸ ਸਮੇਂ ਮੈਨੂੰ ਚਾਹ ਦੇ ਉਹ ਸਾਰੇ ਮਿੱਟੀ ਦੇ ਭਾਂਡੇ (ਕੁੱਲੜ) ਯਾਦ ਆ ਰਹੇ ਹਨ ਜਿਹੜੇ ਮੈਂ ਰੇਲ ਯਾਤਰਾ ਦੌਰਾਨ ਚਾਹ ਪੀਂਦੇ ਸਮੇਂ ਤੋੜ ਦਿੱਤੇ ਸਨ।
ਅਸੀਂ ਚਾਹ ਤੋਂ ਬਿਨਾਂ ਅੱਜ ਦੇ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ। ਹਾਲਾਂਕਿ ਅੱਜ ਜਿਸ ਚਾਹ ਦਾ ਅਸੀਂ ਆਨੰਦ ਲੈ ਰਹੇ ਹਾਂ, ਉਹ 19ਵੀਂ ਸਦੀ ਵਿੱਚ ਈਸਟ ਇੰਡੀਆ ਕੰਪਨੀ ਦੇ ਵਪਾਰੀਆਂ ਦੁਆਰਾ ਭਾਰਤ ਵਿੱਚ ਪੇਸ਼ ਕੀਤੀ ਗਈ ਸੀ। ਇਹ ਵੀ ਇੱਕ ਹਕੀਕਤ ਹੈ ਕਿ ਇਸ ਤੋਂ ਸੈਂਕੜੇ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਤੁਲਸੀ, ਇਲਾਇਚੀ, ਕਾਲੀ ਮਿਰਚ, ਪੁਦੀਨਾ, ਦਾਲਚੀਨੀ ਅਤੇ ਅਦਰਕ ਤੋਂ ਬਣੀ ਚਾਹ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਰਿਹਾ ਹੈ। ਵੈਸੇ ਤਾਂ ਚੀਨ ਵਿੱਚ ਚਾਹ ਦੀ ਵਰਤੋਂ 2000 ਸਾਲ ਪਹਿਲਾਂ ਤੋਂ ਕੀਤੀ ਜਾ ਰਹੀ ਹੈ। ਇਸ ਬਾਰੇ ਸੈਮੂਅਲ ਹੈਪੀ ਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ ਕਿ ‘‘ਚਾਹ ਇੱਕ ਵਧੀਆ ਅਤੇ ਸਿਹਤ ਬਣਾਉਣ ਵਾਲਾ ਡਰਿੰਕ ਹੈ ਜਿਸ ਨੂੰ ਡਾਕਟਰਾਂ ਨੇ ਪੀਣ ਦੀ ਸਲਾਹ ਦਿੱਤੀ ਹੈ।’’
ਚਾਹ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੰਗਲੈਂਡ ਦੇ ਰਾਜਾ ਚਾਰਲਸ ਦੋਇਮ ਨੇ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਨਾਲ ਵਿਆਹ ਕੀਤਾ ਸੀ ਤਾਂ ਉਸ ਨੂੰ ਚਾਹ ਨਾਲ ਭਰਿਆ ਸੰਦੂਕ ਤੋਹਫ਼ੇ ਵਜੋਂ ਦਿੱਤਾ ਗਿਆ ਸੀ।
ਇਸ ਦੌਰਾਨ ਕੁਝ ਚਾਹ ਵਪਾਰੀ ਚੀਨ ਤੋਂ ਚਾਹ ਦੇ ਬੂਟੇ ਲੈ ਕੇ ਭਾਰਤ ਪਹੁੰਚ ਗਏ। ਉਸ ਤੋਂ ਬਾਅਦ ਬਰਤਾਨੀਆ ਦੇ ਬਾਗਬਾਨਾਂ ਨੇ ਚਾਹ ਦੀ ਖੇਤੀ ਵਿੱਚ ਇੰਨੀ ਤਰੱਕੀ ਕੀਤੀ ਕਿ ਜਲਦੀ ਹੀ ਬਰਤਾਨੀਆ ਦਾ ਚਾਹ ਦਾ ਵਪਾਰ 86 ਮਿਲੀਅਨ ਪੌਂਡ ਨੂੰ ਛੂਹਣ ਲੱਗਾ। ਲੰਡਨ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਵੱਡੇ-ਵੱਡੇ ਬੋਰਡ ਲਗਾਏ ਗਏ ਸਨ ਜਿਨ੍ਹਾਂ ਵਿਚ ਹਿੰਦੋਸਤਾਨੀ ਚਾਹ ਦੀ ਸਿਫ਼ਤ ਵਿਚ ਗੀਤ ਗਾਏ ਗਏ ਸਨ।
