ਸੱਤਵੀਂ ਦੇ ਵਿਦਿਆਰਥੀ ਨੇ ਜ਼ਹਿਰ ਨਿਗਲੀ; ਹਾਲਤ ਸਥਿਰ
ਕਰਮਜੀਤ ਸਿੰਘ ਚਿੱਲਾ
ਬਨੂੜ, 30 ਨਵੰਬਰ
ਇੱਥੋਂ ਦੇ ਨਜ਼ਦੀਕੀ ਕਸਬਾ ਮਾਣਕਪੁਰ (ਖੇੜਾ) ਦੇ ਸੀਬੀਐੱਸਈ ਅਧੀਨ ਨਿੱਜੀ ਸਕੂਲ ਦੇ ਸੱਤਵੀਂ ਕਲਾਸ ਦੇ 12 ਸਾਲਾ ਬੱਚੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਹ ਬੱਚਾ ਇਸ ਸਮੇਂ ਬਨੂੜ-ਰਾਜਪੁਰਾ ਕੌਮੀ ਮਾਰਗ ਉੱਤੇ ਸਥਿਤ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ, ਜਿਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵਿਦਿਆਰਥੀ ਦੇ ਪਿਤਾ ਪਰਵਿੰਦਰ ਸਿੰਘ ਵਾਸੀ ਉੜਦਣ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੇ ਬੱਚੇ ਦੀ ਸਕੂਲ ਵਿੱਚ ਕਿਸੇ ਵਿਦਿਆਰਥੀ ਨਾਲ ਮਾਮੂਲੀ ਲੜਾਈ ਹੋ ਗਈ ਸੀ, ਜਿਸ ਮਗਰੋਂ ਉਸ ਦੇ ਪੁੱਤਰ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ। ਬੱਚੇ ਦੇ ਦੱਸਣ ਅਨੁਸਾਰ ਉਸ ਨੂੰ ਸਕੂਲ ਵਿੱਚ ਕਥਿਤ ਜ਼ਲੀਲ ਵੀ ਕੀਤਾ ਗਿਆ ਸੀ। ਉਸ ਨੂੰ ਸਕੂਲੀ ਟਰਿੱਪ ’ਤੇ ਵੀ ਨਹੀਂ ਲਿਜਾਇਆ ਗਿਆ, ਜਿਸ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬੱਚੇ ਨੇ ਜ਼ਹਿਰੀਲੀ ਚੀਜ਼ ਨਿਗਲ ਲਈ।
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਦੇ ਜ਼ਹਿਰ ਖਾਣ ਦੀ ਜਾਣਕਾਰੀ ਮਿਲੀ ਹੈ, ਡਾਕਟਰਾਂ ਮੁਤਾਬਕ ਹਾਲੇ ਬੱਚਾ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਉਸ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ’ਤੇ ਉਸ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਿੱਜੀ ਸਕੂਲ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੇ ਸਕੂਲ ਵਿੱਚ ਪੜ੍ਹਦਾ ਹੈ ਤੇ ਅਜਿਹੀ ਕੋਈ ਗੱਲ ਨਹੀਂ ਹੋਈ। ਉਹ ਖ਼ੁਦ ਵੀ ਹਸਪਤਾਲ ਜਾ ਕੇ ਬੱਚੇ ਦੇ ਮਾਪਿਆਂ ਨੂੰ ਮਿਲ ਕੇ ਆਏ ਹਨ। ਬੱਚੇ ਦੀ ਹਾਲਤ ਠੀਕ ਹੈ ਤੇ ਉਹ ਉਸ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਨ।