ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਜ਼ਰਬ ਤਕਸੀਮ ਤੋਂ ਪਰ੍ਹੇ ਖ਼ੂਬਸੂਰਤ ਪਲ

06:46 AM Nov 24, 2024 IST

 

Advertisement

ਅਰਵਿੰਦਰ ਜੌਹਲ

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹਨ ਕਿਉਂਕਿ ਅਜਿਹਾ ਪਹਿਲੀ ਵਾਰ ਹੈ ਕਿ ਸੂਬੇ ਦੀ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਚੋਣਾਂ ਵਿੱਚ ਹਿੱਸਾ ਨਹੀਂ ਲਿਆ। ਪੰਜਾਬ ਵਿੱਚ ਸੱਤਾਧਾਰੀ ‘ਆਪ’ ਲਈ ਇਹ ਚੋਣਾਂ ਇਮਤਿਹਾਨ ਸਨ ਜਿਸ ਵਿੱਚ ਪਾਰਟੀ ਨੇ ਇਹ ਸਾਬਤ ਕਰਨਾ ਸੀ ਕਿ ਅਜੇ ਵੀ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਹੀ ਹੈ। ਪਾਰਟੀ ਨੂੰ ਭਾਵੇਂ ਸੌ ਫ਼ੀਸਦੀ ਸਫ਼ਲਤਾ ਤਾਂ ਨਹੀਂ ਮਿਲੀ ਪਰ ਚਾਰ ਵਿੱਚੋਂ ਤਿੰਨ ਸੀਟਾਂ ’ਤੇ ਜਿੱਤ ਹਾਸਲ ਕਰ ਕੇ ਉਸ ਨੇ ਇਹ ਦਿਖਾ ਦਿੱਤਾ ਹੈ ਕਿ ਸੂਬੇ ਵਿੱਚ ਅਜੇ ਵੀ ਉਸ ਦੀ ਪਕੜ ਮਜ਼ਬੂਤ ਹੈ।
ਉੱਧਰ ਕਾਂਗਰਸ ਨੂੰ ਭਾਵੇਂ ਇੱਕੋ ਇੱਕ ਬਰਨਾਲਾ ਸੀਟ ’ਤੇ ਜਿੱਤ ਹਾਸਲ ਹੋਈ ਹੈ ਪਰ ਪਾਰਟੀ ਆਗੂਆਂ ਵੱਲੋਂ ਇਸ ਗੱਲ ਦੀ ਹੀ ਖ਼ੁਸ਼ੀ ਮਨਾਈ ਜਾ ਰਹੀ ਹੈ ਕਿ ਉਨ੍ਹਾਂ ‘ਆਪ’ ਦੇ ਗੜ੍ਹ ਬਰਨਾਲਾ ਵਿੱਚ ਹੀ ਉਸ ਨੂੰ ਢਾਹ ਲਿਆ ਹੈ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਾਰ ਵਾਰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਨੇ ‘ਆਪ’ ਦੇ ਕਿਲੇ ਨੂੰ ਫਤਹਿ ਕਰ ਲਿਆ ਹੈ, ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਇਸ ਸੀਟ ’ਤੇ ‘ਆਪ’ ਨੇ ਆਪਣੇ ਸਰਗਰਮ ਆਗੂ ਗੁਰਦੀਪ ਸਿੰਘ ਬਾਠ ਨੂੰ ਟਿਕਟ ਨਾ ਦੇ ਕੇ ਹਰਿੰਦਰ ਸਿੰਘ ਧਾਲੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਜਿਸ ਕਾਰਨ ਬਾਠ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਕੁੱਦ ਗਿਆ ਅਤੇ 16,899 ਵੋਟਾਂ ਲੈ ਗਿਆ। ਇੱਥੇ ਕਾਂਗਰਸ ਦਾ ਕੁਲਦੀਪ ਸਿੰਘ ਕਾਲਾ ਢਿੱਲੋਂ 28,254 ਵੋਟਾਂ ਲੈ ਕੇ ਚੋਣ ਜਿੱਤ ਗਿਆ ਅਤੇ ‘ਆਪ’ ਦੇ ਧਾਲੀਵਾਲ ਨੂੰ 26,097 ਵੋਟਾਂ ਹੀ ਮਿਲੀਆਂ ਜਦੋਂਕਿ ਭਾਜਪਾ ਦੇ ਕੇਵਲ ਢਿੱਲੋਂ ਨੂੰ 17,958 ਵੋਟਾਂ ਪਈਆਂ। ਜੇਕਰ ਆਮ ਆਦਮੀ ਪਾਰਟੀ ਨੇ ਇੱਥੋਂ ਬਾਠ ਨੂੰ ਟਿਕਟ ਦਿੱਤੀ ਹੁੰਦੀ ਤਾਂ ਨਿਸ਼ਚੇ ਹੀ ਇਹ ਸੀਟ ਵੀ ਉਸ ਦੀ ਝੋਲੀ ਹੀ ਪੈਣੀ ਸੀ। ਬਾਠ, ਜੋ ਉਸ ਦੀ ਜਿੱਤ ਦਾ ਸਬੱਬ ਬਣ ਸਕਦਾ ਸੀ, ਅਖ਼ੀਰ ਉਸ ਦੀ ਹਾਰ ਦਾ ਕਾਰਨ ਸਾਬਤ ਹੋਇਆ। ਜੇਕਰ ਧਾਲੀਵਾਲ ਅਤੇ ਬਾਠ ਨੂੰ ਮਿਲੀਆਂ ਵੋਟਾਂ ਦਾ ਕੁੱਲ ਜੋੜ ਦੇਖੀਏ ਤਾਂ ਸਪੱਸ਼ਟ ਤੌਰ ’ਤੇ ਇਹ ਜੇਤੂ ਅੰਕੜਾ ਬਣ ਸਕਦਾ ਸੀ। ਪਾਰਟੀ ਇਹ ਸੋਚਦੀ ਤਾਂ ਹੋਵੇਗੀ ਕਿ ਕਾਸ਼, ਉਸ ਨੇ ਬਾਠ ਨੂੰ ਹੀ ਟਿਕਟ ਦਿੱਤੀ ਹੁੰਦੀ ਤਾਂ ਉਸ ਦਾ ਪ੍ਰਦਰਸ਼ਨ ਸੌ ਫ਼ੀਸਦੀ ਰਹਿਣਾ ਸੀ।
ਗਿੱਦੜਬਾਹਾ ਸੀਟ ’ਤੇ ‘ਆਪ’ ਦਾ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਿਹਾ। ਉਹ ਇਸ ਸੀਟ ਉੱਤੇ ਪਹਿਲਾਂ ਦੋ ਵਾਰੀ ਲਗਾਤਾਰ ਹਾਰ ਚੁੱਕਾ ਸੀ। ਉਸ ਨੇ ਪਿਛਲੀ ਚੋਣ ਰਾਜਾ ਵੜਿੰਗ ਤੋਂ ਸਿਰਫ਼ 1,349 ਵੋਟਾਂ ਦੇ ਫ਼ਰਕ ਨਾਲ ਹਾਰੀ ਸੀ ਪਰ ਉਦੋਂ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ ਚੋਣ ਲੜਿਆ ਸੀ। ਡਿੰਪੀ ਢਿੱਲੋਂ ਇਸ ਵਾਰ ਇਸੇ ਸੀਟ ਤੋਂ ਪਾਰਟੀ ਦੀ ਟਿਕਟ ਚਾਹੁੰਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਨਾ ਲੜਨ ਦੇ ਫ਼ੈਸਲੇ ਕਾਰਨ ਉਸ ਨੇ ‘ਆਪ’ ਦਾ ਪੱਲਾ ਜਾ ਫੜਿਆ। ਸ਼੍ਰੋਮਣੀ ਅਕਾਲੀ ਦਲ ਦੇ ਇਸ ਫ਼ੈਸਲੇ ਦਾ ਜਨਤਕ ਤੌਰ ’ਤੇ ਵਿਰੋਧ ਕਰਦਿਆਂ ਉਸ ਨੇ ਆਖਿਆ ਸੀ ਕਿ ਜੇ ਚੋਣ ਹੀ ਨਹੀਂ ਲੜਨੀ ਤਾਂ ਜ਼ਮੀਨੀ ਪੱਧਰ ’ਤੇ ਉਸ ਵਰਗੇ ਵਰਕਰਾਂ ਵੱਲੋਂ ਪਾਰਟੀ ਲਈ ਲਗਾਤਾਰ ਕੀਤੇ ਕੰਮ ਦਾ ਕੀ ਅਰਥ ਸੀ। ਕੀ ਚੋਣਾਂ ਬਾਰੇ ਲਏ ਜਾਣ ਵਾਲੇ ਪਾਰਟੀ ਦੇ ਕਿਸੇ ਵੀ ਫ਼ੈਸਲੇ ’ਚ ਉਨ੍ਹਾਂ ਵਰਗੇ ਪਾਰਟੀ ਕਾਰਕੁਨ ਭਾਈਵਾਲ ਨਹੀਂ ਹੋਣੇ ਚਾਹੀਦੇ ਸਨ? ਕੀ ਉਨ੍ਹਾਂ ਦੀ ਭੂਮਿਕਾ ਸਿਰਫ਼ ਦਰੀਆਂ ਵਿਛਾਉਣ ਤੱਕ ਸੀਮਤ ਹੈ? ਡਿੰਪੀ ਢਿੱਲੋਂ ਨੇ ਦੋਸ਼ ਲਾਇਆ ਸੀ ਕਿ ਅਜਿਹਾ ਫ਼ੈਸਲਾ ਮਨਪ੍ਰੀਤ ਬਾਦਲ ਨੂੰ ਫ਼ਾਇਦਾ ਪਹੁੰਚਾਉਣ ਲਈ ਲਿਆ ਗਿਆ। ਚੋਣਾਂ ਤੋਂ ਐਨ ਪਹਿਲਾਂ ਡਿੰਪੀ ਢਿੱਲੋਂ ‘ਆਪ’ ਵਿੱਚ ਸ਼ਾਮਲ ਹੋ ਗਿਆ ਅਤੇ ਪਾਰਟੀ ਨੇ ਉਸ ਦੇ ਲੋਕਾਂ ਨਾਲ ਰਾਬਤੇ ਸਦਕਾ ਉਸ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਡਿੰਪੀ ਢਿੱਲੋਂ ਦੇ ਹੱਕ ’ਚ ਸਭ ਤੋਂ ਵੱਡੀ ਗੱਲ ਇਹ ਭੁਗਤੀ ਕਿ ਦੋ ਚੋਣਾਂ ਹਾਰਨ ਦੇ ਬਾਵਜੂਦ ਉਹ ਲਗਾਤਾਰ ਇਲਾਕੇ ਦੇ ਲੋਕਾਂ ਦੇ ਸੰਪਰਕ ’ਚ ਰਿਹਾ ਅਤੇ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦਾ ਰਿਹਾ, ਜਿਸ ਸਦਕਾ ਲੋਕਾਂ ਨੇ ਵੀ ਇਹ ਸੀਟ ਉਸ ਦੀ ਝੋਲੀ ਪਾ ਦਿੱਤੀ ਹੈ। ਉਸ ਨੇ ਲੋਕਾਂ ਨੂੰ ਵਾਰ ਵਾਰ ਕਿਹਾ ਸੀ ਕਿ, ‘‘ਹੋਰਨਾਂ ਦੇ ਬਾਈ ਸਾਲ, ਮੇਰੇ ਢਾਈ ਸਾਲ।’’ ਉਸ ਦਾ ਕਹਿਣਾ ਸੀ ਕਿ ਉਹ ਢਾਈ ਸਾਲਾਂ ਵਿੱਚ ਉਨ੍ਹਾਂ ਦੇ ਬਰਾਬਰ ਕੰਮ ਕਰੇਗਾ। ਲੋਕਾਂ ਨੇ ਉਸ ਨੂੰ ਢਾਈ ਸਾਲ ਦੇ ਦਿੱਤੇ ਨੇ। ਹੁਣ ਉਹ ਕਿਸ ਰਫ਼ਤਾਰ ਨਾਲ ਕੰਮ ਕਰੇਗਾ, ਉਸ ’ਤੇ ਗਿੱਦੜਬਾਹਾ ਦੇ ਲੋਕਾਂ ਦੀ ਨਜ਼ਰ ਰਹੇਗੀ। ਮਨਪ੍ਰੀਤ ਬਾਦਲ ਨੂੰ ਸਿਰਫ਼ 12,227 ਵੋਟਾਂ ਹੀ ਮਿਲੀਆਂ। ਅਕਾਲੀ ਦਲ ਦੀ ਵੋਟ ਮਨਪ੍ਰੀਤ ਦੇ ਹੱਕ ’ਚ ਭੁਗਤਣ ਦੇ ਸਾਰੇ ਅਨੁਮਾਨ ਗ਼ਲਤ ਸਾਬਤ ਹੋਏ ਹਨ। ਡਿੰਪੀ ਢਿੱਲੋਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਨੁਮਾਨ ਸੀ ਕਿ ਚੋਣਾਂ ’ਚੋਂ ਪਾਰਟੀ ਦੀ ਗ਼ੈਰਹਾਜ਼ਰੀ ਕਾਰਨ ਉਨ੍ਹਾਂ ਦੀਆਂ ਵੋਟਾਂ ਮਨਪ੍ਰੀਤ ਬਾਦਲ ਨੂੰ ਪੈ ਜਾਣਗੀਆਂ ਪਰ ਅਜਿਹਾ ਨਹੀਂ ਹੋਇਆ। ਵੋਟਰਾਂ ਨੇ ਦਰਸਾ ਦਿੱਤਾ ਕਿ ਜੇ ਉਹ ਕਦੇ ਅਕਾਲੀ ਦਲ ਦੇ ਵਫ਼ਾਦਾਰ ਸਨ ਤਾਂ ਉਨ੍ਹਾਂ ਦੀ ਗ਼ੈਰਹਾਜ਼ਰੀ ’ਚ ਉਹ ਭਾਜਪਾ ਦੇ ਹੱਕ ’ਚ ਨਹੀਂ ਭੁਗਤਣਗੇ। ਉਨ੍ਹਾਂ ਭਾਜਪਾ ਦੀ ਥਾਂ ‘ਆਪ’ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਤਰਜੀਹ ਦਿੱਤੀ।
ਜਿੱਥੇ ਗਿੱਦੜਬਾਹਾ ਸੀਟ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਡਿੰਪੀ ਢਿੱਲੋਂ ਤੋਂ 21,969 ਵੋਟਾਂ ਦੇ ਫ਼ਰਕ ਨਾਲ ਹਾਰ ਗਈ, ਉੱਧਰ ਡੇਰਾ ਬਾਬਾ ਨਾਨਕ ਸੀਟ ’ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਰੰਧਾਵਾ (53,405 ਵੋਟਾਂ) ਇਸ ਸੀਟ ’ਤੇ ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ (59,104 ਵੋਟਾਂ) ਤੋਂ 5,699 ਵੋਟਾਂ ਦੇ ਫ਼ਰਕ ਨਾਲ ਹਾਰ ਗਈ। ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਦੀਆਂ ਦੋਵੇਂ ਸੀਟਾਂ ਕਾਂਗਰਸ ਦੇ ਕ੍ਰਮਵਾਰ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਕੋਲ ਸਨ। ਇਨ੍ਹਾਂ ਦੇ ਐੱਮਪੀ ਬਣਨ ਮਗਰੋਂ ਇਹ ਸੀਟਾਂ ਖਾਲੀ ਹੋਈਆਂ ਸਨ। ਪਾਰਟੀ ਨੇ ਇਹ ਅਨੁਮਾਨ ਲਾਇਆ ਕਿ ਪਤੀਆਂ ਦੇ ਰਸੂਖ਼ ਕਾਰਨ ਦੋਵਾਂ ਦੀਆਂ ਬੀਵੀਆਂ ਇਹ ਸੀਟਾਂ ਜਿੱਤ ਜਾਣਗੀਆਂ ਪਰ ਵੋਟਰਾਂ ਨੇ ਪਰਿਵਾਰ ਵਿੱਚ ਹੀ ਟਿਕਟਾਂ ਦਿੱਤੇ ਜਾਣ ਨੂੰ ਬਹੁਤਾ ਪਸੰਦ ਨਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਰਵੀਕਰਨ ਸਿੰਘ ਕਾਹਲੋਂ ਇਸ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਸਿਰਫ਼ 6,505 ਵੋਟਾਂ ਹੀ ਹਾਸਲ ਕਰ ਸਕਿਆ। ਉਹ ਵਿਹਾਰ ਪੱਖੋਂ ਬਹੁਤ ਨਿਮਰ ਹੈ ਅਤੇ ਲੋਕ ਉਸ ਦੀ ਬੋਲ-ਬਾਣੀ ਨੂੰ ਕਾਫ਼ੀ ਪਸੰਦ ਕਰਦੇ ਹਨ ਪਰ ਭਾਜਪਾ ਉਮੀਦਵਾਰ ਵਜੋਂ ਲੋਕਾਂ ਨੇ ਉਸ ਪ੍ਰਤੀ ਆਪਣੀ ਬਹੁਤੀ ਪਸੰਦਗੀ ਨਹੀਂ ਦਿਖਾਈ।