ਆਕਸਫੋਰਡ ਸਟ੍ਰੀਟ, ਜੋ ਅਜੇ ਵੀ ਲੰਡਨ ਦਾ ਸਭ ਤੋਂ ਵੱਧ ਫੈਸ਼ਨ ਕਰਨ ਵਾਲਾ ਖੇਤਰ ਹੈ, ਨੂੰ 1881 ਵਿੱਚ ਹਿੰਦੋਸਤਾਨ ਅਤੇ ਸਿਲੋਨ (ਹੁਣ ਦਾ ਸ੍ਰੀਲੰਕਾ) ਵਿੱਚ ਉਗਾਈ ਜਾਣ ਵਾਲੀ ਚਾਹ ਦੇ ਇਸ਼ਤਿਹਾਰਾਂ ਨਾਲ ਕਵਰ ਕੀਤਾ ਗਿਆ ਸੀ। ਰੇਲ ਯਾਤਰਾ ਨੇ ਚਾਹ ਨੂੰ ਆਮ ਅਤੇ ਕੁਲੀਨ ਵਰਗ ਦੋਵਾਂ ਵਿਚ ਪ੍ਰਸਿੱਧ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਛੋਟੇ-ਵੱਡੇ ਰੇਲਵੇ ਸਟੇਸ਼ਨਾਂ ’ਤੇ ਸੁਲਗਦੇ ਕੋਲਿਆਂ ’ਤੇ ਤਾਰ ਨਾਲ ਬੰਨ੍ਹੀ ਹੋਈ ਐਲੂਮੀਨੀਅਮ ਦੀ ਕੇਤਲੀ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਸਬੱਬ ਬਣੀ।
ਸਾਡੀਆਂ ਕਹਾਣੀਆਂ ਅਤੇ ਕਥਾਵਾਂ ਵਿੱਚ ਅਸੀਂ ਹਮੇਸ਼ਾ ਚਾਹ ਦੇ ਕੱਪ ਨਾਲ ਹੀ ਹੁੰਦੇ ਹਾਂ। ਕੁਰਤੁਲਐੱਨ ਹੈਦਰ ਨੇ ਤਾਂ ਇਸ ਬਾਰੇ ਇੱਕ ਨਾਵਲ ਵੀ ਲਿਖਿਆ ਹੈ ‘ਚਾਏ ਕੇ ਬਾਗ’!
ਇਹ ਮੰਨਿਆ ਜਾਂਦਾ ਹੈ ਕਿ ਚਾਹ ਦੀ ਖੋਜ 2732 ਈਸਾ ਪੂਰਵ ਚੀਨੀ ਸ਼ਾਸਕ ਸ਼ੇਂਗ ਨੰਗ ਦੁਆਰਾ ਕੀਤੀ ਗਈ ਸੀ। ਦਰਅਸਲ, ਇੱਕ ਵਾਰ ਰਾਜੇ ਦੇ ਉਬਲਦੇ ਪਾਣੀ ਵਿੱਚ ਕੁਝ ਜੰਗਲੀ ਪੱਤੇ ਡਿੱਗ ਪਏ ਜਿਸ ਤੋਂ ਬਾਅਦ ਅਚਾਨਕ ਪਾਣੀ ਦਾ ਰੰਗ ਬਦਲਣ ਲੱਗਿਆ ਅਤੇ ਪਾਣੀ ਵਿੱਚੋਂ ਇੱਕ ਸੁਹਾਵਣੀ ਮਹਿਕ ਆਉਣ ਲੱਗੀ। ਜਦੋਂ ਰਾਜੇ ਨੇ ਇਹ ਪਾਣੀ ਪੀਤਾ ਤਾਂ ਉਸ ਨੂੰ ਇਸ ਦਾ ਸੁਆਦ ਬਹੁਤ ਪਸੰਦ ਆਇਆ। ਨਾਲ ਹੀ ਇਸ ਨੂੰ ਪੀਣ ਤੋਂ ਬਾਅਦ ਉਸ ਨੇ ਤਾਜ਼ਗੀ ਅਤੇ ਊਰਜਾ ਮਹਿਸੂਸ ਕੀਤੀ। ਇਸ ਤਰ੍ਹਾਂ ਅਚਾਨਕ ਚਾਹ ਸ਼ੁਰੂ ਹੋ ਗਈ ਜਿਸ ਨੂੰ ਰਾਜੇ ਨੇ ਚਾ.ਆ. ਨਾਮ ਦਿੱਤਾ ਸੀ।

Advertisement

ਸੰਪਰਕ: 90135-10023

Advertisement
Author Image

sukhwinder singh

View all posts

Advertisement
Advertisement
×