ਪੈਰਿਸ ਪੈਰਾਲੰਪਿਕ ’ਚ 84 ਖਿਡਾਰੀਆਂ ਨਾਲ ਜਾਣਗੇ 95 ਅਧਿਕਾਰੀ
ਨਵੀਂ ਦਿੱਲੀ, 25 ਅਗਸਤ
ਭਾਰਤ ਦੀ 84 ਮੈਂਬਰੀ ਟੀਮ 28 ਅਗਸਤ ਤੋਂ ਸ਼ੁਰੂ ਹੋ ਰਹੇ ਪੈਰਿਸ ਪੈਰਾਲੰਪਿਕਸ ਵਿੱਚ ਹਿੱਸਾ ਲਵੇਗੀ। ਉਨ੍ਹਾਂ ਨਾਲ 95 ਅਧਿਕਾਰੀ ਵੀ ਜਾਣਗੇ। ਇਨ੍ਹਾਂ ਵਿੱਚ ਨਿੱਜੀ ਕੋਚ ਅਤੇ ਸਹਾਇਕ ਵੀ ਸ਼ਾਮਲ ਹਨ ਜੋ ਖਿਡਾਰੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਨਾਲ ਜਾਂਦੇ ਹਨ। ਇਸ ਤਰ੍ਹਾਂ ਭਾਰਤੀ ਦਲ ਵਿੱਚ ਕੁੱਲ 179 ਮੈਂਬਰ ਸ਼ਾਮਲ ਹਨ। ਇਨ੍ਹਾਂ 95 ਅਧਿਕਾਰੀਆਂ ’ਚੋਂ 77 ਟੀਮ ਅਧਿਕਾਰੀ, ਨੌਂ ਟੀਮ ਮੈਡੀਕਲ ਅਫਸਰ ਅਤੇ ਨੌਂ ਹੋਰ ਟੀਮ ਅਧਿਕਾਰੀ ਹਨ।
ਭਾਰਤ ਪੈਰਿਸ ਪੈਰਾਲੰਪਿਕਸ ਲਈ 84 ਅਥਲੀਟਾਂ ਦਾ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਸਤਾ ਭੇਜ ਰਿਹਾ ਹੈ। ਇਹ ਖਿਡਾਰੀ 12 ਖੇਡਾਂ ਵਿੱਚ ਹਿੱਸਾ ਲੈਣਗੇ। 2021 ਵਿੱਚ ਹੋਈਆਂ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੇ 54 ਖਿਡਾਰੀਆਂ ਨੇ ਨੌਂ ਖੇਡਾਂ ਵਿੱਚ ਹਿੱਸਾ ਲਿਆ ਸੀ। ਟੀਮ ਨੂੰ ਮਨਜ਼ੂਰੀ ਦਿੰਦਿਆਂ ਮੰਤਰਾਲੇ ਨੇ ਕਿਹਾ, “ਕੁਝ ਪੈਰਾ ਖਿਡਾਰੀਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁੱਝ ਨਿੱਜੀ ਕੋਚਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉਹ ਟੀਮ ਦੇ ਮੁਖੀ/ਮੁੱਖ ਕੋਚ ਦੇ ਨਿਰਦੇਸ਼ਾਂ ਅਨੁਸਾਰ ਬਾਕੀ ਖਿਡਾਰੀਆਂ ਨੂੰ ਵੀ ਲੋੜੀਂਦੀਆਂ ਸੇਵਾਵਾਂ ਦੇਣਗੇ।’’ -ਪੀਟੀਆਈ