ਘਰ ’ਚੋਂ 90 ਲੱਖ ਰੁਪਏ ਤੇ 15 ਤੋਲੇ ਸੋਨਾ ਚੋਰੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਨਵੰਬਰ
ਇਥੇ ਮਨਜੀਤ ਨਗਰ ਇਲਾਕੇ ਵਿੱਚ ਇੱਕ ਘਰ ਵਿੱਚੋਂ ਚੋਰ 90 ਲੱਖ ਦੀ ਨਕਦੀ ਤੇ 15 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਹਰਦੀਪ ਕੌਰ ਆਪਣੀਆਂ ਧੀਆਂ ਨਾਲ ਰਿਸ਼ਤੇਦਾਰੀ ਵਿੱਚ ਕਿਸੇ ਦੇ ਘਰ ਗਈ ਸੀ, ਜਦੋਂ ਪਿੱਛੇ ਉਸ ਦੇ ਘਰ ਵਿੱਚ ਚੋਰੀ ਹੋ ਗਈ। ਇਸ ਬਾਰੇ ਉਸ ਨੂੰ ਉਦੋਂ ਪਤਾ ਲੱਗਿਆ ਜਦੋਂ ਹਰਦੀਪ ਕੌਰ ਆਪਣੀਆਂ ਧੀਆਂ ਨਾਲ ਘਰ ਪਰਤੀ। ਘਰ ਦਾ ਤਾਲਾ ਤੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਤੇ ਅਲਮਾਰੀਆਂ ਵਿੱਚਲਾ ਸਾਮਾਨ ਵੀ ਖਿੱਲਰਿਆ ਪਿਆ ਸੀ। ਘਟਨਾ ਤਿੰਨ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਸਾਮਾਨ ਖਿੱਲਰਿਆ ਪਿਆ ਵੇਖ ਕੇ ਹਰਦੀਪ ਕੌਰ ਨੇ ਆਪਣੇ ਰਿਸ਼ਤੇਦਾਰ ਅਤੇ ਹੰਬੜਾ ਚੌਕੀ ’ਚ ਤਾਇਨਾਤ ਮੁਲਾਜ਼ਮ ਨੂੰ ਫੋਨ ਕੀਤਾ ਤੇ ਇਸ ਮਗਰੋਂ ਇਸ ਦੀ ਸੂਚਨਾ ਪੀਏਯੂ ਥਾਣੇ ਵਿੱਚ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਅੱਜ ਦੋ ਦਿਨਾਂ ਬਾਅਦ ਪੁਲੀਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੀਏਯੂ ਥਾਣੇ ਦੇ ਐਸਐਚਓ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਅਤੇ ਉਸ ਦੇ ਰਿਸ਼ਤੇਦਾਰ ਸਿਮਰਨਜੀਤ ਸਿੰਘ ਨੇ ਬਿਆਨ ਦਿੱਤੇ ਹਨ ਕਿ ਹਰਦੀਪ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਮਨਜੀਤ ਨਗਰ ਇਲਾਕੇ ਵਿੱਚ ਆਪਣੀਆਂ ਧੀਆਂ ਨਾਲ ਰਹਿੰਦੀ ਹੈ। ਖੰਨਾ ਇਲਾਕੇ ਵਿੱਚ ਉਨ੍ਹਾਂ ਦੀ ਜੱਦੀ ਜ਼ਮੀਨ ਸੀ ਜਿਸ ਦਾ ਸੌਦਾ 90 ਲੱਖ ਰੁਪਏ ਵਿੱਚ ਕੀਤਾ ਗਿਆ ਸੀ। ਇਹ ਰਕਮ ਉਸ ਨੇ ਆਪਣੇ ਘਰ ਵਿੱਚ ਹੀ ਰੱਖੀ ਹੋਈ ਸੀ। ਬੀਤੇ ਦਿਨੀਂ ਕਿਸੇ ਕੰਮ ਤੋਂ ਉਸ ਨੂੰ ਦੋਰਾਹਾ ਰਹਿੰਦੇ ਕਿਸੇ ਰਿਸ਼ਤੇਦਾਰ ਦੇ ਘਰੇ ਜਾਣਾ ਪਿਆ। ਅਗਲੇ ਦਿਨ ਜਦੋਂ ਉਹ ਆਪਣੇ ਘਰ ਪਰਤੀ ਤਾਂ ਚੋਰੀ ਦਾ ਪਤਾ ਲੱਗਿਆ।