Punjab: ਚੀਨੀ ਡੋਰ ਦੇ 900 ਗੱਟੇ ਬਰਾਮਦ
ਪੱਤਰ ਪ੍ਰੇਰਕ
ਜਲੰਧਰ, 19 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਚੀਨੀ ਡੋਰ ਦੇ 900 ਗੱਟੇ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਅਖਿਲ ਦੁਆ ਤੇ ਸੁਭਾਸ਼ ਦੂਆ ਵਾਸੀ ਕੇਜੀਐੱਸ ਪੈਲੇਸ ਨੇੜੇ ਨਿਜਾਤਮ ਨਗਰ ਜਲੰਧਰ ਨੇ ਆਪਣੇ ਘਰਾਂ ਵਿੱਚ ਪਤੰਗ ਉਡਾਉਣ ਵਿੱਚ ਵਰਤੀ ਜਾਣ ਵਾਲੀ ਗੈਰ-ਕਾਨੂੰਨੀ ਚੀਨੀ ਡੋਰ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਿਸ ਦੌਰਾਨ ਕਥਿਤ ਦੋਸ਼ੀਆਂ ਦੇ ਘਰਾਂ ’ਚੋਂ 900 ਗੱਟੂ ਨਾਜਾਇਜ਼ ਚੀਨੀ ਡੋਰ ਬਰਾਮਦ ਕੀਤੀ ਗਈ। ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਬੱਚੇ ਦਾ ਗਲਾ ਪਲਾਸਟਿਕ ਦੀ ਡੋਰ ਨਾਲ ਕੱਟਿਆ; ਜਾਨ ਬਚੀ
ਖੰਨਾ (ਨਿੱਜੀ ਪੱਤਰ ਪ੍ਰੇਰਕ):
ਇੱਥੋਂ ਦੇ ਮਾਤਾ ਰਾਣੀ ਮੁਹੱਲੇ ਵਿਚ ਕੁਝ ਬੱਚੇ ਪਲਾਸਟਿਕ ਡੋਰ ਨਾਲ ਪਤੰਗਾਂ ਫੜ ਰਹੇ ਸਨ। ਇਸ ਦੌਰਾਨ ਸਾਈਕਲ ਸਵਾਰ ਬੱਚੇ ਦੇ ਗਲੇ ਵਿਚ ਡੋਰ ਫਸਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮੌਕੇ ਦੀਪਕ ਮਹਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਪਲਵਿਸ਼ ਚਾਰ ਸਾਲ ਦਾ ਹੈ। ਗਲੀ ਵਿੱਚ ਸਾਈਕਲ ਚਲਾਉਂਦਿਆਂ ਉਸ ਦੇ ਗਲੇ ’ਚ ਡੋਰ ਫਸ ਗਈ ਜੋ ਗਲਾ ਕੱਟਦੀ ਹੋਈ ਹੱਡੀਆਂ ਤੱਕ ਪਹੁੰਚ ਗਈ। ਬੱਚੇ ਨੂੰ ਪਰਿਵਾਰਕ ਮੈਂਬਰ ਤੁਰੰਤ ਖੰਨਾ ਦੇ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰ ਨੇ ਉਸ ਦੇ ਟਾਂਕੇ ਲਾਏ। ਦੀਪਕ ਨੇ ਮੰਗ ਕੀਤੀ ਕਿ ਚੀਨੀ ਡੋਰ ਨੂੰ ਸਖਤੀ ਨਾਲ ਬੰਦ ਕੀਤਾ ਜਾਵੇ, ਜਿਸ ਲਈ ਪ੍ਰਸ਼ਾਸਨ ਵੱਲੋਂ ਠੋਸ ਕਦਮ ਚੁੱਕਣੇ ਚਾਹੀਦੇ ਹਨ।