For the best experience, open
https://m.punjabitribuneonline.com
on your mobile browser.
Advertisement

ਵਿਰੋਧੀ ਧਿਰ ਦੇ 78 ਮੈਂਬਰ ਸੰਸਦ ’ਚੋਂ ਮੁਅੱਤਲ

06:44 AM Dec 19, 2023 IST
ਵਿਰੋਧੀ ਧਿਰ ਦੇ 78 ਮੈਂਬਰ ਸੰਸਦ ’ਚੋਂ ਮੁਅੱਤਲ
ਸੰਸਦ ’ਚੋਂ ਮੁਅੱਤਲ ਕੀਤੇ ਗਏ ਮੈਂਬਰ ਸਦਨ ਦੇ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਮੁਅੱਤਲ ਕੀਤੇ ਮੈਂਬਰਾਂ ਵਿੱਚ 33 ਲੋਕ ਸਭਾ ਅਤੇ 45 ਰਾਜ ਸਭਾ ਨਾਲ ਸਬੰਧਤ

* ਵਿਰੋਧੀ ਧਿਰ ਦੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 92 ਹੋਈ

* ਲਗਾਤਾਰ ਹੰਗਾਮਾ ਕਰਨ ਤੇ ਤਖਤੀਆਂ ਲਹਿਰਾਉਣ ਕਾਰਨ ਹੋਈ ਕਾਰਵਾਈ

* ਕੁਝ ਮੈਂਬਰਾਂ ਦੇ ਮਾਮਲੇ ਮਰਿਆਦਾ ਕਮੇਟੀ ਕੋਲ ਭੇਜੇ

* ਵਿਰੋਧੀ ਧਿਰਾਂ ਨੇ ਸਰਕਾਰ ’ਤੇ ਸੰਸਦ ਨੂੰ ‘ਵਿਰੋਧੀ ਧਿਰ ਮੁਕਤ’ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ, 18 ਦਸੰਬਰ
ਇੱਕ ਵੱਡੀ ਕਾਰਵਾਈ ਤਹਿਤ ਅੱਜ ਵਿਰੋਧੀ ਧਿਰ ਦੇ 78 ਸੰਸਦ ਮੈਂਬਰਾਂ ਨੂੰ ਸੰਸਦ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਲੋਕ ਸਭਾ ਤੇ 33 ਤੇ ਰਾਜ ਸਭਾ ਦੇ 45 ਮੈਂਬਰ ਸ਼ਾਮਲ ਹਨ। ਇੱਕ ਦਿਨ ਅੰਦਰ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਸ ਕਾਰਵਾਈ ’ਤੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ‘ਵਿਰੋਧੀ ਧਿਰ ਮੁਕਤ’ ਸੰਸਦ ’ਚ ਅਹਿਮ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਉਸ ਸਮੇਂ ਮੁਅੱਤਲ ਕੀਤਾ ਗਿਆ ਜਦੋਂ ਇਹ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੀ ਮੰਗ ਕਰਦੇ ਹੋਏ ਲਗਾਤਾਰ ਹੰਗਾਮਾ ਕਰ ਰਹੇ ਸਨ।

Advertisement

ਰਾਜ ਸਭਾ ’ਚ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਪਿਊਸ਼ ਗੋਇਲ। -ਫੋਟੋ: ਪੀਟੀਆਈ

