ਹਲਕਾ ਖੰਨਾ ਵਿੱਚ ‘ਆਪ’ ਤੇ ਅਕਾਲੀ ਦਲ ਨੂੰ ਝਟਕਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 6 ਜੂਨ
ਇਸ ਵਾਰ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖੰਨਾ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ‘ਆਪ’ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਦ ਨੇ 62425 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਸਪ੍ਰੀਤ ਕੌਰ ਯਾਦੂ ਨੂੰ 35620 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਜਦੋਂ ਕਿ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ ਪਰ ਕੱਲ੍ਹ ਆਏ ਨਤੀਜਿਆਂ ਨੇ ਇਸ ਹਲਕੇ ਦੇ ਸਮੀਕਰਨ ਹੀ ਬਦਲ ਦਿੱਤੇ ਹਨ। ਇਸ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ ਭਾਵੇਂ ਕਾਂਗਰਸ ਦੇ ਡਾ. ਅਮਰ ਸਿੰਘ ਤੋਂ 5124 ਵੋਟਾਂ ਨਾਲ ਅੱਗੇ ਰਹੇ ਪਰ ਇਸ ਹਲਕੇ ਤੋਂ ‘ਆਪ’ ਨੂੰ ਮਹਿਜ਼ 35705 ਵੋਟਾਂ ਹੀ ਮਿਲੀਆਂ ਜੋ 2022 ਦੇ ਮੁਕਾਬਲੇ 26720 ਵੋਟਾਂ ਘੱਟ ਹਨ, ਜਿਸ ਕਾਰਨ ‘ਆਪ’ ਨੂੰ ਇਥੋਂ ਵੱਡਾ ਝਟਕਾ ਲੱਗਾ ਹੈ। ਇਸੇ ਤਰ੍ਹਾਂ 2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਇਸ ਵਿਧਾਨ ਸਭਾ ਹਲਕੇ ਤੋਂ 26805 ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਇਸ ਵਾਰ ਇਸੇ ਹਲਕੇ ਤੋਂ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ ਦੀ ਹਾਲਤ ਹੋਰ ਵੀ ਪਤਲੀ ਹੋ ਗਈ ਕਿਉਂਕਿ ਉਨ੍ਹਾਂ ਨੂੰ ਇਸ ਹਲਕੇ ਤੋਂ ਸਿਰਫ਼ 12335 ਵੋਟਾਂ ਹੀ ਮਿਲੀਆਂ ਜੋ 2022 ਦੇ ਮੁਕਾਬਲੇ 14470 ਵੋਟਾਂ ਘੱਟ ਹਨ। ਜਿਸ ਕਾਰਨ ਇਸ ਹਲਕੇ ਦੀ ਅਕਾਲੀ ਲੀਡਰਸ਼ਿਪ ਨੂੰ ਬਹੁਤ ਨਮੋਸ਼ੀ ਝੱਲਣੀ ਪਈ ਹੈ। ਦੂਜੇ ਪਾਸੇ ਇਸ ਵਿਧਾਨ ਸਭਾ ਹਲਕੇ ਤੋਂ 2022 ਵਿਚ ਭਾਜਪਾ ਦੀ ਟਿਕਟ ’ਤੇ ਗੁਰਪ੍ਰੀਤ ਸਿੰਘ ਭੱਟੀ ਨੇ ਚੋਣ ਲੜੀ ਤੇ ਕਰੀਬ 12500 ਵੋਟਾਂ ਹੀ ਲੈ ਸਕੇ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ ਪਰ ਇਸ ਵਾਰ ਭਾਜਪਾ ਦਾ ਗ੍ਰਾਫ ਇਥੋਂ ਵਧਿਆ ਹੈ ਤੇ ਭਾਜਪਾ ਉਮੀਦਵਾਰ 19688 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ। ਉਂਜ ਲੋਕ ਸਭਾ ਹਲਕੇ ਤੋਂ ਉਨ੍ਹਾਂ ਦੀ ਵੀ ਜ਼ਮਾਨਤ ਜ਼ਬਤ ਹੋਈ ਹੈ।
ਵਿਕਾਸ ਕਾਰਜਾਂ ਦੇ ਨਵੇਂ ਪ੍ਰਾਜੈਕਟ ਲਿਆਵਾਂਗਾ: ਅਮਰ ਸਿੰਘ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਵੱਲੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ ਡਾ. ਅਮਰ ਸਿੰਘ ਨੇ ਜਿੱਤ ਉਪਰੰਤ ਖੰਨਾ ’ਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੇ ਵੋਟਰਾਂ ਅਤੇ ਹਮਾਇਤੀਆਂ ਦੇ ਸਦਾ ਰਿਣੀ ਰਹਿਣਗੇ, ਜਿਨ੍ਹਾਂ ਇਕ ਵਾਰ ਮੁੜ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਇਲਾਕੇ ਦੀ ਸੇਵਾ ਕਰਦੇ ਰਹਿਣਗੇ ਅਤੇ ਵਿਕਾਸ ਕਾਰਜਾਂ ਦੇ ਨਵੇਂ ਪ੍ਰਾਜੈਕਟ ਲੈ ਕੇ ਆਉਣਗੇ। ਉਨ੍ਹਾਂ ਆਪਣੀ ਜਿੱਤ ’ਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਲੋਕਾਂ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਤੇ ਕਾਂਗਰਸ ਨੂੰ ਮੁੜ ਉਭਾਰ ਦਿੱਤਾ ਹੈ। ਲੋਕਾਂ ਨੇ ਕਾਂਗਰਸ ਵੱਲੋਂ ਪੰਜਾਬ ਲਈ ਕੀਤੇ ਕਾਰਜਾਂ ’ਤੇ ਮੋਹਰ ਲਗਾਈ ਹੈ।