For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ’ਚ ਸਾੜਿਆ ਜਾਵੇਗਾ 101 ਫੁੱਟ ਦੇ ਰਾਵਣ ਦਾ ਪੁਤਲਾ

11:09 AM Oct 23, 2023 IST
ਚੰਡੀਗੜ੍ਹ ’ਚ ਸਾੜਿਆ ਜਾਵੇਗਾ 101 ਫੁੱਟ ਦੇ ਰਾਵਣ ਦਾ ਪੁਤਲਾ
ਦਸਹਿਰੇ ਤੋਂ ਪਹਿਲਾਂ ਸੈਕਟਰ-46 ਦੇ ਗਰਾਊਂਡ ਵਿੱਚ ਖੜ੍ਹੇ ਕੀਤੇ ਰਾਵਣ ਤੇ ਮੇਘਨਾਥ ਦੇ ਪੁਤਲੇ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 22 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਚੰਡੀਗੜ੍ਹ ਦੇ ਸੈਕਟਰ-46 ਵਿੱਚ ਮਨਾਇਆ ਜਾਵੇਗਾ। ਇਸ ਵਾਰ ਸੈਕਟਰ-46 ਵਿੱਚ 101 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ ਹੈ ਜਿਸ ਨੂੰ ਸੋਨੇ ਦੀ ਲੰਕਾ ਨਾਲ ਸਾੜਿਆ ਜਾਵੇਗਾ। ਇਸ ਦੇ ਨਾਲ ਹੀ ਮੇਘਨਾਦ ਦਾ ਪੁਤਲਾ 90 ਫੁੱਟ ਅਤੇ ਕੁੰਭਕਰਨ ਦਾ ਪੁਤਲਾ 85 ਫੁੱਟ ਦਾ ਤਿਆਰ ਕੀਤਾ ਗਿਆ ਹੈ।
ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਦੇ ਚੀਫ ਪੈਟਰਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਭਾਟੀਆ ਤੇ ਜਨਰਲ ਸਕੱਤਰ ਸੁਸ਼ੀਲ ਸੋਬਤ ਨੇ ਕਿਹਾ ਕਿ ਦਸਹਿਰੇ ਵਾਲੇ ਦਿਨ ਦੁਪਹਿਰ ਸਮੇਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ਾਮ ਸਮੇਂ ਆਤਿਸ਼ਬਾਜ਼ੀ ਹੋਵੇਗੀ ਅਤੇ ਉਸ ਤੋਂ ਬਾਅਦ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਣਗੇ। ਸ੍ਰੀ ਭਾਟੀਆ ਨੇ ਕਿਹਾ ਕਿ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦੇ ਨਾਲ ਸੋਨੇ ਦੀ ਲੰਕਾ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਦੁਸਹਿਰੇ ਵਾਲੇ ਦਿਨ ਸ਼ਾਮ ਸਮੇਂ ਸਾੜਿਆ ਜਾਵੇਗਾ। ਇਸ ਵਾਰ ਸੋਨੇ ਦੀ ਲੰਕਾ ਨੂੰ ਸਾੜਨ ਦੀ ਪੇਸ਼ਕਾਰੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗੀ।
ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਚਰਨਜੀਤ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਗੁਰੁਦਆਰਾ ਸ੍ਰੀ ਸਿੰਘ ਸਭਾ ਸੈਕਟਰ-46 ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸੁਖ ਫਾਉਂਡੇਸ਼ਨ ਦੇ ਪ੍ਰਧਾਨ ਅਮਿਤ ਦੀਵਾਨ ਨੂੰ ‘ਚੰਡੀਗੜ੍ਹ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਿਸੇ ਸ਼ਰਾਰਤੀ ਅਨਸਰ ਨੇ ਦਸਹਿਰੇ ਤੋਂ ਪਹਿਲਾਂ ਹੀ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਲਈ ਵਾਰ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।

Advertisement

ਪੁਤਲਿਆਂ ਦੀ ਰਾਖੀ ਕਰਨਗੇ ਬਾਊਂਸਰ

ਸੈਕਟਰ-46 ਵਿੱਚ ਪਿਛਲੇ ਸਾਲ ਦਸਹਿਰੇ ਤੋਂ ਪਹਿਲੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਕੁੰਭਕਰਨ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਸੀ। ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਨੇ ਇਸ ਵਾਰ ਪੁਤਲਿਆਂ ਦੀ ਰਾਖੀ ਲਈ 40 ਬਾਊਂਸਰਾਂ ਨੂੰ ਤਾਇਨਾਤ ਕੀਤਾ ਹੈ। ਇਸ ਬਾਰੇ ਪ੍ਰਧਾਨ ਨਰਿੰਦਰ ਭਾਟੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਥ੍ਰੀ ਲੇਅਰ ਸੁਰੱਖਿਆ ਪ੍ਰਬੰਧ ਕੀਤੇ ਹਨ। ਸਭ ਤੋਂ ਬਾਹਰ ਪੁਲੀਸ, ਫੇਰ ਬਾਊਂਸਰ ਅਤੇ ਸਭ ਤੋਂ ਅੰਦਰ ਕਮੇਟੀ ਮੈਂਬਰ ਤਾਇਨਾਤ ਰਹਿਣਗੇ।

Advertisement

Advertisement
Author Image

sukhwinder singh

View all posts

Advertisement