ਅੱਜ ਦੀ ਕਾਰਵਾਈ ਨਾਲ ਸੰਸਦ ’ਚੋਂ ਮੁਅੱਤਲ ਕੀਤੇ ਗਏ ਮੈਂਬਰਾਂ ਦੀ ਗਿਣਤੀ ਵਧ ਕੇ 92 ਹੋ ਗਈ ਹੈ। ‘ਆਪ’ ਮੈਂਬਰ ਸੰਜੈ ਸਿੰਘ 24 ਜੁਲਾਈ ਤੋਂ ਰਾਜ ਸਭਾ ਤੋਂ ਮੁਅੱਤਲ ਹਨ। ਲੰਘੇ ਵੀਰਵਾਰ ਨੂੰ ਲੋਕ ਸਭਾ ਨੇ 13 ਮੈਂਬਰਾਂ ਨੂੰ ਤਖਤੀਆਂ ਲਹਿਰਾਉਣ ਤੇ ਸੰਸਦੀ ਕਾਰਵਾਈ ’ਚ ਅੜਿੱਕਾ ਪਾਉਣ ਦੇ ਦੋਸ਼ ਹੇਠ ਰਹਿੰਦੇ ਸਰਦ ਰੁੱਤ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਟੀਐੱਮਸੀ ਮੈਂਬਰ ਡੈਰੇਕ ਓ’ਬ੍ਰਾਇਨ ਨੂੰ ਮਾੜੇ ਵਿਹਾਰ ਲਈ ਰਹਿੰਦੇ ਸਰਦ ਰੁੱਤ ਇਜਲਾਸ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਲੋਕ ਸਭਾ ’ਚੋਂ ਅੱਜ ਮੁਅੱਤਲ ਕੀਤੇ ਗਏ 33 ਮੈਂਬਰਾਂ ਵਿੱਚ ਸਭ ਤੋਂ ਵੱਡੀਆਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਡੀਐੱਮਕੇ ਦੇ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ’ਚੋਂ 30 ਮੈਂਬਰਾਂ ਨੂੰ ਸੰਸਦ ਦੇ ਬਾਕੀ ਰਹਿੰਦੇ ਸਰਦ ਰੁੱਤ ਇਜਲਾਸ ਲਈ ਜਦਕਿ ਤਿੰਨ ਮੈਂਬਰਾਂ ਨੂੰ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕੀਤਾ ਗਿਆ ਹੈ। ਤਿੰਨ ਮੈਂਬਰ ਕੇ ਜੈਕੁਮਾਰ, ਵਿਜੈ ਵਸੰਤ ਅਤੇ ਅਬਦੁਲ ਖਾਲਿਕ ਨਾਅਰੇ ਮਾਰਦੇ ਹੋਏ ਸਪੀਕਰ ਦੀ ਸੀਟ ਨੇੜੇ ਪਹੁੰਚ ਗਏ ਸਨ। ਸਪੀਕਰ ਓਮ ਬਿਰਲਾ ਨੇ ਸੁਰੱਖਿਆ ’ਚ ਸੰਨ੍ਹ ਮਗਰੋਂ ਲੋਕ ਸਕੱਤਰੇਤ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸਾਰੇ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਦਕਿ ਵਿਰੋਧੀ ਧਿਰ ਦੇ ਮੈਂਬਰ ਅਮਿਤ ਸ਼ਾਹ ਤੋਂ ਜਵਾਬ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ’ਤੇ ਅੜੇ ਰਹੇ। ਕੁਝ ਸੰਸਦ ਮੈਂਬਰਾਂ ਨੇ ਆਪਣੀਆਂ ਮੰਗਾਂ ਲਿਖੀਆਂ ਤਖਤੀਆਂ ਵੀ ਲਹਿਰਾਈਆਂ। ਸਪੀਕਰ ਬਿਰਲਾ ਨੇ ਤਖਤੀਆਂ ਦਿਖਾਏ ਜਾਣ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਸੰਸਦ ਦੇ ਵੱਕਾਰ ਨੂੰ ਸੱਟ ਵੱਜਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਤਖਤੀਆਂ ਨਾ ਲਹਿਰਾਉਣ ਦੀ ਅਪੀਲ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿਰਲਾ ਤੇ ਜੋਸ਼ੀ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਲੋਕ ਸਭਾ ’ਚੋਂ ਵਿਰੋਧੀ ਧਿਰ ਦੇ 33 