ਲੁੱਟ-ਖੋਹ ਕਰਨ ਵਾਲੇ ਗਰੋਹ ਦੇ 9 ਮੈਂਬਰ ਗ੍ਰਿਫ਼ਤਾਰ
ਸਰਬਜੀਤ ਗਿੱਲ
ਫਿਲੌਰ, 2 ਸਤੰਬਰ
ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦੇ 9 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੁਖਦੇਵ ਸਿੰਘ ਵੱਲੋਂ ਕੀਤੀ ਵਿਸ਼ੇਸ਼ ਕਾਰਵਾਈ ਦੌਰਾਨ ਪੁਲੀਸ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ 11 ਮੋਟਰਸਾਈਕਲ ਅਤੇ 9 ਮਾਰੂ ਹਥਿਆਰਾਂ ਬਰਾਮਦ ਕੀਤੇ ਹਨ। ਡੀਐੱਸਪੀ ਨੇ ਦੱਸਿਆ ਕਿ ਇਸ ਗਰੋਹ ਨੇ ਜਖੀਰਾ ਇਲਾਕੇ ਵਿੱਚ ਦਰੱਖ਼ਤਾਂ ਅਤੇ ਝਾੜੀਆਂ ਵਿੱਚ ਲੁਕਣ ਲਈ ਜਗ੍ਹਾ ਬਣਾਈ ਹੋਈ ਸੀ, ਜਿੱਥੇ ਇਹ ਬੈਠ ਕੇ ਨਸ਼ਾ ਕਰਦੇ ਸਨ ਅਤੇ ਜਦੋਂ ਨਸ਼ੇ ਦੀ ਥੋੜ੍ਹ ਲੱਗਦੀ ਸੀ ਤਾਂ ਇਹ ਇਲਾਕਾ ਫਿਲੌਰ, ਨਗਰ, ਅੱਪਰਾ, ਗੁਰਾਇਆ, ਬਿਲਗਾ ਅਤੇ ਲੁਧਿਆਣਾ ਦੇ ਇਲਾਕੇ ਵਿੱਚ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ। ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਪਾਸੋਂ ਨਕਦੀ ਅਤੇ ਗਹਿਣੇ ਖੋਹ ਲੈਂਦੇ ਸਨ। ਪੁਲੀਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਇੰਸਪੈਕਟਰ ਸੁਖਦੇਵ ਸਿੰਘ, ਵਧੀਕ ਥਾਣਾ ਮੁਖੀ ਐੱਸਆਈ ਨਿਸ਼ਾਨ ਸਿੰਘ ਅਤੇ ਏਐੱਸਆਈ ਅੰਗਰੇਜ਼ ਸਿੰਘ ਅਤੇ ਹੋਰ ਮੁਲਾਜ਼ਮਾਂ ਨੇ ਪਿੰਡ ਜਖੀਰੇ ’ਚ ਘੇਰਾਬੰਦੀ ਕਰਕੇ ਗਰੋਹ ਦੇ 9 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਚੱਕ ਆਲਾ ਬਖਸ਼ ਅੰਮ੍ਰਿਤਸਰ, ਸੁਰਿੰਦਰ ਸਿੰਘ ਸੋਨੂ ਵਾਸੀ ਚੱਕ ਆਲਾ ਬਖਸ਼, ਮਹਿੰਦਰ ਕੁਮਾਰ, ਰਵੀ ਕੁਮਾਰ, ਜਸਪ੍ਰੀਤ ਜੱਸਾ ਵਾਸੀਆਨ, ਨੀਰਜ ਕੁਮਾਰ ਵਾਸੀ ਸ਼ੇਰਪੁਰ, ਮੈਥਿਓ ਮਸੀਹ ਵਾਸੀ ਪੰਜ ਢੇਰਾ, ਤਰਲੋਕ ਕੁਮਾਰ , ਪਰਮਜੀਤ ਵਾਸੀ ਮੁਹੱਲਾ ਚੌਧਰੀਆਂ ਫਿਲੌਰ ਸ਼ਾਮਲ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੇ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਹਨ। ਡੀਐੱਸਪੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਨੇ 25 ਤੋਂ ਵੱਧ ਵਾਰਦਾਤਾਂ ਕਬੂਲੀਆਂ ਹਨ।
ਪੈਟਰੋਲ ਪੰਪ ਤੋਂ ਨਕਦੀ ਲੁੱਟਣ ਵਾਲੇ ਤਿੰਨ ਗ੍ਰਿਫ਼ਤਾਰ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਲੋਹੀਆਂ ਖਾਸ ਦੀ ਪੁਲੀਸ ਨੇ ਪੈਟਰੋਲ ਪੰਪ ਤੋਂ ਲੁੱਟ-ਖੋਹ ਕਰ ਕੇ ਫਰਾਰ ਹੋਏ ਤਿੰਨ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਲੋਹੀਆਂ ਖਾਸ ਤੋਂ ਮਖੂ ਨੂੰ ਜਾਂਦੇ ਸਮੇਂ ਜੀਟੀਰੋਡ ਸਥਿਤ ਇਕ ਪੈਟਰੋਲ ਪੰਪ ਤੋਂ ਤਿੰਨ ਵਿਅਕਤੀ ਮੋਟਰਸਾਈਕਲ ’ਚ ਪੈਟਰੋਲ ਪਵਾਉਣ ਉਪਰੰਤ ਪਿਸਤੌਲ ਦਿਖਾ ਕੇ ਪੰਪ ਦੇ ਕਰਿੰਦੇ ਕੋਲੋਂ 10 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਮਗਰੋਂ ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਲਵਕਰਨ ਸਿੰਘ ਉਰਫ ਕਰਨ, ਗੁਰਮੇਲ ਸਿੰਘ ਉਰਫ ਗੇਲਾ ਵਾਸੀਆਨ ਪਰਿੰਗੜੀ ਥਾਣਾ ਹਰੀਕੇ (ਤਰਨਤਾਰਨ) ਅਤੇ ਕਰਨ ਸਿੰਘ ਵਾਸੀ ਸ਼ੇਰੇਬਾਲ ਥਾਣਾ ਸਿੱਧਵਾ ਬੇਟ (ਲੁਧਿਆਣਾ) ਨੂੰ ਇਕ ਦੇਸੀ, ਤਿੰਨ ਰੌਂਦ, ਦਾਤਰ, ਬਗੈਰ ਨੰਬਰੀ ਮੋਟਰਸਾਈਕਲ ਅਤੇ ਖੋਹ ਕੀਤੀ ਰਕਮ ’ਚੋਂ 5 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕਰ ਲਿਆ। ਪੁਲੀਸ ਅਨੁਸਾਰ ਕਤਲ ਮਾਮਲੇ ਵਿੱਚ ਫਰਾਰ ਚੱਲ ਰਹੇ ਮੁਲਜ਼ਮ ਸ਼ੁਭਮ ਵਾਸੀ ਸਲੈਚ ਨੂੰ ਵੀ ਗ੍ਰਿਫਤਾਰ ਕੀਤਾ ਹੈ।