ਭਾਵੇਂ ਕਾਂਗਰਸ ਦੇ ਪਰਿਵਾਰਵਾਦ ਨੂੰ ਵੋਟਰਾਂ ਨੇ ਨਕਾਰ ਦਿੱਤਾ ਪਰ ਚੱਬੇਵਾਲ ਦੀ ਸੀਟ ਪਰਿਵਾਰ ਵਿੱਚ ਹੀ ਰਹਿ ਗਈ। ਇਹ ਸੀਟ ਇਸ਼ਾਂਕ ਚੱਬੇਵਾਲ ਦੇ ਪਿਤਾ ਰਾਜਕੁਮਾਰ ਚੱਬੇਵਾਲ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਜਿੱਤਣ ਮਗਰੋਂ ਖਾਲੀ ਹੋਈ ਸੀ। ਇਸ ਸੀਟ ਉੱਤੇ ਪਾਰਟੀ ਨੇ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਨੂੰ ਹੀ ਟਿਕਟ ਦਿੱਤੀ ਅਤੇ ਉਸ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ ਹਰਾ ਕੇ ਇਹ ਸੀਟ ਪਾਰਟੀ ਦੀ ਝੋਲੀ ਪਾ ਦਿੱਤੀ। ਇਸ਼ਾਂਕ ਦੇ ਪਿਤਾ ਨੇ 2017 ਅਤੇ 2022 ਦੀ ਚੋਣ ਇਸੇ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ ਜਿੱਤੀ ਸੀ। ਇਸ ਸੀਟ ਤੋਂ ਭਾਜਪਾ ਦਾ ਸੋਹਣ ਸਿੰਘ ਠੰਡਲ 8,692 ਵੋਟਾਂ ਹੀ ਲੈ ਸਕਿਆ।
ਭਾਜਪਾ ਦੀ ਝੋਲੀ ਭਾਵੇਂ ਇਨ੍ਹਾਂ ਜ਼ਿਮਨੀ ਚੋਣਾਂ ’ਚ ਇੱਕ ਵੀ ਸੀਟ ਨਹੀਂ ਪਈ ਪਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਵਾਰੀ ਉਨ੍ਹਾਂ ਨੂੰ ਬਰਾਬਰ ਦੇ ਮੁਕਾਬਲੇ ਦਾ ਮੌਕਾ ਮਿਲਿਆ। ਬਿੱਟੂ ਦਾ ਕਹਿਣਾ ਹੈ ਕਿ ਇਸ ਵਾਰੀ ਉਨ੍ਹਾਂ ਇਲਾਕੇ ਦੇ ਪਿੰਡ ਪਿੰਡ ’ਚ ਪਾਰਟੀ ਦੇ ਬੂਥ ਲਾਏ। ਉਹ ਇਸ ਲਈ ਕਿਸਾਨ ਧਿਰਾਂ ਦਾ ਵੀ ਸ਼ੁਕਰਗੁਜ਼ਾਰ ਹੈ ਕਿ ਇਸ ਵਾਰੀ ਉਨ੍ਹਾਂ ਭਾਜਪਾ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਪਿਛਲੀ ਵਾਰੀ ਕਿਸਾਨਾਂ ਨੇ ਭਾਜਪਾ ਨੂੰ ਪਿੰਡਾਂ ’ਚ ਵੜਨ ਨਹੀਂ ਸੀ ਦਿੱਤਾ। ਉਹ ਮਨਪ੍ਰੀਤ ਬਾਦਲ (12,227) ਅਤੇ ਕੇਵਲ ਢਿੱਲੋਂ ਵੱਲੋਂ ਲਈਆਂ ਗਈਆਂ 17,958 