ਬਠਿੰਡਾ ਜ਼ਿਲ੍ਹੇ ’ਚ 85 ਹਜ਼ਾਰ ਏਕੜ ਫਸਲਾਂ ਪ੍ਰਭਾਵਿਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਾਰਚ
ਪੰਜਾਬ ਤੇ ਹਰਿਆਣਾ ਵਿੱਚ ਪਿਛਲੇ 36 ਘੰਟਿਆਂ ਤੋਂ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਪੱਕਣ ਨੇੜੇ ਖੜ੍ਹੀ ਕਣਕ ਸਣੇ ਹਾੜੀ ਦੀਆਂ ਹੋਰ ਫ਼ਸਲਾਂ ਵਿਛਾ ਦਿੱਤੀਆਂ ਹਨ। ਇਕੱਲੇ ਬਠਿੰਡਾ ਜ਼ਿਲ੍ਹੇ ਦੇ 70 ਪਿੰਡ ਵਿੱਚ 85 ਹਜ਼ਾਰ ਦੇ ਕਰੀਬ ਕਣਕ ਤੇ ਸਰ੍ਹੋਂ ਦਾ ਰਕਬਾ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਫਰੀਦਕੋਟ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਵੀ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਣਕ ਦੀ ਫਸਲ ਵਿਛਣ ਕਾਰਨ ਕਿਸਾਨਾਂ ਨੂੰ ਇਸ ਦਾ ਝਾੜ ਘਟਣ ਦਾ ਖਦਸ਼ਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਬਲਾਕ ਦੇ 32, ਨਥਾਣਾ ਦੇ 8, ਫੂਲ ਬਲਾਕ ਦੇ 16 ਅਤੇ ਸੰਗਤ ਦੇ 14 ਪਿੰਡਾਂ ਵਿੱਚ ਕੁਦਰਤ ਦਾ ਕਹਿਰ ਵਾਪਰਿਆ ਹੈ। ਇਸੇ ਤਰ੍ਹਾਂ ਸੰਗਤਪੁਰਾ ਤੇ ਗੋਨਿਆਣਾ ਵਿੱਚ 5 ਫ਼ੀਸਦ ਦੇ ਕਰੀਬ ਫਸਲ ਨੁਕਸਾਨੀ ਗਈ ਹੈ ਜਦਕਿ ਫਰੀਦਕੋਟ ਤੇ ਲੁਧਿਆਣਾ ਜ਼ਿਲ੍ਹੇ ਦੇ ਕੁਝ ਹਿੱਸੇ ਵਿੱਚ 2 ਤੋਂ 3 ਫ਼ੀਸਦ ਫਸਲ ਦੇ ਖਰਾਬ ਦੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਵੇਗਾ। ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਹਦਾਇਤਾਂ ’ਤੇ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵੱਲੋਂ ਫਸਲਾਂ ਦੇ ਖਰਾਬੇ ਤੇ ਮੀਂਹ ਕਰਕੇ ਹੋਣ ਵਾਲੇ ਨੁਕਸਾਨ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਆਗੂਆਂ ਨੇ ਖਰਾਬੇ ਦੀ ਗਿਰਦਾਵਰੀ ਦੀ ਮੰਗ ਕੀਤੀ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਸੂਬੇ ਵਿੱਚ ਮੀਂਹ, ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਕਣਕ ਤੇ ਹੋਰ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਂਹ ਤੇ ਝੱਖੜ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ। ਕਣਕ ਦੀ ਫਸਲ ਵਿਛਣ ਕਾਰਨ ਇਸ ਦਾ ਝਾੜ ਘਟੇਗਾ। ਉਨ੍ਹਾਂ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।