ਸਿਹਤ ਮੰਤਰਾਲੇ ਨੂੰ 90,958 ਕਰੋੜ ਰੁਪਏ ਅਲਾਟ
ਨਵੀਂ ਦਿੱਲੀ:
ਕੇਂਦਰੀ ਸਿਹਤ ਮੰਤਰਾਲੇ ਨੂੰ ਬਜਟ ’ਚ 90,958.63 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ 2023-24 ਦੇ ਸੋਧੇ ਹੋਏ 80,517.62 ਕਰੋੜ ਰੁਪਏ ਦੇ ਅਨੁਮਾਨ ਤੋਂ 12.96 ਫੀਸਦ ਵੱਧ ਹਨ। ਸਰਕਾਰ ਨੇ ਕੈਂਸਰ ਦੇ ਇਲਾਜ ਲਈ ਤਿੰਨ ਦਵਾਈਆਂ (ਟਰੈਸਟੂਜ਼ੁਮੈਬ ਡੈਰੁਕਸ਼ਟੇਕੈਨ, ਓਸੀਮੈਰਟੀਨਿਬ ਤੇ ਡੁਰਵੈਲੁਮੈਬ) ’ਤੇ ਕਸਟਮ ਡਿਊਟੀ ਤੋਂ ਛੋਟ ਦਾ ਵੀ ਐਲਾਨ ਕੀਤਾ ਹੈ। ਆਯੂਸ਼ ਮੰਤਰਾਲੇ ਨੂੰ 3,712.49 ਕਰੋੜ ਰੁਪਏ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ 87,656.90 ਕਰੋੜ ਰੁਪਏ ਅਤੇ ਸਿਹਤ ਖੋਜ ਵਿਭਾਗ ਨੂੰ 3301.73 ਕਰੋੜ ਰੁਪਏ ਜਾਰੀ ਕੀਤੇ ਗਏ ਹਨ। -ਪੀਟੀਆਈ
ਕੇਂਦਰ ਨੇ ਸਬਸਿਡੀ ਖ਼ਰਚਾ ਘਟਾਇਆ
ਨਵੀਂ ਦਿੱਲੀ:
ਸਰਕਾਰ ਨੇ ਅੱਜ ਵਿੱਤੀ ਸਾਲ 2024-25 ਦੇ ਪੂਰਨ ਬਜਟ ’ਚ ਖੁਰਾਕ, ਖਾਦ ਤੇ ਬਾਲਣ ਲਈ ਆਪਣਾ ਸਬਸਿਡੀ ਖ਼ਰਚਾ 7.8 ਫੀਸਦ ਘਟਾਉਣ ਦਾ ਐਲਾਨ ਕੀਤਾ ਹੈ। ਚਾਲੂ ਵਿੱਤੀ ਸਾਲ ਲਈ ਕੁੱਲ ਸਬਸਿਡੀ ਅਲਾਟਮੈਂਟ 3,81,175 ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੇ 4,13,466 ਕਰੋੜ ਰੁਪਏ ਤੋਂ ਘੱਟ ਹੈ। ਖੁਰਾਕ ਸਬਸਿਡੀ ਲਈ 2,05,250 ਕਰੋੜ ਰੁਪਏ ਨਿਰਧਾਰਤ ਕੀਤੇ ਗਏ ਹਨ ਜੋ 31 ਮਾਰਚ 2024 ਨੂੰ ਖਤਮ ਹੋਏ ਵਿੱਤੀ ਵਰ੍ਹੇ ਲਈ 2,12,332 ਕਰੋੜ ਰੁਪਏ ਦੇ ਸੋਧੇ ਹੋਏ ਅਨੁਮਾਨ ਤੋਂ ਘੱਟ ਹੈ। ਖਾਦ ਸਬਸਿਡੀ ਤਹਿਤ ਪਿਛਲੇ ਵਿੱਤੀ ਵਰ੍ਹੇ ਲਈ 1,88,894 ਕਰੋੜ ਰੁਪਏ ਦੇ ਸੋਧੇ ਹੋਏ ਅਨੁਮਾਨ ਮੁਕਾਬਲੇ 2024-25 ਲਈ 1,64,000 ਕਰੋੜ ਰੁਪਏ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। -ਪੀਟੀਆਈ