ਬਲਾਕ ਘਰੋਟਾ ’ਚ ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ 8.27 ਕਰੋੜ: ਕਟਾਰੂਚੱਕ
ਐੱਨਪੀ ਧਵਨ
ਪਠਾਨਕੋਟ, 6 ਸਤੰਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਲੋਕਾਂ ਦਾ ਪੈਸਾ, ਲੋਕਾਂ ਦੇ ਦੁੱਖ ਦੂਰ ਕਰਨ ਦੇ ਉਦੇਸ਼ ਤਹਿਤ ਬਲਾਕ ਘਰੋਟਾ ਅੰਦਰ 91 ਪਿੰਡਾਂ ਵਿੱਚ ਵਿਕਾਸ ਕਾਰਜਾਂ ’ਤੇ 8.27 ਕਰੋੜ ਰੁਪਏ ਖਰਚੇ ਜਾਣਗੇ। ਉਹ 91 ਪਿੰਡਾਂ ਦੀਆਂ ਪੰਚਾਇਤਾਂ ਦੇ ਆਗੂਆਂ, ਬਲਾਕ ਪ੍ਰਧਾਨਾਂ ਅਤੇ ਵਾਲੰਟੀਅਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਮੀਟਿੰਗ ਵਿੱਚ ਇਨ੍ਹਾਂ ਪਿੰਡਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਤੇ ਫਿਰ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ 8.27 ਕਰੋੜ ਰੁਪਏ ਖਰਚਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪੰਚਾਇਤੀ ਰਾਜ ਵਿਭਾਗ, ਮੰਡੀ ਬੋਰਡ, ਵਾਟਰ ਸਪਲਾਈ ਵਿਭਾਗ ਅਤੇ ਪਾਵਰਕੌਮ ਦੇ ਅਧਿਕਾਰੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਬਲਾਕ ਪ੍ਰਧਾਨ ਪਵਨ ਕੁਮਾਰ, ਕੁਲਦੀਪ ਪਟਵਾਂ ਤੇ ਸੰਦੀਪ ਕੁਮਾਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਹ ਵਿਕਾਸ ਕਾਰਜ ਸਤੰਬਰ ਮਹੀਨੇ ਵਿੱਚ ਮੁਕੰਮਲ ਕਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਫੰਡਾਂ ਦੀ ਵੰਡ ਵੇਲੇ ਕਿਸੇ ਵੀ ਪਿੰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 8.27 ਕਰੋੜ ਰੁਪਏ ਵਿੱਚੋਂ 50 ਲੱਖ ਰੁਪਏ ਸੋਲਰ ਲਾਈਟਾਂ ’ਤੇ ਖਰਚੇ ਜਾਣਗੇ ਜਦ ਕਿ ਬਾਕੀ ਫੰਡ ਪਿੰਡਾਂ ਅੰਦਰ ਨਿਕਾਸੀ ਦੀ ਸਮੱਸਿਆ, ਸਾਫ ਸਫਾਈ, ਸ਼ਮਸ਼ਾਨਘਾਟ, ਛੱਪੜਾਂ ਦੀ ਸਾਫ-ਸਫਾਈ, ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉੱਚਾ ਕਰਨ, ਖੰਭੇ ਲਗਾਉਣ, ਬਿਜਲੀ ਦੀ ਵੋਲਟੇਜ ਵਧਾਉਣ ਆਦਿ ’ਤੇ ਖਰਚੇ ਜਾਣਗੇ।