ਵੋਟਾਂ ਦਾ ਜ਼ਿਕਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ (ਕਿਹਾ ਜਾਂਦਾ ਹੈ ਕਿ ਉਨ੍ਹਾਂ ਪਾਰਟੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਸੌਂਪ ਦਿੱਤਾ ਹੋਇਆ ਹੈ) ’ਤੇ ਤਨਜ਼ ਕਰਨਾ ਨਹੀਂ ਭੁੱਲੇ ਕਿ ਉਨ੍ਹਾਂ ਦੀ ਪਾਰਟੀ ਬਿਨਾਂ ਜਰਨੈਲ ਤੋਂ ਚੋਣ ਲੜੀ ਅਤੇ ਜਿਸ ਪਾਰਟੀ ਦਾ ਪ੍ਰਧਾਨ ਹੀ ਚੋਣ ਪ੍ਰਚਾਰ ’ਚ ਹਿੱਸਾ ਨਾ ਲਵੇ ਉਸ ਦਾ ਕਮਜ਼ੋਰ ਪੈਣਾ ਲਾਜ਼ਮੀ ਹੈ। ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਬਿੱਟੂ ਨੇ ਜਾਖੜ ਵੱਲੋਂ ਪਾਰਟੀ ਦੇ ਹੱਕ ’ਚ ਚੋਣ ਪ੍ਰਚਾਰ ਨਾ ਕਰਨ ਨੂੰ ਵਾਰ ਵਾਰ ਚਿਤਾਰਿਆ ਅਤੇ ਨਾਲ ਹੀ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਦੀਆਂ ਬੀਵੀਆਂ ਦੇ ਹਾਰਨ ਮਗਰੋਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ। ਹਾਲਾਂਕਿ ਉਨ੍ਹਾਂ ਗਿੱਦੜਬਾਹਾ ’ਚ ਪੂਰੇ ਦਮ-ਖਮ ਨਾਲ ਮਨਪ੍ਰੀਤ ਬਾਦਲ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਸੀ ਪਰ ਉਨ੍ਹਾਂ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ। ਓਦਾਂ ਬਿੱਟੂ ਨੇ ਆਸ ਪ੍ਰਗਟਾਈ ਕਿ ਭਾਜਪਾ 2027 ਦੀਆਂ ਚੋਣਾਂ ਵਿੱਚ ਡਟਵੇਂ ਮੁਕਾਬਲੇ ’ਚ ਰਹੇਗੀ। ਵੈਸੇ ਚੋਣ ਪ੍ਰਚਾਰ ਦੌਰਾਨ ਪੰਜਾਬ ’ਚ ਭਾਜਪਾ ਦੀ ਹਵਾ ਬੰਨ੍ਹਣ ’ਚ ਕਮੀ ਤਾਂ ਮਨਪ੍ਰੀਤ ਬਾਦਲ ਨੇ ਵੀ ਨਹੀਂ ਸੀ ਛੱਡੀ। ਉਸ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਨ ’ਚ ਬਹੁਤ ਕਸੀਦੇ ਪੜ੍ਹੇ ਅਤੇ ਇੱਥੋਂ ਤੱਕ ਵੀ ਕਿਹਾ ਕਿ ਅੱਜ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਜੋ ਇੱਜ਼ਤ ਹੈ, ਉਹ ਪ੍ਰਧਾਨ ਮੰਤਰੀ ਦੀ ਬਦੌਲਤ ਹੈ ਪਰ ਵੋਟਰਾਂ ਨੇ ਅਜਿਹੀਆਂ ਗੱਲਾਂ ਨੂੰ ਹੁੰਗਾਰਾ ਨਹੀਂ ਦਿੱਤਾ। ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਗ਼ੈਰਹਾਜ਼ਰੀ ਮਹਿਸੂਸ ਹੁੰਦੀ ਰਹੀ। ਵੱਡੀ ਅੜਾਉਣੀ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕਿਸ ਨੂੰ ਭੁਗਤੀ। ਜਮ੍ਹਾਂ, ਤਕਸੀਮਾਂ, ਦਲੀਲਾਂ ਭਾਵੇਂ ਕੋਈ ਵੀ ਦਿੱਤੀਆਂ ਜਾਣ, ‘ਆਪ’ ਚਾਰ ਵਿੱਚੋਂ ਤਿੰਨ ਸੀਟਾਂ ਜਿੱਤ ਕੇ ਆਪਣੀ ਝੰਡੀ ਉੱਚੀ ਰੱਖਣ ਵਿੱਚ ਸਫ਼ਲ ਰਹੀ ਹੈ।
ਚੋਣ ਨਤੀਜਿਆਂ ਮਗਰੋਂ ਸਿਆਸਤ ਦੀ ਗਰਦ ਬੈਠ ਚੁੱਕੀ ਹੈ। ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਜਿੱਤਾਂ ਤੇ ਹਾਰਾਂ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ। ਸਿਆਸਤ ਦੇ ਇਸ ਗੰਧਲੇ ਮਾਹੌਲ ਵਿੱਚ ਡਿੰਪੀ ਢਿੱਲੋਂ ਅਤੇ ਅੰਮ੍ਰਿਤਾ ਵੜਿੰਗ ਦੇ ਵਿਹਾਰ ਦੀ ਖ਼ੂਬਸੂਰਤੀ ਨੇ ਉਦੋਂ ਸਾਰਿਆਂ ਦਾ ਦਿਲ ਜਿੱਤ ਲਿਆ ਜਦੋਂ ਵੋਟਾਂ ਪੈਣ ਤੋਂ ਪਹਿਲਾਂ ਗਿੱਦੜਬਾਹਾ ਦੇ ਗੁਰਦੁਆਰੇ ’ਚ ਅਚਾਨਕ ਉਹ ਦੋਵੇਂ ਇਕੱਠੇ ਹੋ ਗਏ। ਅੰਮ੍ਰਿਤਾ ਗੁਰਦੁਆਰੇ ਅੰਦਰ ਮੱਥਾ ਟੇਕਣ ਗਏ ਹੋਏ ਸਨ ਕਿ ਡਿੰਪੀ ਢਿੱਲੋਂ ਨੇ ਬਾਹਰ ਖੜ੍ਹੇ ਹੋ ਕੇ ਉਨ੍ਹਾਂ ਦਾ ਇੰਤਜ਼ਾਰ ਕੀਤਾ ਅਤੇ ਅੰਮ੍ਰਿਤਾ ਦੇ ਬਾਹਰ ਆਉਣ ’ਤੇ ਦੋਹਾਂ ਆਗੂਆਂ ਨੇ ਮੁਸਕਰਾਉਂਦਿਆਂ ਹੱਥ ਜੋੜ ਕੇ ਇੱਕ-ਦੂਜੇ ਨੂੰ ਫਤਹਿ ਬੁਲਾਈ ਅਤੇ ਸੁੱਖ-ਸਾਂਦ ਪੁੱਛਦਿਆਂ ਇੱਕ-ਦੂਜੇ ਨੂੰ ਸ਼ੁਭ-ਕਾਮਨਾਵਾਂ ਵੀ ਦਿੱਤੀਆਂ। ਇਨ੍ਹਾਂ ਦੋਹਾਂ ਦੀ ਇਹ ਤਸਵੀਰ ਪੰਜਾਬ ਦੀ ਭਾਈਚਾਰਕ ਸਾਂਝ ਦੀ ਬਾਤ ਪਾਉਂਦੀ ਹੈ। ਵਿਹਾਰ ਦੀਆਂ ਅਜਿਹੀਆਂ ਖ਼ੂਬਸੂਰਤੀਆਂ ਜਿੱਤ ਤੋਂ ਕਿਤੇ ਵੱਡੀਆਂ ਹੁੰਦੀਆਂ ਨੇ। ਸ਼ਾਲਾ! ਰੱਬ ਸਾਡੇ ਸਾਰੇ ਸਿਆਸਤਦਾਨਾਂ ਨੂੰ ਅਜਿਹੀਆਂ ਖ਼ੂਬਸੂਰਤੀਆਂ ਸਮਝਣ ਦੀ ਤੌਫ਼ੀਕ ਦੇਵੇ।

Advertisement

Advertisement