ਧੁੰਦ ਦੀ ਚਾਦਰ
ਦਿੱਲੀ ਵਾਸੀ ਬੀਤੇ ਹਫ਼ਤੇ ਤੋਂ ‘ਬਹੁਤ ਮਾੜੀ’ ਤੋਂ ‘ਗੰਭੀਰ’ (ਕਾਫ਼ੀ ਖ਼ਰਾਬ) ਦੱਸੀ ਜਾਂਦੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਹਨ। ਕੌਮੀ ਰਾਜਧਾਨੀ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬਿਊਰੋ (Central Pollution Board-ਸੀਪੀਸੀਬੀ) ਨੇ ਵੀਰਵਾਰ ਸ਼ਾਮ ਨੂੰ ਹਵਾ ਦੇ ਮਿਆਰ/ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 402 ਦਰਜ ਕੀਤਾ। ਇਸ ਦੇ ਮੱਦੇਨਜ਼ਰ ਬਿਊਰੋ ਨੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿਚ ‘ਪੜਾਅਵਾਰ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀ ਯੋਜਨਾ’ (ਗਰੇਡਿਡ ਰਿਸਪੌਂਸ ਐਕਸ਼ਨ ਪਲੈਨ-ਗਰੈਪ) ਦਾ ਤੀਜਾ ਪੜਾਅ ਲਾਗੂ ਕਰ ਦਿੱਤਾ ਹੈ ਜਿਸ ਵਿਚ ਉਸਾਰੀ ਸਰਗਰਮੀਆਂ ਅਤੇ ਵਾਹਨਾਂ ਦੀ ਆਵਾਜਾਈ ਉੱਤੇ ਪਾਬੰਦੀ ਦੇ ਨਾਲ ਨਾਲ ਪ੍ਰਾਇਮਰੀ ਸਕੂਲਾਂ ਦੀ ਪੜ੍ਹਾਈ ਆਫ਼ਲਾਈਨ ਦੀ ਥਾਂ ਆਨਲਾਈਨ, ਭਾਵ ਘਰੋਂ ਕਰਵਾਇਆ ਜਾਣਾ ਸ਼ਾਮਲ ਹੈ। ਬੜੇ ਦੁੱਖ ਦੀ ਗੱਲ ਹੈ ਕਿ ਉਸਾਰੀ ਕਾਰਜਾਂ ਕਾਰਨ ਪੈਦਾ ਹੁੰਦੀ ਧੂੜ, ਵਾਹਨਾਂ ਦੇ ਧੂੰਏਂ ਤੇ ਹੋਰ ਕਾਰਨਾਂ ਤੋਂ ਪੈਦਾ ਹੁੰਦੇ ਜ਼ਹਿਰੀਲੇ ਧੂੰਏਂ ਅਤੇ ਤੇਜ਼ ਹਵਾਵਾਂ ਨਾ ਚੱਲਣ ਦੇ ਸਿੱਟੇ ਵਜੋਂ ਧੁੰਦ ਭਰੇ ਮੌਸਮੀ ਹਾਲਾਤ ਸਾਲਾਨਾ ਵਰਤਾਰਾ ਬਣ ਗਏ ਹਨ। ਇਸ ਮਾਮਲੇ ਵਿਚ ਰੋਕਥਾਮ ਅਤੇ ਸਜ਼ਾਵਾਂ ਦੇਣ ਵਾਲੇ ਉਪਾਅ ਵੀ ਕਾਰਗਰ ਸਾਬਤ ਨਹੀਂ ਹੋ ਰਹੇ।
ਬੁੱਧਵਾਰ ਨੂੰ ਸ਼ਹਿਰ ਵਿਚ ਜੰਗਲਾਂ ਹੇਠ ਰਕਬਾ ਵਧਾਏ ਜਾਣ ਸਬੰਧੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਇਹ ਗੱਲ ਧਿਆਨ ਵਿਚ ਆਉਣ ਉੱਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਦਿੱਲੀ ਵਿਚ ਤਿੰਨਾਂ ’ਚੋਂ ਇਕ ਬੱਚਾ ਹਵਾ ਪ੍ਰਦੂਸ਼ਣ ਕਾਰਨ ਦਮੇ ਦੀ ਬਿਮਾਰੀ ਜਾਂ ਫੇਫੜਿਆਂ ਵਿਚ ਹਵਾ ਦੇ ਵਹਾਅ ਦੀ ਰੁਕਾਵਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਹਾਈਕੋਰਟ ਨੇ ਏਕਿਊਆਈ ਵਿਚ ਸੁਧਾਰ ਦੀ ਜ਼ਿੰਮੇਵਾਰੀ ਅਧਿਕਾਰੀਆਂ ਸਿਰ ਪਾਉਂਦਿਆਂ ਖ਼ਬਰਦਾਰ ਕੀਤਾ ਕਿ ਜੇ ਦਿੱਲੀ ਵਿਚ ਜੰਗਲਾਤ ਦੀ 300 ਏਕੜ ਜ਼ਮੀਨ ਉੱਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਨੂੰ (ਵਾਤਾਵਰਨ ਬਹਾਲੀ ਰਾਹੀਂ) ਨਜਿੱਠਿਆ ਨਾ ਗਿਆ ਤਾਂ ਅਦਾਲਤ ਵੱਲੋਂ ਸਬੰਧਤ ਅਫ਼ਸਰਾਂ ਖਿਲਾਫ਼ ਅਦਾਲਤੀ ਮਾਣਹਾਨੀ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ; ਜੰਗਲਾਤ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਿਆਂ ਨੇ ਦਿੱਲੀ ਵਾਸੀਆਂ ਨੂੰ ਸਾਫ਼ ਤੇ ਤਾਜ਼ਾ ਹਵਾ ਤੋਂ ਮਹਿਰੂਮ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰਾਂ, ਵਿਚਾਰ-ਵਟਾਂਦਰੇ ਦੇ ਮੰਚ ਤੇ ਲੋਕ ਇਸ ਬਾਰੇ ਚਰਚਾ ਉਦੋਂ ਕਰਦੇ ਹਨ ਜਦੋਂ ਹਵਾ ਦੀ ਬਣਤਰ ‘ਬਹੁਤ ਮਾੜੀ’ ਹੋ ਜਾਣ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਸਥਤਿੀ ਵਿਚ ਕੁਝ ਸੁਧਾਰ ਆਉਣ ਨਾਲ ਇਸ ਨੂੰ ਭੁਲਾ ਦਿੱਤਾ ਜਾਂਦਾ ਹੈ। ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਗੰਭੀਰ ਯਤਨ ਕਰਨ ਦੀ ਜ਼ਰੂਰਤ ਹੈ। ਗ਼ੌਰਤਲਬ ਹੈ ਕਿ ਉੱਤਰੀ ਭਾਰਤ ਦੇ ਹੋਰ ਅਨੇਕਾਂ ਸ਼ਹਿਰਾਂ ਦੇ ਵਸਨੀਕ ਵੀ ਬਦ ਤੋਂ ਬਦਤਰ ਹਵਾ ਵਿਚ ਸਾਹ ਲੈ ਰਹੇ ਹਨ। ਸੀਪੀਸੀਬੀ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਸੱਤ ਸ਼ਹਿਰਾਂ ਦੀ ਹਵਾ ਦੇ ਮਿਆਰ ਸੂਚਕ ਅੰਕ ਦਿੱਲੀ (ਏਕਿਊਆਈ 364) ਤੋਂ ਕਤਿੇ ਮਾੜਾ ਸੀ। ਰਾਜਸਥਾਨ ਦਾ ਹਨੂੰਮਾਨਗੜ੍ਹ ਕਸਬਾ 414 ਸੂਚਕ ਅੰਕ (ਏਕਿਊਆਈ) ਨਾਲ ਸਭ ਤੋਂ ਵੱਧ ਪ੍ਰਦੂਸ਼ਤਿ ਸ਼ਹਿਰ ਪਾਇਆ ਗਿਆ ਜਿਸ ਤੋਂ ਬਾਅਦ ਹਰਿਆਣਾ ਦੇ ਫਤਿਆਬਾਦ (410) ਅਤੇ ਹਿਸਾਰ (403) ਆਉਂਦੇ ਹਨ। ਦੇਖਣ ਵਿਚ ਆਇਆ ਕਿ ਦਿੱਲੀ, ਪੰਜਾਬ, ਹਰਿਆਣਾ ਅਤੇ ਅੱਧੇ ਪੱਛਮੀ ਰਾਜਸਥਾਨ ਦੀ ਹਵਾ ਦੇ ਮਿਆਰ/ਗੁਣਵੱਤਾ ਵਾਲਾ ਸੂਚਕ ਅੰਕ (ਏਕਿਊਆਈ) ‘ਮਾੜਾ’, ‘ਬਹੁਤ ਮਾੜਾ’ ਜਾਂ ‘ਗੰਭੀਰ’ ਦੇ ਵਰਗ ਵਿਚ ਸੀ। ਉੱਤਰੀ ਭਾਰਤ ਬੀਤੇ ਕੁਝ ਦਹਾਕਿਆਂ ਤੋਂ ਦਮਾ, ਖਾਂਸੀ, ਅੱਖਾਂ ਵਿਚੋਂ ਪਾਣੀ ਵਗਣ ਅਤੇ ਸਾਹ ਲੈਣ ਨਾਲ ਸਬੰਧਤਿ ਸਮੱਸਿਆਵਾਂ ਰਾਹੀਂ ਹਵਾ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ। ਆਖ਼ਰ ਅਜਿਹਾ ਕਦੋਂ ਤੱਕ ਜਾਰੀ ਰਹੇਗਾ?