For the best experience, open
https://m.punjabitribuneonline.com
on your mobile browser.
Advertisement

‘ਵਿਸ਼ਵ ਦਿਲ ਦਿਵਸ’ ਮੌਕੇ ਸਾਈਕਲ ਰੈਲੀ ਕੱਢੀ

10:19 AM Sep 30, 2024 IST
‘ਵਿਸ਼ਵ ਦਿਲ ਦਿਵਸ’ ਮੌਕੇ ਸਾਈਕਲ ਰੈਲੀ ਕੱਢੀ
ਸਾਈਕਲ ਰੈਲੀ ਨੂੰ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਜਤਿੰਦਰ ਜੌਰਵਾਲ ਅਤੇ (ਸੱਜੇ) ਰੈਲੀ ਵਿੱਚ ਸ਼ਾਮਲ ਵਾਲੰਟੀਅਰ। -ਫੋਟੋਆਂ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਸਤੰਬਰ
ਵਿਸ਼ਵ ਦਿਲ ਦਿਵਸ ਮੌਕੇ ਸ਼ਹਿਰ ’ਚ ਵੱਖ ਵੱਖ ਸੰਸਥਾਵਾਂ ਵੱਲੋਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤਹਿਤ ਜਿਥੇ ਫੋਰਟਿਸ ਹਸਪਤਾਲ ਨੇ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਉੱਥੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ‘ਸਵਾਸਥ ਕਵਚ’ ਤਹਿਤ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ। ਸਾਈਕਲ ਰੈਲੀ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੌਰਵਾਲ, ਹਸਪਤਾਲ ਦੇ ਜ਼ੋਨਲ ਹੈੱਡ, ਡਾ. ਵਿਸ਼ਵਦੀਪ ਗੋਇਲ, ਗੁਰਦਰਸ਼ਨ ਮਾਂਗਟ, ਡਾ. ਪਰਮਦੀਪ ਸਿੰਘ ਸੰਧੂ, ਡਾ. ਸੰਦੀਪ ਚੋਪੜਾ, ਡਾ. ਮਨਿੰਦਰ ਸਿੰਘਗਲਾ, ਡਾ. ਨਿਖਿਲ ਬਾਂਸਲ ਤੇ ਡਾ. ਮਨਵ ਵਧੋਰਾ ਨੇ ਸਾਂਝੇ ਤੌਰ ’ਤੇ ਰਵਾਨਾ ਕੀਤਾ। ਡਿਪਟੀ ਕਮਿਸ਼ਨਰ ਜੌਰਵਾਲ ਨੇ ਕਿਹਾ ਕਿ ਸਿਹਤਮੰਦ ਦਿਲ ਬਣਾਈ ਰੱਖਣ ਲਈ ਸਾਈਕਲ ਚਲਾਉਣਾ ਬਹੁਤ ਵਧੀਆ ਹੈ। ਅੱਜ ਦੇ ਪ੍ਰੋਗਰਾਮ ਦਾ ਮਕਸਦ ਲੋਕਾਂ ਨੂੰ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਅਤੇ ਕਸਰਤ ਕਰਨ ਲਈ ਪ੍ਰੇਰਿਤਾ ਕਰਨਾ ਹੈ। ਇਸ ਸਾਈਕਲ ਰੈਲੀ ਵਿੱਚ 1000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।ਵੈਟਰਨਰੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਹਿਊਮਨ ਰਿਸੋਰਸ ਮੈਨੇਜਮੈਂਟ ਸੈਂਟਰ ਅਤੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਵੱਲੋਂ ‘ਵਿਸ਼ਵ ਦਿਲ ਦਿਵਸ’ ਮਨਾਉਣ ਸੰਬੰਧੀ ਹੀਰੋ ਹਾਰਟ ਡੀਐਮਸੀ ਕਾਲਜ ਦੀ ਦਿਲ ਦੀਆਂ ਬਿਮਾਰੀਆਂ ਦੀ ਮਾਹਰ ਡਾ. ਅੰਕਿਤ ਗੁਲੀਆ ਲੈਕਚਰ ਕਰਵਾਇਆ ਗਿਆ। ਦਿਲ ਦੀ ਸਿਹਤ ਅਤੇ ਮਿਸ਼ਨ ‘ਸਵਾਸਥ ਕਵਚ’ ਸੰਬੰਧੀ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ । ਪ੍ਰੋਗਰਾਮ ਦੇ ਪ੍ਰਬੰਧਕੀ ਚੇਅਰਮੈਨ ਡਾ. ਲਛਮਣ ਦਾਸ ਸਿੰਗਲਾ ਨੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਦੱਸਿਆ। ਡਾ. ਰੋਹਿਤ ਟੰਡਨ ਨੇ ਦੱਸਿਆ ਕਿ ਵਿਸ਼ਵ ਦਿਲ ਦਿਵਸ ਹਰ ਸਾਲ 29 ਸਤੰਬਰ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਦਿਲ ਦੀਆਂ ਬਿਮਾਰੀਆਂ ਜੀਵਨਸ਼ੈਲੀ ਵਿੱਚ ਤਬਦੀਲੀਆਂ ਰਾਹੀਂ ਰੋਕੀਆਂ ਜਾ ਸਕਦੀਆਂ ਹਨ। ਡਾ. ਅੰਕਿਤ ਗੁਲੀਆ ਨੇ ਦਿਲ ਦੀਆਂ ਬਿਮਾਰੀਆਂ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਸੰਤੁਲਿਤ ਖੁਰਾਕ, ਨਿਯਮਤ ਸਰੀਰਕ ਗਤੀਵਿਧੀ, ਤੰਬਾਕੂਨੋਸ਼ੀ ਅਤੇ ਸ਼ਰਾਬ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ। ਪ੍ਰਬੰਧਕੀ ਸਕੱਤਰ ਡਾ. ਯਸ਼ਪਾਲ ਸਿੰਘ ਨੇ ਵਿਸ਼ਵ ਦਿਲ ਦਿਵਸ 2024 ਦੀ ਥੀਮ ‘ਯੂਜ਼ ਹਾਰਟ ਫਾਰ ਐਕਸ਼ਨ’ ’ਤੇ ਚਰਚਾ ਕੀਤੀ। ਪ੍ਰੋਗਰਾਮ ਦਾ ਸੰਚਾਲਨ ਡਾ. ਪਰਮਜੀਤ ਕੌਰ, ਸੁਰੇਸ਼ ਕੁਮਾਰ ਅਤੇ ਵੀਨਸ ਬਾਂਸਲ ਨੇ ਕੀਤਾ । ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਰਜਿਸਟਰਾਰ ਡਾ ਹਰਮਨਜੀਤ ਸਿੰਘ ਬਾਂਗਾ ਅਤੇ ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦਿਲ ਦੀ ਸਿਹਤ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

Advertisement

Advertisement
Advertisement
Author Image

Advertisement