ਹਥਿਆਰਬੰਦ ਬਲਾਂ ਲਈ 80 ਬਹਾਦਰੀ ਪੁਰਸਕਾਰਾਂ ਦਾ ਐਲਾਨ
ਨਵੀਂ ਦਿੱਲੀ, 25 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਛੇ ਕੀਰਤੀ ਚੱਕਰ ਤੇ 16 ਸ਼ੌਰਿਆ ਚੱਕਰ ਸਣੇ 80 ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਕੁੱਲ ਛੇ ਕੀਰਤੀ ਚੱਕਰ ’ਚੋਂ ਤਿੰਨ ਮਰਨ ਉਪਰੰਤ ਅਤੇ 16 ਸ਼ੌਰਿਆ ਚੱਕਰ ’ਚੋਂ ਦੋ ਮਰਨ ਉਪਰੰਤ ਦਿੱਤੇ ਗਏ ਹਨ।
ਕੀਰਤੀ ਚੱਕਰ ਸ਼ਾਂਤੀ ਵਾਲੇ ਸਮੇਂ ਵਿੱਚ ਦਿੱਤਾ ਜਾਣ ਭਾਰਤ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ ਜਦਕਿ ਸ਼ੌਰਿਆ ਚੱਕਰ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਪਹਿਲੇ ਨੰਬਰ ’ਤੇ ਅਸ਼ੋਕ ਚੱਕਰ ਹੈ। ਰੱੱਖਿਆ ਮੰਤਰਾਲੇ ਮੁਤਾਬਕ ਕੀਰਤੀ ਚੱਕਰ ਹਾਸਲ ਕਰਨ ਵਾਲਿਆਂ ਵਿੱਚ ਵਿਸ਼ੇਸ਼ ਬਲਾਂ ਦੀ ਪੈਰਾਸ਼ੂਟ ਰੈਜੀਮੈਂਟ ਦੀ 21ਵੀਂ ਬਟਾਲੀਅਨ ਦੇ ਮੇਜਰ ਦਿਗਵਿਜੈ ਸਿੰਘ ਰਾਵਤ, ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਤੋਂ ਮੇਜਰ ਦੀਪੇਂਦਰ ਵਿਕਰਮ ਬਸਨੇਤ ਅਤੇ ਮਹਾਰ ਰੈਜੀਮੈਂਟ ਦੀ 21ਵੀਂ ਬਟਾਲੀਅਨ ਤੋਂ ਹਵਲਦਾਰ ਪਵਨ ਕੁਮਾਰ ਯਾਦਵ ਸ਼ਾਮਲ ਹਨ। ਆਰਮੀ ਮੈਡੀਕਲ ਕੋਰ ਦੀ ਪੰਜਾਬ ਰੈਜੀਮੈਂਟ ਦੀ 26ਵੀਂ ਬਟਾਲੀਅਨ ਦੇ ਕੈਪਟਨ ਅੰਸ਼ੂਮਨ ਸਿੰਘ, ਵਿਸ਼ੇਸ਼ ਬਲਾਂ ਦੀ ਪੈਰਾਸ਼ੂਟ ਰੈਜੀਮੈਂਟ ਦੀ ਨੌਵੀਂ ਬਟਾਲੀਅਨ ਦੇ ਹਵਲਦਾਰ ਅਬਦੁਲ ਮਾਜਿਦ ਅਤੇ ਰਾਸ਼ਟਰੀ ਰਾਈਫਲਜ਼ ਦੀ 55ਵੀਂ ਬਟਾਲੀਅਨ ਦੇ ਸਿਪਾਹੀ ਪਵਨ ਕੁਮਾਰ ਨੂੰ ਮਰਨ ਉਪਰੰਤ ਕੀਰਤੀ ਚੱਕਰ ਦਿੱਤਾ ਗਿਆ ਹੈ। ਸ਼ੌਰਿਆ ਚੱਕਰ ਹਾਸਲ ਕਰਨ ਵਾਲਿਆਂ ਵਿੱਚ ਪੈਰਾਸ਼ੂਟ ਰੈਜੀਮੈਂਟ ਦੀ 21ਵੀਂ ਬਟਾਲੀਅਨ ਦੇ ਮੇਜਰ ਮਾਨੀਓ ਫਰਾਂਸਿਸ, ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਦੇ ਮੇਜਰ ਅਮਨਦੀਪ ਜਾਖੜ, ਮਹਾਰ ਰੈਜੀਮੈਂਟ ਦੇ ਨਾਇਬ ਸੂਬੇਦਾਰ ਬਾਰੀਆ ਸੰਜੈ ਕੁਮਾਰ ਭਮਰ ਸਿੰਘ, 9 ਅਸਾਮ ਰਾਈਫਲਜ਼ ਤੋਂ ਹਵਲਦਾਰ ਸੰਜੈ ਕੁਮਾਰ ਅਤੇ ਰਾਸ਼ਟਰੀ ਰਾੲਫੀਲਜ਼ ਤੋਂ ਪਰਸ਼ੋਤਮ ਕੁਮਾਰ (ਸਿਵਲੀਅਨ) ਸ਼ਾਮਲ ਹਨ। ਭਾਰਤ ਜਲ ਸੈਨਾ ਤੋਂ ਲੈਫਟੀਨੈਂਟ ਬਿਮਲ ਰੰਜਨ ਅਤੇ ਭਾਰਤੀ ਹਵਾਈ ਸੈਨਾ ਤੋਂ ਵਿੰਗ ਕਮਾਂਡਰ ਸ਼ੈਲੇਸ਼ ਸਿੰਘ (ਪਾਇਲਟ), ਫਲਾਈਟ ਲੈਫਟੀਨੈਂਟ ਰਿਸ਼ੀਕੇਸ਼ ਜਯਨ ਕਰੁਤੇਦੱਤ (ਪਾਇਲਟ) ਅਤੇ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਬਿਭੋਰ ਕੁਮਾਰ ਸਿੰਘ ਨੂੰ ਵੀ ਸ਼ੌਰਿਆ ਚੱਕਰ ਮਿਲਿਆ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਪੁਲੀਸ ਦੇ ਮੁਲਾਜ਼ਮਾਂ ਮੋਹਨ ਲਾਲ, ਅਮਿਤ ਰਾਇਨਾ, ਫਰੋਜ਼ ਅਹਿਮਦ ਡਾਰ ਤੇ ਵਰੁਣ ਸਿੰਘ ਨੂੰ ਵੀ ਸ਼ੌਰਿਆ ਚੱਕਰ ਦਿੱਤਾ ਗਿਆ ਹੈ।
ਮਰਨ ਉਪਰੰਤ ਸ਼ੌਰਿਆ ਚੱਕਰ ਹਾਸਲ ਕਰਨ ਵਾਲਿਆਂ ਵਿੱਚ ਰਾਸ਼ਟਰੀ ਰਾਈਫਲਜ਼ ਦੀ 63ਵੀਂ ਬਟਾਲੀਅਨ ਦੇ ਕੈਪਟਨ ਐੱਮ.ਵੀ. ਪ੍ਰਾਂਜਲ ਅਤੇ ਅਸਾਮ ਰਾਈਫਲਜ਼ ਦੇ ਰਾਈਫਲਮੈਨ ਆਲੋਕ ਰਾਓ ਦਾ ਨਾਮ ਸ਼ਾਮਲ ਹੈ।
ਇਨ੍ਹਾਂ ਪੁਰਸਕਾਰਾਂ ਵਿੱਚ 53 ਸੈਨਾ ਮੈਡਲ (ਸੱਤ ਮਰਨ ਉਪਰੰਤ), ਨੌ ਸੈਨਾ ਮੈਡਲ (ਬਹਾਦਰੀ) ਅਤੇ ਚਾਰ ਵਾਯੂ ਸੈਨਾ ਮੈਡਲ (ਬਹਾਦਰੀ) ਵੀ ਸ਼ਾਮਲ ਹਨ। ਰਾਸ਼ਟਰਪਤੀ ਵੱਲੋਂ ਹਥਿਆਰਬੰਦ ਬਲਾਂ ਦੇ 311 ਹੋਰ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਵੀ ਸਨਮਾਨਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ 31 ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਚਾਰ ਨੂੰ ਉੱਤਮ ਯੁੱਧ ਸੇਵਾ ਮੈਡਲ, ਦੋ ਨੂੰ ਦੂਜੀ ਵਾਰ ਅਤੀ ਵਿਸ਼ਿਸ਼ਟ ਸੇਵਾ ਮੈਡਲ, 59 ਨੂੰ ਪਹਿਲੀ ਵਾਰ ਅਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ 10 ਨੂੰ ਯੁੱਧ ਸੇਵਾ ਮੈਡਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਸਨਮਾਨਾਂ ਵਿੱਚ ਅੱਠ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਦੂਜੀ ਵਾਰ ਸੈਨਾ ਮੈਡਲ (ਡਿਊਟੀ ਪ੍ਰਤੀ ਸਮਰਪਣ) ਦਿੱਤੇ ਜਾ ਰਹੇ ਹਨ। -ਪੀਟੀਆਈ