ਐੱਨਆਰਆਈ ਨਾਲ 80 ਲੱਖ ਦੀ ਠੱਗੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜੂਨ
ਥਾਣਾ ਬਾਘਾ ਪੁਰਾਣਾ ਪੁਲੀਸ ਨੇ ਇਕ ਐੱਨਆਰਆਈ ਨਾਲ 79 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਫ਼ਰੀਦਕੋਟ ਤੇ ਕੋਟਕਪੂਰਾ ਦੇ ਦੋ ਫਾਇਨਾਂਸਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਫਾਇਨਾਂਸਰਾਂ ’ਤੇ ਦੋਸ਼ ਹਨ ਕਿ ਉਹ ਵਿਆਜ ਦਾ ਲਾਲਚ ਦੇ ਕੇ ਐੱਨਆਰਆਈ ਦੀ ਜ਼ਮੀਨ ਦਾ ਠੇਕਾ ਹਾਸਲ ਕਰਦੇ ਰਹੇ ਹਨ। ਨੱਥੂਵਾਲਾ ਗਰਬੀ ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਬਿੰਦਰ ਸਿੰਘ ਪਹਿਲਵਾਨ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਅਮਰਜੀਤ ਸਿੰਘ ਬਰਾੜ ਪਿੰਡ ਮਾਹਲਾ ਖੁਰਦ ਦੀ ਸ਼ਿਕਾਇਤ ’ਤੇ ਫਾਇਨਾਂਸਰ ਦਾ ਕਾਰੋਬਾਰ ਕਰਦੇ ਜਸਕਰਨ ਸਿੰਘ ਉਰਫ਼ ਰਾਜਾ ਵਾਸੀ ਅਜੀਤ ਨਗਰ ਫ਼ਰੀਦਕੋਟ ਅਤੇ ਕਰਮ ਸਿੰਘ ਵਾਸੀ ਦਸ਼ਮੇਸ ਨਗਰ ਕੋਟਕਪੂਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਵੇਂ ਮੁਲਜ਼ਮ ਸਕੇ ਭਰਾ ਦੱਸੇ ਜਾਂਦੇ ਹਨ।
ਐਫ਼ਆਈਆਰ ਮੁਤਾਬਕ ਪਰਵਾਸੀ ਪੰਜਾਬੀ ਅਮਰਜੀਤ ਸਿੰਘ ਬਰਾੜ ਕਰੀਬ 50 ਸਾਲ ਤੋਂ ਕੈਨੇਡਾ ਰਹਿ ਰਿਹਾ ਹੈ। ਮੁਲਜ਼ਮਾਂ ਨਾਲ ਪੀੜਤ ਐੱਨਆਰਆਈ ਦੀ 24 ਏਕੜ ਜ਼ਮੀਨ ਦਾ ਠੇਕਾ ਵਸੂਲ ਕਰਕੇ ਫਾਇਨਾਂਸ ਕਾਰੋਬਾਰ ਵਿਚ ਲਗਾਉਣ ਅਤੇ ਉਸ ’ਤੇ ਵਿਆਜ ਦੇਣ ਦੀ ਗੱਲਬਾਤ ਹੋਈ ਸੀ। ਪੀੜਤ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਸਾਲ 2011 ਤੋਂ 2018 ਤੱਕ ਜ਼ਮੀਨ ਦਾ ਠੇਕਾ ਵਸੂਲ ਕੀਤਾ ਸੀ ਅਤੇ ਵਿਆਜ ਸਮੇਤ ਕਰੀਬ 82 ਲੱਖ ਰੁਪਏ ਦੀ ਰਕਮ ਬਣ ਗਈ ਸੀ। ਉਸ ਨੇ ਇਹ ਰਕਮ ਮੰਗੀ ਕੀਤੀ ਤਾਂ ਮੁਲਜ਼ਮ ਟਾਲ ਮਟੋਲ ਕਰਦੇ ਰਹੇ। ਅਪਰੈਲ 2024 ਵਿਚ ਐਨਆਰਆਈ ਦੇ ਖਾਤੇ ਵਿਚ ਸਿਰਫ਼ 3 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਪੀੜਤ ਐਨਆਰਆਈ ਨੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਅਤੇ ਐੱਸਪੀ ਵੱਲੋਂ ਕੀਤੀ ਜਾ ਰਹੀ ਮੁਢਲੀ ਜਾਂਚ ਮੁਲਜ਼ਮ ਪੇਸ਼ ਹੋ ਗਏ ਤੇ ਗਵਾਹ ਸਬੂਤ ਲੈਣ ਲਈ ਸਮਾਂ ਲੈ ਲਿਆ ਪਰ ਮੁੜ ਜਾਂਚ ਵਿਚ ਸ਼ਾਮਲ ਨਹੀਂ ਹੋਏ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।