For the best experience, open
https://m.punjabitribuneonline.com
on your mobile browser.
Advertisement

ਆਰਥਿਕ ਸੰਕਟ ’ਚੋਂ ਲੰਘ ਰਹੇ ਨਿਗਮ ਨੂੰ ਵੱਡਾ ਝਟਕਾ

06:57 AM Oct 25, 2024 IST
ਆਰਥਿਕ ਸੰਕਟ ’ਚੋਂ ਲੰਘ ਰਹੇ ਨਿਗਮ ਨੂੰ ਵੱਡਾ ਝਟਕਾ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 24 ਅਕਤੂਬਰ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਰਥਿਕ ਸੰਕਟ ’ਚੋਂ ਲੰਘ ਰਹੀ ਚੰਡੀਗੜ੍ਹ ਨਗਰ ਨਿਗਮ ਨੂੰ ਵੱਡਾ ਝਟਕਾ ਦਿੰਦੇ ਹੋਏ ਮੌਜੂਦਾ ਸਮੇਂ ਵਿੱਚ ਕੋਈ ਵੀ ਵਿਸ਼ੇਸ਼ ਗਰਾਂਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਨਿਗਮ ਨੂੰ ਆਪਣੇ ਵਾਧੂ ਖਰਚੇ ਘਟਾਉਣ ਤੇ ਆਮਦਨ ਦੇ ਸਰੋਤ ਵਧਾਉਣ ਦੀ ਨਸੀਹਤ ਦਿੱਤੀ ਹੈ।
ਨਗਰ ਨਿਗਮ ਦੀ ਆਰਥਿਕ ਹਾਲਾਤ ਬਾਰੇ ਚਿੰਤਾ ’ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਨਗਰ ਨਿਗਮ ਅਤੇ ਹੋਰ ਵਿਭਾਗਾਂ ਦੀ ਸਮੀਖਿਆ ਮੀਟਿੰਗ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਨੂੰ ਆਪਣੇ ਸਾਲਾਨਾ ਖਰਚਿਆਂ ਵਿੱਚ ਕਟੌਤੀ ਕਰਨ ਸਣੇ ਆਪਣੇ ਸਰੋਤਾਂ ਤੋਂ ਮਾਲੀਆ ਵਧਾਉਣ ਅਤੇ ਵਿੱਤੀ ਸਿਹਤ ਨੂੰ ਬਿਹਤਰ ਬਣਾਉਣ ਲਈ ਠੋਸ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਕ ਨੇ ਰਜਿਸਟਰੇਸ਼ਨ ਅਤੇ ਲਾਇਸੈਂਸ ਅਥਾਰਿਟੀ (ਆਰਐੱਲਏ) ਨੂੰ ਨਿਗਮ ਨੂੰ ਸੌਂਪਣ ਸਬੰਧੀ ਮੇਅਰ ਕੁਲਦੀਪ ਕੁਮਾਰ ਧਲੋੜ ਦੇ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ ਹੈ।
ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਮੁੜ ਸ਼ੁਰੂ ਕਰਨ ਲਈ ਤੁਰੰਤ 200 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕਰਨ ਦੀ ਬੇਨਤੀ ਕਰ ਰਹੇ ਹਨ। ਅੱਜ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਵੀ ਕਿਸੇ ਗਰਾਂਟ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਕੋਲ ਸਿਰਫ਼ ਲੋਕ ਸੇਵਾ ਵਾਲੇ ਵਿਭਾਗ ਹਨ ਅਤੇ ਮਾਲੀਆ ਪੈਦਾ ਕਰਨ ਵਾਲਾ ਕੋਈ ਵਿਭਾਗ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਯੂਟੀ ਪ੍ਰਸ਼ਾਸਨ ਨੂੰ ਆਰਐੱਲਏ ਨੂੰ ਨਗਰ ਨਿਗਮ ਕੋਲ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ ਪਰ ਪ੍ਰਸ਼ਾਸਕ ਨੇ ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਉੱਧਰ, ਮੀਟਿੰਗ ਦੌਰਾਨ ਪ੍ਰਸ਼ਾਸਕ ਨੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਅਮਿਤ ਕੁਮਾਰ ਅਤੇ ਹੋਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਗਰ ਨਿਗਮ ਦੇ ਆਪਣੇ ਮਾਲੀਏ ਨੂੰ ਵਧਾਉਣ ਲਈ ਵਿਸਤਾਰ ’ਚ ਇਕ ਯੋਜਨਾ ਤਿਆਰ ਕਰਨ ਅਤੇ ਦੁਬਾਰਾ ਮਿਲਣ।
ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਅਨੁਸਾਰ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਗਮ ਦੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਕਿਹਾ ਹੈ, ਜਿਸ ਵਿੱਚ ਠੇਕੇ ਵਾਲੇ ਕਰਮਚਾਰੀਆਂ ਨੂੰ ਜਾਰੀ ਕੀਤੀਆਂ ਤਨਖਾਹਾਂ ਦੀ ਵੱਡੀ ਰਕਮ ਸ਼ਾਮਲ ਹੈ।

