ਛੱਤੀਸਗੜ੍ਹ ਵਿੱਚ ਚਾਰ ਮਹੀਨਿਆਂ ’ਚ 80 ਨਕਸਲੀ ਹਲਾਕ ਤੇ 125 ਗ੍ਰਿਫ਼ਤਾਰ
ਨਵੀਂ ਦਿੱਲੀ, 18 ਅਪਰੈਲ
ਛੱਤੀਸਗੜ੍ਹ ’ਚ ਇਸ ਸਾਲ ਹੁਣ ਤੱਕ ਘੱਟੋ-ਘੱਟ 80 ਨਕਸਲੀ ਮਾਰੇ ਗਏ ਅਤੇ 125 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ 150 ਨੇ ਆਤਮਸਮਰਪਣ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਕਤ ਸੂਬੇ ’ਚ ਦੋ ਦਿਨ ਪਹਿਲਾਂ ਹੀ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 29 ਨਕਸਲੀ ਮਾਰੇ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2004-14 ਦੇ ਮੁਕਾਬਲੇ 2014-23 ਦੌਰਾਨ ਦੇਸ਼ ਵਿੱਚ ਖੱਬੇ ਪੱਖੀ ਅਤਿਵਾਦ ਨਾਲ ਸਬੰਧਤ ਹਿੰਸਾ ’ਚ 52 ਫ਼ੀਸਦ ਕਮੀ ਆਈ ਹੈ ਅਤੇ ਇਸੇ ਮਿਆਦ ਦੌਰਾਨ ਮੌਤਾਂ ਦੀ ਗਿਣਤੀ 6,035 ਤੋਂ ਘਟ ਕੇ 1,868 ਰਹਿ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਦਸੰਬਰ 2023 ਵਿੱਚ ਛੱਤੀਸਗੜ੍ਹ ਵਿੱਚ ਵਿਸ਼ਨੂੰ ਦੇਵ ਸਾਏ ਦੀ ਸਰਕਾਰ ਬਣਨ ਮਗਰੋਂ ਕਈ ਅਪਰੇਸ਼ਨ ਚਲਾਏ ਗਏ ਅਤੇ ਇਸ ਦੇ ਸਿੱਟੇ ਵਜੋਂ ਜਨਵਰੀ ਤੋਂ ਲੈ ਕੇ ਘੱਟੋ-ਘੱਟ 80 ਨਕਸਲੀ ਮਾਰੇ ਗਏ, 125 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 150 ਨੇ ਆਤਮਸਮਰਪਣ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਖੱਬੇ ਪੱਖੀ ਅਤਿਵਾਦ ਦੀਆਂ ਘਟਨਾਵਾਂ ’ਚ ਸਾਲ 2004-14 ਦੇ ਮੁਕਾਬਲੇ 2014-23 ਦੌਰਾਨ ਕਮੀ ਆਈ ਹੈ, ਜਿਹੜੀਆਂ 14,862 ਤੋਂ ਘਟ ਕੇ 7,128 ਰਹਿ ਗਈਆਂ। ਅੰਕੜਿਆਂ ਅਨੁਸਾਰ ਸੁਰੱਖਿਆ ਕਰਮੀਆਂ ਦੀਆਂ ਮੌਤਾਂ ਦੀ ਗਿਣਤੀ ਸਾਲ 2004-14 ’ਚ 1,750 ਦੇ ਮੁਕਾਬਲੇ 72 ਫ਼ੀਸਦ ਘਟ ਕੇ 2014-23 ਦੌਰਾਨ 485 ਰਹਿ ਗਈ। ਇਸੇ ਸਮੇਂ ਦੌਰਾਨ ਆਮ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ 4,285 ਤੋਂ ਘਟ ਕੇ 1,383 ਰਹਿ ਗਈ। ਇਹ ਵੀ ਕਿਹਾ ਗਿਆ ਕਿ ਲੰਘੇ ਪੰਜ ਸਾਲਾਂ ਦੌਰਾਨ 30 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚ ਬੈਂਕਾਂ ਦੀਆਂ 1,298 ਬਰਾਂਚਾਂ ਵੀ ਸਥਾਪਤ
ਕੀਤੀਆਂ ਗਈਆਂ। -ਪੀਟੀਆਈ