ਦੋ ਹਜ਼ਾਰ ਰੁਪਏ ਦੇ 97.82 ਫੀਸਦੀ ਨੋਟ ਵਾਪਸ ਆਏ: ਆਰਬੀਆਈ
ਮੁੰਬਈ, 3 ਜੂਨ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਦੱਸਿਆ ਕਿ 2000 ਰੁਪਏ ਦੇ ਨੋਟਾਂ ਵਿੱਚੋਂ 97.82 ਫੀਸਦੀ ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਹਨ ਅਤੇ ਹੁਣ ਸਿਰਫ 7,755 ਕਰੋੜ ਰੁਪਏ ਦੇ ਨੋਟ ਲੋਕਾਂ ਕੋਲ ਪਏ ਹਨ। ਜ਼ਿਕਰਯੋਗ ਹੈ ਕਿ ਆਰਬੀਆਈ ਨੇ ਪਿਛਲੇ ਸਾਲ 19 ਮਈ ਨੂੰ 2000 ਰੁਪਏ ਦੇ ਨੋਟਾਂ ਨੂੰ ਬਾਜ਼ਾਰ ਵਿਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਸ ਵੇਲੇ ਦੋ ਹਜ਼ਾਰ ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ ਜੋ 31 ਮਈ, 2024 ਨੂੰ ਘੱਟ ਕੇ 7,755 ਕਰੋੜ ਰੁਪਏ ਰਹਿ ਗਈ ਹੈ ਤੇ ਇਸ ਵੇਲੇ ਤਕ 97.82 ਫੀਸਦੀ ਨੋਟ ਕੇਂਦਰੀ ਬੈਂਕ ਕੋਲ ਵਾਪਸ ਆ ਗਏ ਹਨ।
ਆਰਬੀਆਈ ਨੇ ਦੋ ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਲੋਕਾਂ ਨੂੰ ਇਹ ਨੋਟ ਬੈਂਕਾਂ ਕੋਲ 7 ਅਕਤੂਬਰ 2023 ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਇਨ੍ਹਾਂ ਨੋਟਾਂ ਨੂੰ ਬਦਲਣ ਦੀ ਸਹੂਲਤ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ਵਿੱਚ ਉਪਲਬਧ ਹੈ। ਆਰਬੀਆਈ ਨੇ ਦੱਸਿਆ ਕਿ 9 ਅਕਤੂਬਰ 2023 ਤੋਂ ਆਰਬੀਆਈ ਦਫ਼ਤਰ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਦੋ ਹਜ਼ਾਰ ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕ 2000 ਰੁਪਏ ਦੇ ਨੋਟ ਇੰਡੀਆ ਪੋਸਟ ਰਾਹੀਂ ਦੇਸ਼ ਦੇ ਕਿਸੇ ਵੀ ਡਾਕਘਰ ਤੋਂ ਆਪਣੇ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਕਰਨ ਲਈ ਆਰਬੀਆਈ ਦਫ਼ਤਰਾਂ ਨੂੰ ਭੇਜ ਰਹੇ ਹਨ। -ਪੀਟੀਆਈ