Advertisement

ਨਿਗਮ ਨੇ 30 ਸਤੰਬਰ ਤੱਕ 493 ਕਰੋੜ ਰੁਪਏ ਖਰਚੇ

ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਨਗਰ ਨਿਗਮ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ 30 ਸਤੰਬਰ ਤੱਕ ਕੁੱਲ 493 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਨ੍ਹਾਂ ਵਿਚੋਂ 145 ਕਰੋੜ ਰੁਪਏ ਰੈਗੂਲਰ ਸਟਾਫ ਦੀਆਂ ਤਨਖਾਹਾਂ ’ਤੇ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ 147 ਕਰੋੜ ਰੁਪਏ ਠੇਕੇ ’ਤੇ ਰੱਖੇ ਕਰਮਚਾਰੀਆਂ ਦੀਆਂ ਤਨਖਾਹਾਂ ’ਤੇ ਖਰਚੇ ਹੋਏ ਹਨ। ਹੁਣ ਨਗਰ ਨਿਗਮ ਕੋਲ ਸਿਰਫ 13 ਕਰੋੜ ਰੁਪਏ ਮਾਲੀਆ ਬਚਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਦੇ ਲਾਲੇ ਵੀ ਪੈ ਸਕਦੇ ਹਨ। ਇਸ ਗੱਲ ਨੂੰ ਸੋਚ ਕੇ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀਅ ਅਤੇ ਮੇਅਰ ਕਾਫੀ ਚਿੰਤਾ ਵਿੱਚ ਹਨ ਅਤੇ ਨਿਗਮ ਲਈ ਵਾਧੂ ਗ੍ਰਾਂਟ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਨ। ਮੌਜੂਦਾ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਵਿੱਚ ਪੂੰਜੀਗਤ ਕੰਮਾਂ ’ਤੇ ਸਿਰਫ 59 ਕਰੋੜ ਰੁਪਏ ਖਰਚ ਕੀਤੇ ਗਏ। ਪ੍ਰਸ਼ਾਸਕ ਦੇ ਸਲਾਹਕਾਰ ਨੇ ਨਗਰ ਨਿਗਮ ਨੂੰ ਸਵਾਲ ਕੀਤਾ ਕਿ ਜਦੋਂ ਰੈਗੂਲਰ ਅਸਾਮੀਆਂ ਖਾਲੀ ਪਈਆਂ ਹਨ ਤਾਂ ਠੇਕੇ ’ਤੇ ਵੱਡੀ ਗਿਣਤੀ ਕਰਮਚਾਰੀਆਂ ਦੀ ਭਰਤੀ ਕਿਉਂ ਕੀਤੀ ਗਈ ਹੈ।

Advertisement

Advertisement
Author Image

sanam grng

View all posts

Advertisement