For the best experience, open
https://m.punjabitribuneonline.com
on your mobile browser.
Advertisement

ਗੜ੍ਹਸ਼ੰਕਰ ਨੇੜੇ ਵਾਹਨ ਰੁੜ੍ਹਨ ਕਾਰਨ ਪਰਿਵਾਰ ਦੇ 9 ਜੀਆਂ ਦੀ ਮੌਤ

07:11 AM Aug 12, 2024 IST
ਗੜ੍ਹਸ਼ੰਕਰ ਨੇੜੇ ਵਾਹਨ ਰੁੜ੍ਹਨ ਕਾਰਨ ਪਰਿਵਾਰ ਦੇ 9 ਜੀਆਂ ਦੀ ਮੌਤ
ਜੇਜੋਂ ਦੁਆਬਾ ਖੱਡ ਕੋਲ ਪਾਣੀ ਦੇ ਵਹਾਅ ਵਿੱਚ ਰੁੜ੍ਹੀ ਕਾਰ।
Advertisement

ਆਤਿਸ਼ ਗੁਪਤਾ/ਜੰਗ ਬਹਾਦਰ ਸਿੰਘ/ਜੋਗਿੰਦਰ ਕੁੱਲੇਵਾਲ
ਚੰਡੀਗੜ੍ਹ/ਗੜ੍ਹਸ਼ੰਕਰ, 11 ਅਗਸਤ
ਪੰਜਾਬ ਤੇ ਹਰਿਆਣਾ ਵਿੱਚ ਲੰਘੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਮੀਂਹ ਕਾਰਨ ਸਾਰੇ ਪਾਸੇ ਜਲਥਲ ਹੋ ਗਈ ਤੇ ਕਈ ਸ਼ਹਿਰਾਂ ਦੀਆਂ ਮੁੱਖ ਸੜਕਾਂ ਪਾਣੀ ’ਚ ਡੁੱਬ ਗਈਆਂ। ਇਸੇ ਦੌਰਾਨ ਗੜ੍ਹਸ਼ੰਕਰ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਵਿੱਚ ਅੱਜ ਇੱਕ ਇਨੋਵਾ ਕਾਰ ਮੀਂਹ ਕਾਰਨ ਪਿੱਛੋਂ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ ਅਤੇ ਇਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਨੌਂ ਮੈੈਂਬਰਾਂ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਕਾਰ ਡਰਾਈਵਰ ਵੀ ਸ਼ਾਮਲ ਹੈ। ਇਲਾਕਾ ਵਾਸੀਆਂ ਨੇ ਭਾਰੀ ਮੁਸ਼ੱਕਤ ਮਗਰੋਂ ਇੱਕ ਵਿਅਕਤੀ ਨੂੰ ਬਚਾਅ ਲਿਆ ਹੈ। ਜਾਣਕਾਰੀ ਅਨੁਸਾਰ ਵਾਹਨ ਵਿੱਚ 12 ਜਣੇ ਸਵਾਰ ਸਨ। ਪ੍ਰਸ਼ਾਸਨ ਵੱਲੋਂ ਨੌਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂਕਿ ਦੋ ਹਾਲੇ ਵੀ ਲਾਪਤਾ ਹਨ।
ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਹਰਾ (ਮਹਿਤਪੁਰ) ਦਾ ਰਹਿਣ ਵਾਲਾ ਸੀ ਅਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂਸ਼ਹਿਰ (ਪੰਜਾਬ) ਜਾ ਰਿਹਾ ਸੀ। ਹਾਦਸਾ ਸਵੇਰੇ ਕਰੀਬ ਦਸ ਵਜੇ ਵਾਪਰਿਆ। ਬਚਾਏ ਗਏ ਵਿਅਕਤੀ ਦੀ ਪਛਾਣ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਦੇਹਰਾ ਵਜੋਂ ਹੋਈ ਹੈ। ਦੀਪਕ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਕਿਰਾਏ ਦੇ ਵਾਹਨ ਰਾਹੀਂ ਨਵਾਂਸ਼ਹਿਰ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਜੇਜੋਂ ਨੇੜੇ ਉਨ੍ਹਾਂ ਦਾ ਵਾਹਨ ਖੱਡ ਵਿੱਚ ਫਸ ਗਿਆ ਅਤੇ ਪਿੱਛੋਂ ਆਏ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਉਨ੍ਹਾਂ ਕਿਹਾ ਕਿ ਕਾਰ ਵਿੱਚ ਉਸਦਾ ਪਿਤਾ ਸੁਰਜੀਤ ਸਿੰਘ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਿੰਨੋਂ, ਸਮੇਤ ਉਸ ਦੀਆਂ ਦੋ ਲੜਕੀਆਂ ਭਾਵਨਾ (19), ਅੰਕੂ (20), ਪੁੱਤਰ ਹਰਸ਼ਿਤ (12) ਅਤੇ ਕਾਰ ਚਾਲਕ ਸਮੇਤ ਇੱਕ ਹੋਰ ਵਿਅਕਤੀ ਸਵਾਰ ਸਨ। ਵਾਹਨ ਦੇ ਖੱਡ ਵਿੱਚ ਹੜ੍ਹ ਜਾਣ ਪਿੱਛੋਂ ਇਲਾਕਾ ਵਾਸੀਆਂ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ, ਪਰ ਉਨ੍ਹਾਂ ਨੂੰ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਾਫ਼ੀ ਜੱਦੋ-ਜਹਿਦ ਮਗਰੋਂ ਕਾਰ ਸਵਾਰਾਂ ’ਚੋਂ ਦੀਪਕ ਭਾਟੀਆ ਨੂੰ ਬਚਾਅ ਲਿਆ। ਕਾਰ ਖੱਡ ਵਿੱਚ ਕਰੀਬ 150 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ। ਐੱਸਡੀਐੱਮ ਗੜ੍ਹਸ਼ੰਕਰ ਸ਼ਿਵ ਰਾਜ ਬੱਲ ਨੇ ਕਿਹਾ ਕਿ ਰਾਹਤ ਕਾਰਜ ਜਾਰੀ ਹਨ ਅਤੇ ਨੌਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਦੌਰਾਨ ਲੰਘੀ ਰਾਤ ਤੋਂ ਪੈ ਰਹੇ ਮੀਂਹ ਦਾ ਪਾਣੀ ਘਰਾਂ ਅੰਦਰ ਦਾਖਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ 15 ਅਗਸਤ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ, ਗੁਰਦਾਸਪੁਰ ਸਣੇ ਹੋਰਨਾਂ ਸ਼ਹਿਰਾਂ ਵਿੱਚ ਭਰਵਾਂ ਮੀਂਹ ਪਿਆ ਹੈ ਜਿੱਥੇ 2 ਤੋਂ 3 ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ, ਜਲੰਧਰ, ਮੁਹਾਲੀ ਤੇ ਪਟਿਆਲਾ ਦੀਆਂ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਵਾਹਨ ਚਾਲਕਾਂ ਤੇ ਹੋਰ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ 158.6 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 59.2 ਐੱਮਐੱਮ, ਲੁਧਿਆਣਾ ਵਿੱਚ 57 ਐੱਮਐੱਮ, ਪਟਿਆਲਾ ’ਚ 62 ਐੱਮਐੱਮ, ਪਠਾਨਕੋਟ ਵਿੱਚ 84 ਐੱਮਐੱਮ, ਗੁਰਦਾਸਪੁਰ ਵਿੱਚ 68.8 ਐੱਮਐੱਮ, ਮੁਹਾਲੀ ਵਿੱਚ 67.5 ਐੱਮਐੱਮ, ਰੋਪੜ ਵਿੱਚ 84 ਐੱਮਐੱਮ, ਬਲਾਚੌਰ ’ਚ 73.5 ਐੱਮਐੱਮ, ਨਵਾਂ ਸ਼ਹਿਰ ਵਿੱਚ 4.1 ਐੱਮਐੱਮ, ਫਰੀਦਕੋਟ ਵਿੱਚ 6.5 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 3 ਐੱਮਐੱਮ, ਫਿਰੋਜ਼ਪੁਰ ਵਿੱਚ 5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 12, 13 ਤੇ 15 ਅਗਸਤ ਨੂੰ ਕਈ ਥਾਵਾਂ ’ਤੇ ਰੁੱਕ-ਰੁੱਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਲੰਘੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਵੀ ਰਾਹਤ ਦਿੱਤੀ ਹੈ ਜਿਨ੍ਹਾਂ ਨੂੰ ਮੀਂਹ ਨਾ ਪੈਣ ਕਰਕੇ ਨਹਿਰੀ ਤੇ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਰਹਿਣਾ ਪੈ ਰਿਹਾ ਸੀ। ਮੀਂਹ ਕਰਕੇ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਘੱਟ ਗਈ ਹੈ ਜਿਸ ਨਾਲ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਪੰਜਾਬ ’ਚ ਅੱਜ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ।

