ਸਾਈਕਲ ਰੈਲੀ ਕੱਢ ਕੇ ਤੰਦਰੁਸਤੀ ਦਾ ਸੁਨੇਹਾ ਦਿੱਤਾ
ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵੰਬਰ
ਇੱਥੇ ਪਾਰਕ ਹਸਪਤਾਲ ਦਾ ਸਥਾਪਨਾ ਦਿਵਸ ਮਨਾਇਆ ਗਿਆ। ਤੰਦਰੁਸਤੀ ਦਾ ਸੁਨੇਹਾ ਦੇਣ ਲਈ ਅੱਜ ਹਸਪਤਾਲ ਦੀ ਵਰ੍ਹੇਗੰਢ ਮੌਕੇ ਸਵੇਰੇ ਸਾਈਕਲ ਰੈਲੀ ਕੀਤੀ ਗਈ। ਇਸ ਵਿੱਚ 600 ਸਾਈਕਲ ਸਵਾਰਾਂ ਨੇ ਭਾਗ ਲਿਆ। ਇਸ ਮੌਕੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਸਕਸ਼ਮ ਜੈਨ ਨੇ ਕਿਹਾ ਕਿ ਅਧਰੰਗ (ਪੈਰਾਲਾਇਸਸ) ਹੋਣ ਦੀ ਸਥਿਤੀ ਵਿੱਚ ਜੇਕਰ ਚਾਰ-ਪੰਜ ਘੰਟੇ ਦੇ ਅੰਦਰ ਡਾਕਟਰੀ ਸਹਾਇਤਾ ਮਿਲ ਜਾਵੇ ਤਾਂ ਬਚਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵਧਣਾ ਬਹੁਤ ਘਾਤਕ ਹੈ। ਇਸ ਕਾਰਨ ਦੌਰਾ ਪੈਣ ਦੇ ਖਤਰੇ ਵਧ ਜਾਂਦੇ ਹਨ। ਡਾ. ਜੈਨ ਨੇ ਇਹ ਵੀ ਕਿਹਾ ਕਿ ਦਿਮਾਗੀ ਦੌਰਾ ਦੋ ਕਿਸਮ ਦਾ ਹੁੰਦਾ ਹੈ। ਜਿਸ ਨੂੰ ਇਸਕੀਮਕ ਅਤੇ ਹੈਮੋਰੈਜਿਕ ਕਿਹਾ ਜਾਂਦਾ ਹੈ। ਇਸਕੀਮਕ ਦੌਰੇ ਵਿੱਚ ਖੂਨ ਦੇ ਕਤਲੇ ਕਾਰਨ ਦਿਮਾਗ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ ਅਤੇ ਹੈਮੋਰੈਜਿਕ ਵਿੱਚ ਦਿਮਾਗ ਦੀ ਨਾੜੀ ਫੱਟ ਜਾਂਦੀ ਹੈ। ਇਸਕੀਮਕ ਦੌਰੇ ਦੀ ਸੂਰਤ ਵਿਚ ਇਕ ਟੀਕਾ ਲਗਾ ਕੇ ਇਸਦਾ ਇਲਾਜ ਕੀਤਾ ਜਾਂਦਾ ਹੈ, ਜਦਕਿ ਮਕੈਨੀਕਲ ਥਰੋਸਬੈਕਟੋਮੀ ਦੀ ਮਦਦ ਨਾਲ ਦਿਮਾਗ ਦੇ ਦੌਰੇ ਦਾ ਤੁਰੰਤ ਇਲਾਜ ਹੋ ਜਾਂਦਾ ਹੈ। ਇਹ ਇਲਾਜ ਪਾਰਕ ਹਸਪਤਾਲ ’ਚ ਉਪਲਬਧ ਹੈ। ਹਸਪਤਾਲ ਦੇ ਸੀਈਓ. ਏਅਰ ਮਾਰਸ਼ਲ ਡਾ. ਰਾਕੇਸ਼ ਕੁਮਾਰ ਰਾਨਿਆਲ, ਡਾ. ਅਰਚਿਤ ਅਤੇ ਡਿਪਟੀ ਸੀਈਓ ਗੁਰਜੀਤ ਸਿੰਘ ਰੋਮਾਣਾ ਨੇ ਵੀ ਵਿਚਾਰ ਰੱਖੇ।