ਸਿਟੀ ਬਿਊਟੀਫੁਲ ’ਚ ਪਟਾਕੇ ਵੇਚਣ ਲਈ ਜਾਰੀ ਹੋਣਗੇ 96 ਲਾਇਸੈਂਸ
ਆਤਿਸ਼ ਗੁਪਤਾ
ਚੰਡੀਗੜ੍ਹ, 13 ਅਕਤੂਬਰ
ਯੂਟੀ ਪ੍ਰਸ਼ਾਸਨ ਵੱਲੋਂ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਆਰਜ਼ੀ ਤੌਰ ’ਤੇ ਪਟਾਕਿਆਂ ਦਾ ਕਾਰੋਬਾਰ ਕਰਨ ਲਈ ਸ਼ਹਿਰ ਵਿੱਚ 12 ਥਾਵਾਂ ਦੀ ਚੋਣ ਕੀਤੀ ਗਈ ਹੈ ਜਿੱਥੇ 96 ਜਣਿਆਂ ਨੂੰ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ। ਇਨ੍ਹਾਂ ਸਾਈਟਾਂ ਦਾ ਖੁਲਾਸਾ ਤੇ ਲਾਇਸੈਂਸ ਬਾਰੇ ਨੋਟਿਸ ਪ੍ਰਸ਼ਾਸਨ ਵੱਲੋਂ ਜਲਦ ਹੀ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਲਾਇਸੈਂਸ ਲਈ ਅਪਲਾਈ ਕਰਨ ਦੀ ਤਾਰੀਕ ਤੇ ਡਰਾਅ ਕੱਢੇ ਦੀ ਤਾਰੀਕ ਤੈਅ ਕੀਤੀ ਜਾਵੇਗੀ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਟਾਕਾ ਕਾਰੋਬਾਰੀਆਂ ਨੂੰ ਸਿਰਫ਼ ਗ੍ਰੀਨ ਪਟਾਕੇ ਹੀ ਵੇਚਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਆਨਲਾਈਨ ਲਾਇਸੈਂਸ ਲਈ ਅਪਲਾਈ ਕਰਵਾਇਆ ਜਾਵੇਗਾ, ਜਿਸ ਦੇ ਡਰਾਅ ਵੀ ਆਨਲਾਈਨ ਕੱਢੇ ਜਾਣਗੇ। ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਪਟਾਕੇ ਵੇਚਣ ਦਾ ਆਰਜ਼ੀ ਲਾਇਸੈਂਸ ਲੈਣ ਵਈ 500 ਰੁਪਏ ਫੀਸ ਤੈਅ ਕੀਤੀ ਹੈ। ਇਸ ਦੇ ਨਾਲ ਹੀ ਪਟਾਕਾ ਵਿਕਰੇਤਾ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਗੁਪਤਾ ਨੇ ਡਿਪਟੀ ਕਮਿਸ਼ਨਰ ਦੇ ਨਾਮ ਪੱਤਰ ਲਿਖ ਕੇ ਪਟਾਕੇ ਵੇਚਣ ਦੇ ਲਾਇਸੈਂਸ 15 ਦਿਨ ਪਹਿਲਾਂ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਟਾਕਿਆਂ ਦਾ ਕਾਰੋਬਾਰ ਕਰਨ ਵਾਲੇ ਸਮੇਂ ਸਿਰ ਪਟਾਕੇ ਖ਼ਰੀਦ ਸਕਣ।
ਦਵਿੰਦਰ ਗੁਪਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਟਾਕੇ ਦੀਆਂ ਦੁਕਾਨਾਂ 15X15 ਦੀ ਥਾਂ 15X30 ਫੁੱਟ ਦੀ ਤਿਆਰ ਕੀਤੀ ਜਾਵੇ ਤਾਂ ਜੋ ਹਰ ਦੁਕਾਨ ਵਿੱਚ ਖੜ੍ਹੇ ਹੋਣ ਦੀ ਥਾਂ ਬਚ ਸਕੇ। ਉਨ੍ਹਾਂ ਕਿਹਾ ਕਿ ਪਟਾਕੇ ਵੇਚਣ ਲਈ ਅਲਾਟ ਕੀਤੀਆਂ ਥਾਵਾਂ ’ਤੇ ਦੁਕਾਨਦਾਰਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੱਖਿਆ ਜਾਂਦਾ ਹੈ। ਇਸ ਲਈ ਸ਼ਹਿਰ ਵਿੱਚ ਪਟਾਕਾ ਮਾਰਕੀਟ ਲਗਾਉਣ ਲਈ ਅਲਾਟ ਕੀਤੀਆਂ ਥਾਵਾਂ ’ਤੇ ਬਿਜਲੀ, ਪਾਣੀ, ਪਖਾਨੇ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਪਾਰਕਿੰਗ ਲਈ ਥਾਂ ਵੀ ਅਲਾਟ ਕੀਤੀ ਜਾਵੇ।
ਦੀਵਾਲੀ ਨੂੰ ਦੋ ਘੰਟੇ ਪਟਾਕੇ ਚਲਾਉਣ ਲਈ ਪ੍ਰਵਾਨਗੀ
ਯੂਟੀ ਪ੍ਰਸ਼ਾਸਨ ਨੇ 31 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਰਾਤ ਨੂੰ 8 ਤੋਂ 10 ਵਜੇ ਤੱਕ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ 15 ਨਵੰਬਰ ਨੂੰ ਗੁਰਪੁਰਬ ’ਤੇ ਵੀ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਯੂਟੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਚੰਡੀਗੜ੍ਹ ਪੁਲੀਸ ਨੂੰ ਦਿੱਤੀ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੈਅ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।