Advertisement

ਪੰਜਾਬ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੜ੍ਹਸ਼ੰਕਰ ਦੇ ਪਿੰਡ ਜੇਜੋਂ ਨੇੜੇ ਮੋਹਲੇਧਾਰ ਮੀਂਹ ਕਾਰਨ 11 ਵਿਅਕਤੀਆਂ ਦੇ ਪਾਣੀ ਵਿੱਚ ਡੁੱਬਣ ਦੀ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਪੀੜਤ ਪਰਿਵਾਰ ਦੇ ਵਾਰਸਾਂ ਨੂੰ ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ। ਉਧਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

Advertisement

ਤਾਪਮਾਨ ’ਚ 5 ਡਿਗਰੀ ਸੈਲਸੀਅਸ ਦੀ ਗਿਰਾਵਟ

ਮੀਂਹ ਪੈਣ ਕਰਕੇ ਪੰਜਾਬ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਘੱਟ ਗਿਆ ਹੈ। ਪੰਜਾਬ ਦੇ ਅਬੋਹਰ ਸ਼ਹਿਰ ਦਾ ਤਾਪਮਾਨ ਸਭ ਤੋਂ ਵੱਧ 39.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 27.8, ਅੰਮ੍ਰਿਤਸਰ ਦਾ 29.6, ਲੁਧਿਆਣਾ ਦਾ 28.2, ਪਟਿਆਲਾ ਦਾ 29.5, ਪਠਾਨਕੋਟ ਦਾ 30.3, ਫਰੀਦਕੋਟ ਦਾ 32.9, ਫਤਹਿਗੜ੍ਹ ਸਾਹਿਬ ਦਾ 27.1, ਫਿਰੋਜ਼ਪੁਰ ਦਾ 30.1, ਜਲੰਧਰ ਦਾ 26.8, ਮੁਹਾਲੀ ਦਾ 27.5, ਸੰਗਰੂਰ ਦਾ 32, ਬਲਾਚੌਰ ਦਾ 25.7, ਗੁਰਦਾਸਪੁਰ ਦਾ 31.6, ਮੋਗਾ ਦਾ 28.3 ਅਤੇ ਰੂਪਨਗਰ ਦਾ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਿਮਾਚਲ ’ਚ ਮੀਂਹ ਕਾਰਨ ਤਿੰਨ ਮੌਤਾਂ, ਇਕ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਰਾਮਪੁਰ ਬੁਸ਼ਹਿਰ ’ਚ ਮੀਂਹ ਕਾਰਨ ਨੁਕਸਾਨਿਆ ਗਿਆ ਪੁਲ।

