ਪਠਾਨਕੋਟ ਵਿੱਚ ਕਾਂਗਰਸ ਪਾਰਟੀ ਨੂੰ ਝਟਕਾ
ਪੱਤਰ ਪ੍ਰੇਰਕ
ਪਠਾਨਕੋਟ, 9 ਅਗਸਤ
ਪਠਾਨਕੋਟ ਜ਼ਿਲ੍ਹਾ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦ ਸ਼ਹਿਰ ਦੇ ਪ੍ਰਮੁੱਖ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪੈਸਕੋ ਦੇ ਚੇਅਰਮੈਨ ਕੈਪਟਨ ਸੁਨੀਲ ਗੁਪਤਾ, ਹਲਕਾ ਇੰਚਾਰਜ ਵਿਭੂਤੀ ਸ਼ਰਮਾ, ਸਾਹਿਬ ਸਿੰਘ ਸਾਬਾ, ਸ਼ਾਮਲ ਹੋਣ ਵਾਲਿਆਂ ਵਿੱਚ ਪਠਾਨਕੋਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਯੂਥ ਕਾਂਗਰਸ ਆਗੂ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ, ਹਿੰਦੂ ਕੋਆਪਰੇਟਿਵ ਬੈਂਕ ਪਠਾਨਕੋਟ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਅੱਖਾਂ ਦੇ ਉਘੇ ਮਾਹਿਰ ਡਾ. ਕੇਡੀ ਸਿੰਘ ਅਤੇ ਹੋਰ ਆਗੂ ਸ਼ਾਮਲ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਸ਼ਮੂਲੀਅਤਾਂ ਕਰਵਾਈਆਂ ਜਾ ਰਹੀਆਂ ਹਨ। ਆਇਆ ਰਾਮ, ਗਇਆ ਰਾਮ ਦੀ ਰਾਜਨੀਤੀ ਤਹਿਤ ਹੋਈਆਂ ਇੰਨ੍ਹਾਂ ਸਫਾਬੰਦੀਆਂ ਦੀ ਅੱਜ ਸਾਰਾ ਦਿਨ ਪਠਾਨਕੋਟ ਸ਼ਹਿਰ ਅੰਦਰ ਖੂਬ ਚਰਚਾ ਰਹੀ ਤੇ ਜਗ੍ਹਾ-ਜਗ੍ਹਾ ਲੋਕ ਇਸ ਦੀ ਚਰਚਾ ਕਰਦੇ ਰਹੇ ਕਿ ਚੋਣਾਂ ਵਿੱਚ ਕੌਣ ਉਮੀਦਵਾਰ ਬਣੇਗਾ। ਜਦ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਇਹ ਸ਼ਮੂਲੀਅਤ ਆਮ ਗੱਲ ਹੈ, ਇਸ ਦਾ ਉਮੀਦਵਾਰੀ ਨਾਲ ਕੋਈ ਵਾਸਤਾ ਨਹੀਂ ਕਿਉਂਕਿ ਚੋਣਾਂ ਅਜੇ ਦੂਰ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।