ਜ਼ਿਲ੍ਹੇ ’ਚ 80 ਫੀਸਦ ਫਸਲ ਦੀ ਲਿਫ਼ਟਿੰਗ ਹੋਈ: ਡੀਸੀ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਨਵੰਬਰ
ਪਟਿਆਲਾ ਜ਼ਿਲ੍ਹੇ ਅੰਦਰ ਝੋਨੇ ਦੀ ਵਾਢੀ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਵੀ ਮੱਠੀ ਹੋ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 2.33 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਕਾਸ਼ਤ ਹੋਈ ਸੀ ਜਿਸ ਵਿੱਚੋਂ 9 ਨਵੰਬਰ ਤੱਕ 99 ਫੀਸਦ ਫ਼ਸਲ ਦੀ ਵਾਢੀ ਹੋ ਚੁੱਕੀ ਹੈ। ਮੰਡੀਆਂ ਵਿੱਚ ਲਿਫ਼ਟਿੰਗ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖਰੀਦੇ ਗਏ ਝੋਨੇ ਵਿੱਚੋਂ ਹੁਣ ਤੱਕ 80 ਫੀਸਦ ਦੀ ਲਿਫ਼ਟਿੰਗ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ 2500 ਕਰੋੜ ਦੀ ਅਦਾਇਗੀ ਵੀ ਹੋ ਚੁੱਕੀ ਹੈ। ਡੀਸੀ ਯਾਦਵ ਨੇ ਅੱਜ ਇਥੇ ਮਿਨੀ ਸਕੱਤਰੇਤ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਿਸ ਵਿੱਚ ਪੰਜਾਬ ਵਿੱਚ ਬਾਹਰੋਂ ਆਉਣ ਵਾਲੇ ਅਣਅਧਿਕਾਰਤ ਝੋਨੇ ਦੀ ਨਿਗਰਾਨੀ ਰੱਖਣ ਸਬੰਧੀ ਸਾਰੀਆਂ ਟੀਮਾਂ ਨੂੰ ਮੁਸਤੈਦ ਰਹਿਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਗੁਆਂਢੀ ਰਾਜਾਂ ਨਾਲ ਸਬੰਧਤ ਅੰਤਰ ਰਾਜੀ 7 ਬੈਰੀਅਰਾਂ ’ਤੇ ਨਿਗਰਾਨ ਟੀਮਾਂ 24 ਘੰਟੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮੰਡੀ ਬੋਰਡ ਵੱਲੋਂ ਫੜੇ ਗਏ ਅਣਅਧਿਕਾਰਤ ਝੋਨੇ ਦੇ ਟਰੱਕ ਬਾਬਤ ਪੁਲੀਸ ਵੱਲੋਂ ਕੇਸ ਦਰਜ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਹੋਰ ਕਿਹਾ ਕਿ ਲਿਫਟਿੰਗ ’ਚ ਤੇਜ਼ੀ ਲਿਆ ਕੇ ਅਗਲੇ ਦੋ ਦਿਨਾਂ ਵਿੱਚ ਮੰਡੀਆਂ ਖਾਲੀ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰੂਪਪ੍ਰੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਤੇ ਏ.ਈ.ਓ. ਰਵਿੰਦਰਪਾਲ ਸਿੰਘ ਚੱਠਾ ਵੀ ਮੌਜੂਦ ਸਨ।