ਉਲਝੀਆਂ ਸਮਾਜਿਕ ਤਾਣੀਆਂ ਸੁਲਝਾਉਂਦੀ ਪੁਸਤਕ
ਦਰਸ਼ਨ ਸਿੰਘ ‘ਆਸ਼ਟ’ (ਡਾ.)
ਪੁਸਤਕ ਚਰਚਾ
ਅਜੋਕੇ ਕਹਾਣੀਕਾਰ ਪੰਜਾਬੀ ਕਹਾਣੀ ਰਾਹੀਂ ਸਮਾਜਿਕ ਗੁੰਝਲਾਂ ਨੂੰ ਸੁਲਝਾਉਣ ਲਈ ਨਵੀਆਂ ਸਿਰਜਣ-ਵਿਧੀਆਂ ਦੀ ਵਰਤੋਂ ਕਰ ਰਹੇ ਹਨ। ਵਰਗਿਸ ਸਲਾਮਤ ਰਚਿਤ ਕਹਾਣੀ ਸੰਗ੍ਰਹਿ ‘ਤੰਦ ਤੇ ਤਾਣੀ’ (ਕੀਮਤ: 225 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚਲੀਆਂ ਕਹਾਣੀਆਂ ਦੀ ਮੂਲ ਭਾਵਨਾ ਵਰਤਮਾਨ ਬਿਮਾਰ ਸਮਾਜ ਨੂੰ ਸ਼ਫ਼ਾ ਪ੍ਰਦਾਨ ਕਰਨ ਦੀ ਲੋੜ ’ਤੇ ਬਲ ਦਿੰਦੀ ਹੈ। ਇਹ ਕਹਾਣੀਆਂ ਰਾਜਨੀਤੀ ਦੀ ਗ਼ੈਰ-ਮਰਿਆਦਾ ਵਾਲੀ ਪ੍ਰਵਿਰਤੀ, ਲੋਕ-ਸੰਘਰਸ਼ ਦੀ ਤਾਣੀ ਨੂੰ ਕਮਜ਼ੋਰ ਕਰਨ ਵਾਲੀਆਂ ਸਾਜ਼ਿਸ਼ਾਂ ਅਤੇ ਦੰਭੀ ਸੋਚ ਦਾ ਪਰਦਾਫ਼ਾਸ਼ ਕਰਦੀਆਂ ਹਨ। ‘ਟਾਕੀਆਂ ਵਾਲਾ ਖੇਸ’ ਸਮਾਜਿਕ ਪ੍ਰਸਥਿਤੀਆਂ ’ਚੋਂ ਉਤਪੰਨ ਹੋਈ ਕਹਾਣੀ ਹੈ। ਇਸ ਕਹਾਣੀ ਦਾ ਜ਼ਿੰਦਗੀ ਭਰ ਮਿਹਨਤਕਸ਼ ਰਿਹਾ ਨਾਇਕ ਕਰਮੂ ਅੰਤ ਵਿੱਚ ਬੇਵੱਸੀ ’ਤੇ ਝੂਰਦਾ ਹੈ ਜਿਸ ਦਾ ਮਾਸਟਰ ਪੁੱਤ ਉਸ ਨੂੰ ਇਕਲਾਪੇ ਦੀ ਜੂਨ ਹੰਢਾਉਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਸ਼ਹਿਰ ਜਾ ਕੇ ਮਹਾਨਗਰੀ ਚਕਾਚੌਂਧ ਵਿਚ ਗੁਆਚ ਕੇ ਪਰਿਵਾਰਕ ਰਿਸ਼ਤਿਆਂ ਦੇ ਮਹੱਤਵ ਨੂੰ ਵਿਸਾਰ ਦਿੰਦਾ ਹੈ। ਕਰਮੂ ਲਈ ਆਖ਼ਰੀ ਅਤੇ ਇਕਮਾਤਰ ਸਹਾਰਾ ਮਰਹੂਮ ਪਤਨੀ ਬੰਤੀ ਦੇ ਦਾਜ ਦਾ ਬਹੁਰੰਗੀਆਂ ਟਾਕੀਆਂ ਵਾਲਾ ਖੇਸ ਹੀ ਰਹਿ ਜਾਂਦਾ ਹੈ। ਕਹਾਣੀ ‘ਸਹਾਰਾ ਬੇਸਹਾਰਾ’ ਆਪਣੀ ਸੰਤਾਨ ਦੇ ਹੁੰਦਿਆਂ ਰੁਲਦੇ ਬੁਢਾਪੇ ਦੀ ਤਰਸਯੋਗ ਹਾਲਤ ਦਾ ਦੁਖਾਂਤ ਪੇਸ਼ ਕਰਦੀ ਹੈ। ‘ਜਦੋਂ ਬੁੱਤ ਹੀ ਫਟ ਗਿਆ’ ਕਹਾਣੀ ਵਿੱਚ ਸੰਸਦ ’ਚ ਵਾਪਰ ਰਹੇ ਘਟਨਾਕ੍ਰਮ ਦੌਰਾਨ ਜਦੋਂ ਆਗੂ ਇੱਕ ਦੂਜੇ ਉਪਰ ਬੂਟ, ਚੱਪਲਾਂ, ਮਾਈਕ ਅਤੇ ਕੁਰਸੀਆਂ ਦਾ ਮੀਂਹ ਵਰ੍ਹਾਉਂਦੇ ਹਨ ਤਾਂ ਇਹ ਮੰਜ਼ਰ ਦੇਖ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਜ਼ਖ਼ਮੀ ਹੋਈ ਅਨੁਭਵ ਕਰਦੀ ਹੈ ਅਤੇ ਬੁੱਤ ਫਟ ਜਾਂਦਾ ਹੈ। ਕਹਾਣੀ ‘ਤ੍ਰਿਵੇਣੀ ਕਤਲ’ ਡਿਗਦੀਆਂ ਕਦਰਾਂ ਕੀਮਤਾਂ, ਆਧੁਨਿਕਤਾ ਦੀ ਬੇਲੋੜੀ ਚਕਾਚੌਂਧ, ਪੱਛਮੀ ਸਭਿਅਤਾ ਦੇ ਹੋਛੇਪਣ, ਸ਼ਹਿਰੀ ਮਸ਼ੀਨੀ ਜ਼ਿੰਦਗੀ ਦੀ ਲਾਲਸਾ ਅਤੇ ਪ੍ਰਕ੍ਰਿਤਕ ਪੂੰਜੀ ਦੀ ਬਰਬਾਦੀ ਵਰਗੇ ਰੁਝਾਨ ਨੂੰ ਰੂਪਮਾਨ ਕਰਦੀ ਹੈ।
ਵਰਗਿਸ ਸਲਾਮਤ ਦੀਆਂ ਕਈ ਕਹਾਣੀਆਂ ਮਨੋਵਿਗਿਆਨਕਾਂ ਛੋਹਾਂ ਨਾਲ ਲਬਰੇਜ਼ ਹਨ ਅਤੇ ਸਮਾਜਿਕ ਚੇਤਨਾ ਫੈਲਾਉਣ ਵਿੱਚ ਸਾਰਥਿਕ ਭੂਮਿਕਾ ਅਦਾ ਕਰਦੀਆਂ ਹਨ। ਇਸ ਤਰਜ਼ ਦੀਆਂ ਕਹਾਣੀਆਂ ਵਿੱਚੋਂ ‘ਆਲ੍ਹਣਾ ਜਾਲ’, ‘ਮਾਂ ਸਦਕੇ’ ਅਤੇ ‘ਮੈਂ ਕਸ਼ਮੀਰਨ ਹਾਂ’ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਪਦਾਰਥਵਾਦੀ ਅਤੇ ਮਾਇਆਵਾਦੀ ਹਵਸ ਵਾਲੇ ਅਤੇ ਨਸ਼ਾਖ਼ੋਰੀ ਦਾ ਸ਼ਿਕਾਰ ਹੋਏ ਕਿਰਦਾਰ ਕਿਵੇਂ ਸਮਾਜ ਲਈ ਸੰਕਟ ਪੈਦਾ ਕਰਦਿਆਂ ਖ਼ੁਦ, ਆਪਣੇ ਪਰਿਵਾਰ ਅਤੇ ਸਮੁੱਚੇ ਸਮਾਜ ਲਈ ਸੰਕਟ ਖੜ੍ਹੇ ਕਰਦੇ ਹਨ, ਇਸ ਗੱਲ ਦਾ ਅਹਿਸਾਸ ਕਹਾਣੀਆਂ ਪੜ੍ਹ ਕੇ ਹੀ ਹੁੰਦਾ ਹੈ। ਵਰਗਿਸ ਦੀ ਕਹਾਣੀ ‘ਇੱਕ ਛਾਂ’ ਨਾਰੀ ਸ਼ੋਸ਼ਣ ਨਾਲ ਸਬੰਧਿਤ ਹੈ। ਇਸ ਕਹਾਣੀ ਦੇ ਕਥਾਨਕ ’ਚ ਸਮਾਜਿਕ ਕੁਰੀਤੀਆਂ ਭਰੇ ਸਮਾਜ ਖਿਲਾਫ਼ ਵਿਚਾਰਾਂ ਦੀ ਸੂਨਾਮੀ ਠਾਠਾਂ ਮਾਰਦੀ ਹੈ। ਇਸ ਦੇ ਸਮਾਨਾਂਤਰ ਘਰੇਲੂ ਕਲੇਸ਼ ਕਿਵੇਂ ਆਪਸੀ ਮੁਹੱਬਤ ਅਤੇ ਸਾਂਝ ਦੀਆਂ ਕੰਧਾਂ ਵਿੱਚ ਤ੍ਰੇੜਾਂ ਪਾ ਦਿੰਦਾ ਹੈ, ਕਹਾਣੀ ‘ਖ਼ੂਬਸੂਰਤ ਮੋੜ’ ਇਸੇ ਦਵੰਦਾਤਮਕ ਸਥਿਤੀ ਦਾ ਪ੍ਰਮਾਣ ਹੈ। ‘ਸਮਾਰਟ ਬਾਜ਼ਾਰ’ ਕਹਾਣੀ ਵਿੱਚ ਪਦਾਰਥਵਾਦ, ਲਾਲਸਾ ਅਤੇ ਮੰਡੀ ਦੇ ਗਲਬੇ ਕਾਰਨ ਸੱਚੀ ਸੁੱਚੀ ਕਿਰਤ ਦਮ ਤੋੜ ਦਿੰਦੀ ਹੈ। ਕੱਟੜਪੰਥੀਆਂ ਵੱਲੋਂ ਖਿੱਚੀਆਂ ਧਾਰਮਿਕ ਵਲਗਣਾਂ ਦੀਆਂ ਨਫ਼ਰਤੀ ਲਕੀਰਾਂ ਕਾਰਨ ਮਨੁੱਖ ਦੀ ਸੁਖ ਸ਼ਾਂਤੀ ਦਾ ਘਾਣ ਹੁੰਦਾ ਹੈ, ਵਿਤਕਰੇ ਪੈਦਾ ਹੁੰਦੇ ਹਨ। ‘ਘਰਬੰਦੀ’ ਅਤੇ ‘ਘਰ ਜਾਣਾ ਦੂਰ ਪਿਆ’ ਕਹਾਣੀਆਂ ਵੀ ਮਾਨਵੀ ਸਮਾਜ ਦੇ ਪਾਤਰਾਂ ਦੀ ਮਾਨਸਿਕ ਅਵਸਥਾ ਨੂੰ ਬਿਆਨਦੀਆਂ ਹਨ ਜੋ ਕਦੇ ਟੁੱਟਦੇ ਭੱਜਦੇ ਅਤੇ ਕਦੇ ਸਹਾਰੇ ਦੀ ਤਲਾਸ਼ ਕਰਦੇ ਹਨ।
ਇਸ ਸੰਗ੍ਰਹਿ ਦੇ ਆਖ਼ਰੀ ਪੰਨਿਆਂ ਉਪਰ ਕੁਝ ਮਿੰਨੀ ਕਹਾਣੀਆਂ ਵੀ ਅੰਕਿਤ ਹਨ ਜਨਿ੍ਹਾਂ ਵਿੱਚੋਂ ‘ਤੇ ਉਸ ਦਾ ਫ਼ੌਜੀ ਪੁੱਤ’ ਨਵੀਂ ਤੇ ਪੁਰਾਣੀ ਪੀੜ੍ਹੀ ਵਿਚਲੇ ਵਧਦੇ ਅੰਤਰ ਨੂੰ ਰੂਪਮਾਨ ਕਰਦੀ ਹੈ। ‘ਗੁਜ਼ਾਰਾ’, ‘ਕਮਾਈ’, ‘ਪ੍ਰਸ਼ਨ ਚਿੰਨ੍ਹ’, ‘ਪਾਗਲ ਕੌਣ’, ‘ਸੋਚ’, ‘ਭਰਤੀ ਨਿੱਜੀਕਰਨ’, ‘ਸਿੰਗਲ ਟੀਚਰ’, ‘ਸਾਖਰਤਾ’, ‘ਵਿਤਕਰਾ’, ‘ਮਾਨਵ’ ਅਤੇ ‘ਧਰਮ ਅਤੇ ਕਰਮ’ ਸ਼ਾਮਿਲ ਹਨ। ਇਹ ਮਿੰਨੀ ਕਹਾਣੀਆਂ ਮਨੁੱਖ ਦੀ ਕਥਨੀ ਤੇ ਕਰਨੀ, ਆਪਣੇ ਬਿਗਾਨੇ ਵਿਚਲੇ ਪਾੜੇ, ਅਨਪੜ੍ਹਤਾ, ਸੁਆਰਥ, ਤੰਗੀਆਂ-ਤੁਰਸ਼ੀਆਂ ਆਦਿ ਪੱਖਾਂ ਨੂੰ ਖ਼ੂਬਸੂਰਤੀ ਨਾਲ ਉਜਾਗਰ ਕਰਦੀਆਂ ਹਨ। ਇਹ ਕਹਾਣੀਆਂ ਮਾਨਵੀ ਜੀਵਨ ਦੇ ਕੌੜੇ ਸੱਚ ਨੂੰ ਬਿਆਨ ਕਰਦੀਆਂ ਅਤੇ ਸਿਆਸੀ ਪੈਂਤੜੇਬਾਜ਼ੀਆਂ ਦੀ ਪੋਲ ਖੋਲ੍ਹਦੀਆਂ ਹਨ।
ਸੰਪਰਕ: 98144-23703