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਦੋ ਕੁੜੀਆਂ ਤੇ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਲਾਪਤਾ ਹੋ ਗਿਆ। ਇਸ ਦੌਰਾਨ ਸੂਬੇ ਵਿੱਚ 280 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 150 ਦੇ ਕਰੀਬ ਸੜਕਾਂ ਤਾਂ ਸ਼ਨਿਚਰਵਾਰ ਨੂੰ ਹੀ ਬੰਦ ਹੋ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਊਨਾ ਵਿੱਚ ਨਦੀਆਂ-ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਜਦੋਂਕਿ ਲਾਹੌਲ ਤੇ ਸਪਿਤੀ ਪੁਲੀਸ ਨੇ ਸਥਾਨਕ ਲੋਕਾਂ ਤੇ ਯਾਤਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜਾਹਲਮਾਨ ਨਾਲਾ ਪਾਰ ਨਾ ਕਰਨ ਲਈ ਕਿਹਾ ਹੈ ਕਿਉਂਕਿ ਇਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਅਧਿਕਾਰੀਆਂ ਮੁਤਾਬਕ, ਊਨਾ ਜ਼ਿਲ੍ਹੇ ਦੀ ਹਰੋਲੀ ਤਹਿਸੀਲ ਵਿੱਚ ਆਏ ਹੜ੍ਹਾਂ ਵਿੱਚ ਚਾਰ ਤੇ ਸੱਤ ਸਾਲ ਦੀਆਂ ਦੋ ਕੁੜੀਆਂ ਅਤੇ ਇਕ 18 ਸਾਲ ਦੀ ਮਹਿਲਾ ਦੀ ਮੌਤ ਹੋ ਗਈ। ਇਸ ਦੌਰਾਨ ਇਕ ਵਿਅਕਤੀ ਲਾਪਤਾ ਹੋ ਗਿਆ ਜਿਸ ਦੀ ਭਾਲ ਜਾਰੀ ਹੈ। ਊਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਦੇ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਮਾਰਕੰਡਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਰ ਕੇ ਸਿਰਮੌਰ ਜ਼ਿਲ੍ਹੇ ਦੀ ਪਾਉਂਟਾ ਸਾਹਿਬ ਤਹਿਸੀਲ ਦੇ ਪਿੰਡ ਕਾਤਸਾਨ ਨੇੜੇ ਫਸੇ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਨੂੰ 13 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਲਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਮੀਂਹ ਕਾਰਨ ਨੁਕਸਾਨੀਆਂ ਗਈਆਂ 288 ਸੜਕਾਂ ਵਿੱਚੋਂ 138 ਸੜਕਾਂ ਸ਼ੁੱਕਰਵਾਰ ਅਤੇ 150 ਸੜਕਾਂ ਸ਼ਨਿਚਰਵਾਰ ਨੂੰ ਬੰਦ ਹੋ ਗਈਆਂ ਸਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅੰਕੜਿਆਂ ਅਨੁਸਾਰ ਮੰਡੀ ਵਿੱਚ 96, ਸ਼ਿਮਲਾ ਵਿੱਚ 76, ਕੁੱਲੂ ਵਿੱਚ 37, ਸਿਰਮੌਰ ਵਿੱਚ 33, ਚੰਬਾ ’ਚ 26, ਲਾਹੌਲ ਤੇ ਸਪਿਤੀ ਵਿੱਚ ਸੱਤ, ਹਮੀਰਪੁਰ ਵਿੱਚ ਪੰਜ ਅਤੇ ਕਾਂਗੜਾ ਤੇ ਕਿਨੌਰ ਵਿੱਚ ਚਾਰ-ਚਾਰ ਸੜਕਾਂ ਬੰਦ ਹੋਈਆਂ ਹਨ। ਪੂਹ ਅਤੇ ਕੌਰਿਕ ਵਿਚਾਲੇ ਅਚਾਨਕ ਹੜ੍ਹ ਅਤੇ ਨੇਗੁਲਸਾਰੀਨ ਨੇੜੇ ਕੌਮੀ ਮਾਰਗ ਨੰਬਰ-5 ’ਤੇ ਜ਼ਮੀਨ ਖਿਸਕਣ ਕਾਰਨ ਕਿਨੌਰ ਜ਼ਿਲ੍ਹਾ ਰਾਜਧਾਨੀ ਸ਼ਿਮਲਾ ਤੋਂ ਕੱਟਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵੀ ਅਸਰਅੰਦਾਜ਼ ਹੋਈਆਂ ਹਨ। ਉੱਧਰ ਕੁੱਲੂ, ਮੰਡੀ ਅਤੇ ਸ਼ਿਮਲਾ ਵਿੱਚ 31 ਜੁਲਾਈ ਮਗਰੋਂ ਆਏ ਹੜ੍ਹਾਂ ਵਿੱਚ ਲਾਪਤਾ ਹੋਏ 30 ਦੇ ਕਰੀਬ ਵਿਅਕਤੀਆਂ ਨੂੰ ਲੱਭਣ ਦਾ ਕੰਮ ਜਾਰੀ ਹੈ, ਪਰ ਅਜੇ ਤੱਕ ਕੋਈ ਵੱਡੀ ਸਫ਼ਲਤਾ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 28 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 27 ਜੂਨ ਤੋਂ 9 ਅਗਸਤ ਤੱਕ ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 842 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉੱਧਰ, ਮੌਸਮ ਵਿਭਾਗ ਦੇ ਖੇਤਰੀ ਦਫ਼ਤਰ ਨੇ ਅੱਜ ‘ਔਰੇਂਜ’ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਬਿਲਾਸਪੁਰ, ਚੰਬਾ, ਹਮੀਰਪੁਰ, ਕੁੱਲੂ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਵਿਚਲੀਆਂ ਅਲੱਗ-ਥਲੱਗ ਥਾਵਾਂ ’ਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਗਰਜ ਨਾਲ ਬਿਜਲੀ ਵੀ ਲਿਸ਼ਕੇਗੀ। ਮੌਸਮ ਵਿਭਾਗ ਨੇ ਚੰਬਾ, ਹਮੀਰਪੁਰ, ਕੁੱਲੂ, ਮੰਡੀ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੀਆਂ ਵੱਖ -ਵੱਖ ਥਾਵਾਂ ’ਤੇ ਹਲਕੇ ਤੋਂ ਮੱਧਮ ਹੜ੍ਹਾਂ ਦੇ ਖਤਰੇ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। -ਪੀਟੀਆਈ

