ਦਿੱਲੀ ਵਿਚ 10 ਸਾਲਾ ਬੱਚੀ ਦੀ ਸਮੂਹਿਕ ਜਬਰ-ਜਨਾਹ ਤੋਂ ਬਾਅਦ ਹੱਤਿਆ
ਨਵੀਂ ਦਿੱਲੀ, 28 ਜੂਨ
ਉੱਤਰੀ ਦਿੱਲੀ ਵਿੱਚ ਇੱਕ 10 ਸਾਲਾ ਬੱਚੀ ਨਾਲ ਉਸ ਦੇ ਗੁਆਂਢੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਅੱਜ ਤੜਕੇ ਇੱਕ ਸੁੰਨੇ ਪਲਾਟ ਵਿੱਚੋਂ ਮਿਲੀ ਹੈ ਜਿਸ ਦਾ ਸਿਰ ਵੱਢਿਆ ਹੋਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪੀੜਤਾ ਦੇ ਪਿਤਾ ਵੱਲੋਂ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਪੀੜਤਾ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਤ ਕਰੀਬ 9.45 ਵਜੇ ਤੋਂ ਲਾਪਤਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲੀਸ ਨੂੰ ਲੜਕੀ ਦੀ ਲਾਸ਼ ਨੇੜੇ ਹੀ ਇੱਕ ਸੁੰਨਸਾਨ ਪਲਾਟ ਵਿੱਚ ਮਿਲੀ। ਡੀਸੀਪੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਪੀੜਤਾ ਦੇ ਗੁਆਂਢੀ ਰਾਹੁਲ (20) ਨੂੰ ਲੜਕੀ ਨੂੰ ਪਲਾਟ ਵੱਲ ਲਿਜਾਂਦਿਆਂ ਦੇਖਿਆ ਸੀ। ਡੀਸੀਪੀ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਹੁਲ ਅਤੇ ਦੇਵਦੱਤ (30) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।