ਕਿਸਾਨ ਮੋਰਚੇ ਦੇ ਦੂਜੇ ਦਿਨ ਵੀ ਹੋਇਆ ਵੱਡਾ ਇਕੱਠ
ਗੁਰਿੰਦਰ ਸਿੰਘ
ਲੁਧਿਆਣਾ, 7 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਦਿੱਤੇ ਜਾ ਰਹੇ ਪੰਜ ਰੋਜ਼ਾ ਧਰਨੇ ਦੌਰਾਨ ਅੱਜ ਜ਼ਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ’ਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਹਿੱਸਾ ਲਿਆ।
ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਕੇ ਤੇ ਉਨ੍ਹਾਂ ਦੀਆਂ ਸ਼ਰਤਾ ਮੰਨ ਕੇ ਕਿਸਾਨ ਮਾਰੂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਅਤੇ ਖੁੱਲ੍ਹੀ ਮੰਡੀ ਖੁੱਲ੍ਹਾ ਵਪਾਰ ਤੇ ਘੱਟੋ-ਘੱਟ ਸਮਰੱਥਨ ਮੁੱਲ ਬੰਨ੍ਹਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ ਅਤੇ ਇਸ ਕਰਕੇ ਹੀ ਸਰਕਾਰਾਂ ਵਾਅਦੇ ਕਰਕੇ ਲਾਗੂ ਨਹੀਂ ਕਰਦੀਆਂ ਜਿਸ ਕਾਰਨ ਸਾਨੂੰ ਧਰਨਿਆਂ ’ਤੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਕਈ ਮੰਗ ਪੱਤਰ ਵੀ ਦਿੱਤੇ ਗਏ ਹਨ ਪਰ ਹਰ ਵਾਰ ਟਾਲਮਟੋਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ’ਤੇ ਚਲ ਰਹੀਆਂ ਹਨ ਇਸ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸਾਨੂੰ ਏਕਾ ਤੇ ਸੰਘਰਸ਼ ਹੋਰ ਤਕੜਾ ਕਰਕੇ ਲੰਮੇ ਦਮ ਤੱਕ ਲੜਨ ਦੀ ਲੋੜ ਹੈ। ਇਸ ਮੌਕੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਹਾਕਮ ਸਿੰਘ ਜਰਗੜੀ, ਬਲਵੰਤ ਸਿੰਘ ਘੁਡਾਣੀ, ਦਵਿੰਦਰ ਸਿੰਘ ਸਿਰਥਲਾ, ਗੁਰਪ੍ਰੀਤ ਸਿੰਘ ਨੂਰਪਰਾ, ਦਰਸ਼ਨ ਸਿੰਘ ਫੱਲੇਵਾਲ, ਕਮਿੱਕਰ ਸਿੰਘ ਰਾਏਕੋਟ, ਬਿਕਰਜੀਤ ਸਿੰਘ ਕਾਲਖ, ਕਸਤੂਰੀ ਲਾਲ ਅਤੇ ਜਸਵੰਤ ਸਿੰਘ ਭੱਟੀਆਂ ਢਾਹਾ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਯੁਵਰਾਜ ਸਿੰਘ ਘੁਡਾਣੀ ਨੇ ਸੰਘਰਸ਼ ਦੇ ਵੱਖ ਵੱਖ ਪਹਿਲੂਆਂ ’ਤੇ ਚਾਨਣਾ ਪਾਇਆ।