ਜਿਮ ਦੇ ਬਾਹਰ ਖੂਨ ਨਾਲ ਲਥਪਥ ਲਾਸ਼ ਮਿਲੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਕਤੂਬਰ
ਸ਼ਿੰਗਾਰ ਸਿਨੇਮਾ ਰੋਡ ਸਥਿਤ ਪੈਟਰੋਲ ਪੰਪ ਦੇ ਨਾਲ ਲੱਗਦੇ ਜਿਮ ਦੇ ਬਾਹਰ ਸ਼ਨਿੱਚਰਵਾਰ ਸਵੇਰੇ ਸ਼ੱਕੀ ਹਾਲਾਤ ’ਚ ਇੱਕ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (35) ਵਾਸੀ ਅੰਬੇਡਕਰ ਨਗਰ, ਉੱਤਰ ਪ੍ਰਦੇਸ਼ ਦੇ ਪਿੰਡ ਹਰੀਪੁਰ ਵਜੋਂ ਹੋਈ ਹੈ। ਜਿਮ ਦੇ ਮਾਲਕ ਨੇ ਜਦੋਂ ਲਾਸ਼ ਵੇਖੀ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਪਹਿਲਾਂ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਕਿਸੇ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਪਰ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭੀ, ਜਿਸ ਵਿੱਚ ਪਤਾ ਲੱਗਿਆ ਕਿ ਉਕਤ ਨੌਜਵਾਨ ਥੜੀ ’ਤੇ ਬੈਠਾ ਹੋਇਆ ਪਿੱਛੇ ਨੂੰ ਡਿੱਗ ਪਿਆ ਸੀ ਜਿਸ ਕਰਕੇ ਉਸ ਦੇ ਸੱਟ ਲੱਗੀ ਤੇ ਮੌਤ ਹੋ ਗਈ।
ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਜਿਮ ਦਾ ਮਾਲਕ ਜਿਮ ਖੋਲ੍ਹਣ ਆਇਆ। ਲਾਸ਼ ਨੂੰ ਵੇਖ ਕੇ ਉਸ ਨੇ ਰੌਲਾ ਪਾਇਆ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ। ਘਟਨਾ ਦੀ ਸੂਚਨਾ ਮਿਲਣ ’ਤੇ ਏਸੀਪੀ ਕੇਂਦਰੀ ਅਨਿਲ ਭਨੌਟ, ਥਾਣਾ ਡਿਵੀਜ਼ਨ 3 ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਤੇ ਚੌਕੀ ਧਰਮਪੁਰਾ ਦੇ ਇੰਚਾਰਜ ਲਖਬੀਰ ਸਿੰਘ ਮੌਕੇ ’ਤੇ ਪੁੱਜੇ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਆਲੇ-ਦੁਆਲੇ ਦੇ ਲੋਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਮ ਨੇੜੇ ਅਕਸਰ ਕੁਝ ਲੋਕ ਸੁੱਤੇ ਮਿਲਦੇ ਹਨ ਤੇ ਉਕਤ ਵਿਅਕਤੀ ਸ਼ਰਾਬ ਪੀ ਕੇ ਅਕਸਰ ਇਥੇ ਸੁੱਤਾ ਹੁੰਦਾ ਸੀ। ਸ਼ੁੱਕਰਵਾਰ ਰਾਤ ਨੂੰ ਵੀ ਉਹ ਇੱਥੇ ਸੁੱਤਾ ਸੀ ਅਤੇ ਡਿੱਗ ਕੇ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੌਜਵਾਨ ਦੀ ਲਾਸ਼ ਮਿਲਣ ’ਤੇ ਦੋਸਤ ਖ਼ਿਲਾਫ਼ ਕੇਸ ਦਰਜ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਰਾਏਕੋਟ ਦੇ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ (26) ਦੀ ਬੀਤੀ ਸ਼ਾਮ ਲਾਸ਼ ਮਿਲਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਲਾਸ਼ ਲੈ ਕੇ ਸਾਰਾ ਦਿਨ ਧਰਮਸ਼ਾਲਾ ’ਚ ਧਰਨਾ ਦਿੱਤਾ। ਪਰਿਵਾਰ ਦੀ ਮੰਗ ਸੀ ਕਿ ਅੰਮ੍ਰਿਤਪਾਲ ਉਰਫ ਮੋਨੂੰ ਨੂੰ ਜੋ ਦੋਸਤ ਘਰੋਂ ਬੁਲਾ ਕੇ ਲੈ ਗਿਆ ਸੀ ਉਸ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਅੰਮ੍ਰਿਤਪਾਲ ਆਖਰੀ ਵਾਰ ਆਪਣੇ ਦੋਸਤ ਨਾਲ ਘਰੋਂ ਗਿਆ ਸੀ ਤੇ ਬਾਅਦ ਵਿੱਚ ਸ਼ਾਮ ਨੂੰ ਉਸ ਦੀ ਲਾਸ਼ ਮਿਲੀ ਸੀ। ਪਰਿਵਾਰ ਦੀ ਮੰਗ ਸੀ ਕਿ ਕੇਸ ਦਰਜ ਹੋਣ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਥਾਣਾ ਸਿਟੀ ਰਾਏਕੋਟ ’ਚ ਕੇਸ ਦਰਜ ਹੋਣ ਮਗਰੋਂ ਅੰਤਿਮ ਸੰਸਕਾਰ ਕੀਤਾ ਗਿਆ। ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸਰਵਜੀਤ ਸਿੰਘ ਵਾਸੀ ਰਾਏਕੋਟ ਦੇ ਬਿਆਨਾਂ ’ਤੇ ਜਗਦੀਪ ਸਿੰਘ ਵਾਸੀ ਕਾਲਸਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।