ਬਨੂੜ ਖੇਤਰ ਵਿੱਚ ਹੁਕਮਰਾਨ ਧਿਰ ਨੂੰ ਝਟਕਾ
ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਕਤੂਬਰ
ਪਿੰਡ ਧਰਮਗੜ੍ਹ ਵਿਚ ਬੀਤੀ ਰਾਤ ਸਰਪੰਚੀ ਦੇ ਉਮੀਦਵਾਰ ਦੇ ਨਤੀਜੇ ਦਾ ਐਲਾਨ ਨਾ ਹੋਣ ਕਾਰਨ ਕਈ ਘੰਟੇ ਸਥਿਤੀ ਤਣਾਅ ਪੂਰਨ ਬਣੀ ਰਹੀ। ਕਾਂਗਰਸ ਪਾਰਟੀ ਦੇ ਸਮਰਥਨ ਨਾਲ ਚੋਣ ਲੜ ਰਹੇ ਹਰਬੰਸ ਸਿੰਘ ਦੇ ਸਮਰਥਕਾਂ ਨੇ ਪਿੰਡ ਨੂੰ ਲੰਘਦੇ ਬਨੂੜ-ਲਾਲੜੂ ਮਾਰਗ ’ਤੇ ਅੱਧੀ ਰਾਤ ਨੂੰ ਬਾਰਾਂ ਵਜੇ ਜਾਮ ਲਗਾ ਦਿੱਤਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਪੁਲੀਸ ਅਧਿਕਾਰੀਆਂ ’ਤੇ ਹੁਕਮਰਾਨ ਧਿਰ ਦਾ ਸਾਥ ਦੇਣ ਦੇ ਦੋਸ਼ ਲਾਏ। ਜਾਣਕਾਰੀ ਅਨੁਸਾਰ ਰਾਤੀਂ ਸਾਢੇ ਬਾਰਾਂ ਵਜੇ ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨਾਲ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਤੇ ਹੋਰ ਵੀ ਮੌਜੂਦ ਸਨ। ਘਿਰਾਓ ਕਰਨ ਤੋਂ ਬਾਅਦ ਰਾਜਪੁਰਾ ਤੋਂ ਐਸਡੀਐਮ ਮੌਕੇ ’ਤੇ ਪਹੁੰਚੇ। ਉਨ੍ਹਾਂ ਸਰਪੰਚੀ ਦੀਆਂ ਵੋਟਾਂ ਦੀ ਮੁੜ ਗਿਣਤੀ ਕਰਾਈ, ਜਿਸ ਵਿੱਚ ਕਾਂਗਰਸ ਪਾਰਟੀ ਦੇ ਸਮਰਥਕ ਉਮੀਦਵਾਰ ਹਰਬੰਸ ਸਿੰਘ 160 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ। ਉਨ੍ਹਾਂ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਨੂੰ ਹਰਾਇਆ। ਸ੍ਰੀ ਕੰਬੋਜ ਨੇ ਕਿਹਾ ਕਿ ਹੁਕਮਰਾਨ ਧਿਰ ਉਨ੍ਹਾਂ ਦੇ ਸਮਰਥਕਾਂ ਨਾਲ ਧੱਕਾ ਕਰ ਰਹੀ ਹੈ। ਪਿੰਡ ਜੰਗਪੁਰਾ ਵਿਖੇ ਵੀ ਉਨ੍ਹਾਂ ਦੇ ਸਮਰਥਕ ਸਰਪੰਚੀ ਦੇ ਉਮੀਦਵਾਰ ਨੂੰ ਚਾਰ ਵੋਟਾਂ ਨਾਲ ਜ਼ਬਰਦਸਤੀ ਹਰਾ ਦਿੱਤਾ। ਉਨ੍ਹਾਂ ਦੇ ਸਮਰਥਕ ਦੀਆਂ 26 ਤੋਂ ਵਧੇਰੇ ਵੋਟਾਂ ਕੈਂਸਲ ਕਰ ਦਿੱਤੀਆਂ ਗਈਆਂ।