ਰਾਜਸਥਾਨ ਵਿੱਚ 14 ਮੌਤਾਂ

ਜੈਪੁਰ: ਰਾਜਸਥਾਨ ਵਿੱਚ ਅੱਜ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਰਾਜਧਾਨੀ ਜੈਪੁਰ ਵਿੱਚ ਕਾਨੋਤਾ ਡੈਮ ਦੇ ਪਾਣੀ ਵਿੱਚ ਪੰਜ ਵਿਅਕਤੀ ਰੁੜ੍ਹ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿੱਚ ਪੈਂਦੇ ਹਿੰਡੌਨ ਵਿੱਚ ਸ਼ਨਿਚਰਵਾਰ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਭਰਤਪੁਰ ਵਿੱਚ ਇਕ ਨਦੀ ’ਚ ਨਹਾਉਂਦੇ ਹੋਏ ਸੱਤ ਵਿਅਕਤੀ ਡੁੱਬ ਗਏ। ਇਸ ਤੋਂ ਇਲਾਵਾ ਜੈਪੁਰ ਵਿੱਚ ਕਾਨੋਤਾ ਡੈਮ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਪੰਜ ਵਿਅਕਤੀ ਰੁੜ੍ਹ ਗਏ। ਝੁਨਝੁਨੂ ਦੇ ਪਿੰਡ ਮਹਿਰਾਨਾ ਪਿੰਡ ਵਿੱਚ ਇਕ ਤਲਾਬ ਵਿੱਚ ਨਹਾਉਂਦੇ ਹੋਏ ਤਿੰਨ ਵਿਅਕਤੀ ਡੁੱਬ ਗਏ। ਕਰੌਲੀ ਵਿੱਚ ਭਾਰੀ ਮੀਂਹ ਕਾਰਨ ਡਿੱਗੇ ਇਕ ਮਕਾਨ ਦੇ ਮਲਬੇ ਹੇਠ ਦੱਬ ਕੇ ਪਿਓ-ਪੁੱਤ ਦੀ ਮੌਤ ਹੋ ਗਈ। ਘਟਨਾ ਵੇਲੇ ਉਹ ਘਰ ਵਿੱਚ ਸੁੱਤੇ ਪਏ ਸਨ। ਇਸੇ ਤਰ੍ਹਾਂ ਬਾਂਸਵਾੜਾ ਦੇ ਕੇਦੀਆ ਨਾਲੇ ਵਿੱਚ ਡੁੱਬ ਕਿ ਇਕ 19 ਸਾਲਾ ਨਰਸਿੰਗ ਵਿਦਿਆਰਥਣ ਦੀ ਮੌਤ ਹੋ ਗਈ। ਸਵਾਈ ਮਾਧੋਪੁਰ ਵਿੱਚ ਵੀ ਇਕ ਵਿਅਕਤੀ ਤਲਾਬ ਵਿੱਚ ਡੁੱਬ ਗਿਆ। -ਪੀਟੀਆਈ

Advertisement
Author Image

sukhwinder singh

View all posts

Advertisement