ਭਾਰਤੀ ਮੈਡੀਕਲ ਮਿਸ਼ਨ ਦੀ 86ਵੀਂ ਵਰ੍ਹੇਗੰਢ ਮੌਕੇ ਸਮਾਗਮ
ਗੁਰਿੰਦਰ ਸਿੰਘ
ਲੁਧਿਆਣਾ, 22 ਸਤੰਬਰ
ਮਨੁੱਖਤਾ ਦੀ ਸੇਵਾ ਕਰਨ ਲਈ ਚੀਨ ਗਏ ਭਾਰਤੀ ਡਾਕਟਰਾਂ ਦੇ ਭਾਰਤੀ ਮੈਡੀਕਲ ਮਿਸ਼ਨ ਦੀ 86ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਡਾ. ਡੀਐਨ ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵਿੱੱਚ ਹੋਇਆ, ਜਿਸ ਵਿਚ ਦੇਸ਼ ਦੇ ਪ੍ਰਸਿੱਧ ਐਕਯੂਪੰਕਚਰਿਸਟ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਿਧਾਇਕ ਮਦਨ ਲਾਲ ਬੱਗਾ ਤੋਂ ਇਲਾਵਾ ਮੰਤਰੀ ਕੌਂਸਲਰ ਵਾਂਗ ਸ਼ਿੰਗ ਮਿੰਗ ਅਤੇ ਭਾਰਤ ਸਥਿਤ ਚੀਨੀ ਦੂਤਘਰ ਦੇ 4 ਹੋਰ ਡਿਪਲੋਮੈਟਾਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਵਾਗਤ ਹਸਪਤਾਲ ਕਮੇਟੀ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਜਨਰਲ ਸਕੱਤਰ ਡਾ. ਇਕਬਾਲ ਸਿੰਘ ਗਿੱਲ (ਆਈਪੀਐਸ), ਐਡਵੋਕੇਟ ਕੇਆਰ ਸੀਕਰੀ, ਉਪ ਪਿ੍ੰਸੀਪਲ ਆਨੰਦ ਤਾਇਲ, ਜਗਦੀਸ਼ ਸਿਡਾਨਾ, ਅਸ਼ਵਨੀ ਵਰਮਾ, ਜਸਵੰਤ ਸਿੰਘ ਛਾਪਾ, ਗੌਤਮ ਜਲੰਧਰੀ, ਸ਼ਰਦ ਅਗਰਵਾਲ ਤੇ ਸੁਖਦੇਵ ਸਲੇਮਪੁਰੀ ਨੇ ਕੀਤਾ। ਇਸ ਮੌਕੇ ਡਾ. ਦਵਾਰਕਾ ਨਾਥ ਕੋਟਨਿਸ ਦੇ ਮਾਨਵਤਾ ਦੀ ਸੇਵਾ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਪੰਜਾਬ ਭਰ ਵਿੱਚ ਐਕੂਪੰਕਚਰ ਕੈਂਪ ਲਗਾਉਣ ਲਈ ਚੀਨੀ ਅੰਬੈਸੀ ਵੱਲੋਂ ਹਸਪਤਾਲ ਨੂੰ ਇੱਕ ਐਂਬੂਲੈਂਸ ਵੀ ਦਾਨ ਕੀਤੀ ਗਈ। ਇਸ ਸਮਾਗਮ ਵਿੱਚ ਡਾ. ਪੀਬੀ ਲੋਹੀਆ ਵੱਲੋਂ ਐਕਿਊਪੰਕਚਰ ਇਲਾਜ ਪ੍ਰਣਾਲੀ ਬਾਰੇ ਲਿਖੀ ਪੁਸਤਕ ਰਿਲੀਜ਼ ਕੀਤੀ ਗਈ ਅਤੇ ਡਾ. ਲੋਹੀਆ ਨੂੰ ਜੈਮ ਆਫ਼ ਐਕੂਪੰਕਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੀਨ ਦੇ ਮੰਤਰੀ ਕੌਂਸਲਰ ਵਾਂਗ ਸ਼ਿੰਗ ਮਿੰਗ ਨੇ ਕਿਹਾ ਕਿ ਭਾਰਤ ਦੇ ਮਹਾਨ ਡਾਕਟਰ ਕੋਟਨਿਸ ਅਤੇ ਡਾ. ਬਾਸੂ ਨੇ ਜਿਸ ਤਰ੍ਹਾਂ ਔਖੇ ਸਮੇਂ ਵਿਚ ਚੀਨੀ ਲੋਕਾਂ ਦੀ ਮਦਦ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ, ਉਸ ਦੀ ਚੀਨੀ ਲੋਕਾਂ ਦੇ ਦਿਲਾਂ ਵਿੱਚ ਬਹੁਤ ਕਦਰ ਹੈ। ਉਨ੍ਹਾਂ ਦੱਸਿਆ ਕਿ ਚੀਨ ਵਿੱਚ ਡਾ. ਕੋਟਨਿਸ ਦਾ ਯਾਦਗਾਰੀ ਬੁੱਤ ਵਾਰ ਮਿਊਜ਼ੀਅਮ ਵਿੱਚ ਸਥਾਪਤ ਹੈ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਨੇ ਕੋਟਨੀਸ ਹਸਪਤਾਲ ਵਿੱਚ ਐਕੂਪੰਕਚਰ ਵਿਧੀ ਰਾਹੀਂ ਗਰੀਬਾਂ ਦੇ ਕੀਤੇ ਜਾ ਰਹੇ ਇਲਾਜ਼ ਦੀ ਸ਼ਲਾਘਾ ਕੀਤੀ।