ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਪੁਸਤਕ ਮੇਲਾ ਲਗਾਇਆ
ਸ੍ਰੀ ਗੋਇੰਦਵਾਲ ਸਾਹਿਬ:
ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਤਿੰਨ ਰੋਜ਼ਾ ‘ਸਾਹਿਤਕ ਪੁਸਤਕ ਮੇਲੇ’ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਅੰਗਰੇਜ਼ੀ ਤੇ ਪੰਜਾਬੀ ਸਾਹਿਤ, ਖੇਡਾਂ, ਸਿਹਤ, ਨੈਤਿਕ ਸਿੱਖਿਆ, ਆਮ ਜਾਣਕਾਰੀ, ਸਫ਼ਰਨਾਮੇ, ਕਹਾਣੀ, ਨਾਵਲ, ਕਵਿਤਾ ਆਦਿ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦਾ ਉਦਘਾਟਨ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸਾਹਿਲ ਪੱਬੀ ਤੇ ਪ੍ਰਿੰਸੀਪਲ ਰਾਧਿਕਾ ਅਰੋੜਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ ਹੈ। ਇਸ ਮੌਕੇ ਪੁਸਤਕਾਂ ਦੀ ਚੋਣ ਵਿੱਚ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਦੀ ਸੁਚੱਜੀ ਅਗਵਾਈ ਕੀਤੀ ਗਈ। ਇਸ ਮੌਕੇ ਚੇਅਰਮੈਨ ਛਿੰਦਰਪਾਲ ਸਿੰਘ ਤੇ ਪ੍ਰਧਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿੱਦਿਅਕ ਸੰਸਥਾਵਾਂ ਵਿੱਚ ਪੁਸਤਕ ਮੇਲਿਆਂ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ। ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹੋਣ ਦੇ ਨਾਲ-ਨਾਲ ਹਨੇਰੇ ਰਾਹਾਂ ਵਿੱਚ ਰੌਸ਼ਨੀ ਦਿਖਾਉਣ ਲਈ ਵੱਡਮੁੱਲੀ ਅਗਵਾਈ ਵੀ ਕਰਦੀਆਂ ਹਨ। -ਪੱਤਰ ਪ੍ਰੇਰਕ