ਪਟੇਲ ਕਾਲਜ ਵਿੱਚ ਖ਼ੂਨਦਾਨ ਕੈਂਪ ਲਾਇਆ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 29 ਅਗਸਤ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਕਾਲਜ ਪ੍ਰਬੰਧਕੀ ਮੈਂਬਰ ਵਿਜੇ ਗੁਪਤਾ ਦੀ ਪ੍ਰਧਾਨਗੀ ਹੇਠ ਐੱਨਐੱਸਐੱਸ, ਰੈੱਡ ਕਰਾਸ, ਖੇਡ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਰੌਟਰੈਕਟ ਕਲੱਬ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।
ਇਸ ਮੌਕੇ ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਆਈ ਡਾਕਟਰਾਂ ਦੀ ਟੀਮ ਨੇ 70 ਯੂਨਿਟ ਤੰਦਰੁਸਤ ਖ਼ੂਨ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਅਜੇ ਮਿੱਤਲ, ਕਾਲਜ ਦੀ ਪ੍ਰਬੰਧਕ ਕਮੇਟੀ, ਕਾਲਜ ਪ੍ਰਿੰਸੀਪਲ ਅਤੇ ਡਾਇਰੈਕਟਰ ਪੀ.ਆਈ.ਐੱਮ.ਟੀ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਅਜੇ ਮਿੱਤਲ ਨੇ ਕਿਹਾ ਕਿ ਵੱਖ-ਵੱਖ ਬਿਮਾਰੀਆਂ ਵਾਲੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਪਟੇਲ ਕਾਲਜ ਦੇ ਵਿਦਿਆਰਥੀਆਂ ਅਤੇ ਰਾਜਪੁਰਾ ਨਿਵਾਸੀਆਂ ਵੱਲੋਂ ਖ਼ੂਨਦਾਨ ਕਰਨ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਉੱਦਮ ਹੈ।ਇਸ ਮੌਕੇ ਰਮਨ ਜੈਨ, ਰਾਜੇਸ਼ ਅਨੰਦ, ਡਾ. ਸਰਬਜੀਤ ਸਿੰਘ, ਕਮਲ ਟੰਡਨ ਵੱਲੋਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਰੌਟਰੈਕਟ ਕਲੱਬ ਵੱਲੋਂ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।