‘ਕੁੱਲ ਹਿੰਦ ਪਲੈਨਮ’ ਸਬੰਧੀ 13 ਮੈਂਬਰੀ ਕਮੇਟੀ ਬਣਾਈ
ਖੇਤਰੀ ਪ੍ਰਤੀਨਿਧ
ਬਰਨਾਲਾ, 1 ਅਕਤੂਬਰ
ਇੱਥੇ ਤਰਕਸ਼ੀਲ ਭਵਨ ਵਿੱਚ ਸੀਪੀਆਈ (ਐੱਮਐੱਲ) ਰੈੱਡ ਸਟਾਰ ਨਾਲ ਸਬੰਧਤ ਬਰਨਾਲਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਪੁੱਜੇ ਪਾਰਟੀ ਸਰਗਰਮ ਪਾਰਟੀ ਕਾਰਕੁਨਾਂ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਪੋਲਿਟ ਬਿਊਰੋ ਮੈਂਬਰ ਤੇ ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ ਜਨਰਲ ਸਕੱਤਰ ਕਾਮਰੇਡ ਆਰ ਮਨਸੱਈਆ ਅਤੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਤੁਹਿਨ ਦੇਵ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਕੌਮੀ ਆਗੂਆਂ ਨੇ ਦੱਸਿਆ ਕਿ ਕੇਂਦਰੀ ਕਮੇਟੀ ਦੇ ਨਿਰਣੇ ਅਨੁਸਾਰ 22 ਤੋਂ 24 ਨਵੰਬਰ ਤੱਕ ਤਿੰਨ ਰੋਜ਼ਾ ਪਾਰਟੀ ਪਲੈਨਮ ਤਰਕਸ਼ੀਲ ਭਵਨ ਬਰਨਾਲਾ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਸੂਬਾਈ ਆਗੂ ਲਾਭ ਸਿੰਘ ਅਕਲੀਆ ਨੂੰ ਕਨਵੀਨਰ ਨਿਯੁਕਤ ਕਰ ਕੇ 13 ਮੈਂਬਰੀ ਕਮੇਟੀ ਬਣਾਈ ਗਈ।
ਕੌਮੀ ਆਗੂਆਂ ਨੇ ਦੱਸਿਆ ਕਿ ਪਲੈਨਮ ਵਿੱਚ ਦੇਸ਼ ਦੇ ਇੱਕ ਦਰਜਨ ਤੋਂ ਵੱਧ ਰਾਜਾਂ ਤੋਂ ਚੁਣੇ ਹੋਏ ਡੈਲੀਗੇਟ ਭਾਗ ਲੈਣਗੇ। 22 ਨਵੰਬਰ ਨੂੰ ਪਲੈਨਮ ਦੀ ਸ਼ੁਰੂਆਤ ਜਨਤਕ ਆਮ ਸਭਾ ਨਾਲ ਹੋਵੇਗੀ ਅਤੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ। 24 ਨਵੰਬਰ ਨੂੰ ਪਲੈਨਮ ਦੇ ਆਖ਼ਰੀ ਦਿਨ ‘ਜਾਤੀ ਪ੍ਰਥਾ ਦਾ ਖ਼ਾਤਮਾ ਅਤੇ ਡਾ. ਭੀਮ ਰਾਓ ਅੰਬੇਦਕਰ ਪ੍ਰਤੀ ਕਮਿਊਨਿਸਟਾਂ ਦਾ ਨਜ਼ਰੀਆ’ ਵਿਸ਼ੇ ’ਤੇ ਅਧਾਰਿਤ ਸੈਮੀਨਾਰ ਵੀ ਕੀਤਾ ਜਾਵੇਗਾ।