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਰਾਜ ਸਭਾ ਵਿੱਚ ਵੀ ਅਜਿਹੀ ਹੀ ਕਾਰਵਾਈ ਕਰਦਿਆਂ 34 ਸੰਸਦ ਮੈਂਬਰਾਂ ਨੂੰ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨ ਲਈ ਜਦਕਿ 11 ਮੈਂਬਰਾਂ ਨੂੰ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਸਦਨ ਦੇ ਰਹਿੰਦੇ ਸੈਸ਼ਨ ਲਈ 34 ਮੈਂਬਰਾਂ ਨੂੰ ਮੁਅੱਤਲ ਕਰਨ ਅਤੇ 11 ਹੋਰ ਵਿਰੋਧੀ ਧਿਰ ਦੇ ਮੈਂਬਰਾਂ ਦਾ ਮਾਮਲਾ ਮਰਿਆਦਾ ਕਮੇਟੀ ਕੋਲ ਭੇਜਣ ਲਈ ਸਦਨ ਦੇ ਨੇਤਾ ਪਿਊਸ਼ ਗੋਇਲ ਵੱਲੋਂ ਪੇਸ਼ ਇੱਕ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮਰਿਆਦਾ ਕਮੇਟੀ ਨੂੰ ਤਿੰਨ ਮਹੀਨੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸਦਨ ਦੇ ਚੇਅਰਮੈਨ ਜਗਦੀਪ ਧਨਖੜ ਨੇ ਪਹਿਲਾਂ ਮੁਅੱਤਲ ਕੀਤੇ ਮੈਂਬਰਾਂ ਦਾ ਨਾਂ ਲਿਆ ਅਤੇ ਫਿਰ ਵੋਟਾਂ ਪੁਆਈਆਂ। ਇਸ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਭਾਜਪਾ ਦੇ ਸੰਸਦ ਮੈਂਬਰ ਪਿਊਸ਼ ਗੋਇਲ ਨੇ ਕਾਂਗਰਸ ਤੇ ਇਸ ਦੇ ਭਾਈਵਾਲਾਂ ਨੂੰ ਆਪਣੇ ਵਿਹਾਰ ਨਾਲ ਦੇਸ਼ ਨੂੰ ਸ਼ਰਮਿੰਦਾ ਕਰਨ ਦਾ ਦੋਸ਼ ਲਾਇਆ।
ਅੱਜ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿਚ ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਕੇ ਸੁਰੇਸ਼, ਅਮਰ ਸਿੰਘ, ਰਾਜਾਮੋਹਨ ਉਨੀਥਨ, ਸੂ ਤਿਰੁਨਾਵੁਕਰਾਸਰ, ਕੇ ਮੁਰਲੀਧਰਨ, ਐਂਟੋ ਐਂਟੋਨੀ (ਸਾਰੇ ਕਾਂਗਰਸ ਤੋਂ) ਅਤੇ ਕਲਿਆਣ ਬੈਨਰਜੀ, ਅਪਰੂਪਾ ਪੋਦਾਰ, ਪ੍ਰਸੂਨ ਬੈਨਰਜੀ, ਸੌਗਾਤਾ ਰੌਏ, ਸ਼ਤਾਬਦੀ ਰੇਅ, ਪ੍ਰੋਤਿਮਾ ਮੰਡਲ, ਕਾਕੋਲੀ ਘੋਸ਼ ਦਸਤੀਦਾਰ, ਅਸਿਤ ਕੁਮਾਰ ਮਲ, ਸੁਨੀਲ ਕੁਮਾਰ ਮੰਡਲ (ਸਾਰੇ ਟੀਐੱਮਸੀ ਤੋਂ) ਸ਼ਾਮਲ ਹਨ। ਹੋਰ ਮੈਂਬਰਾਂ ਵਿੱਚ ਟੀਆਰ ਬਾਲੂ, ਏ ਰਾਜਾ, ਦਯਾਨਿਧੀ ਮਾਰਨ, ਟੀ ਸੁਮਾਥੀ, ਕੇ ਨਵਸ ਕਾਨੀ, ਕਲਾਨਿਧੀ ਵੀਰਾਸਾਮੀ, ਸੀਐਨ ਅੰਨਾਦੁਰਾਈ, ਐਸਐਸ ਪਲਾਨੀਮਨਿਕਮ, ਜੀ ਸੇਲਵਮ, ਐਸ ਰਾਮਾਲਿੰਗਮ (ਸਾਰੇ ਡੀਐੱਮਕੇ ਤੋਂ), ਈਟੀ ਮੁਹੰਮਦ ਬਸ਼ੀਰ (ਆਈਯੂਐਮਐਲ), ਐਨਕੇ ਪ੍ਰੇਮਚੰਦਰਨ (ਆਰਐਸਪੀ) ਅਤੇ ਕੌਸ਼ਲੇਂਦਰ ਕੁਮਾਰ (ਜੇਡੀਯੂ) ਹਨ। ਰਾਜ ਸਭਾ ਵਿੱਚੋਂ ਮੁਅੱਤਲ ਕੀਤੇ ਗਏ 34 ਸੰਸਦ ਮੈਂਬਰਾਂ ਵਿੱਚੋਂ 12 ਕਾਂਗਰਸ ਦੇ ਹਨ। ਮੁਅੱਤਲ ਕੀਤੇ ਗਏ ਮੈਂਬਰ ਪ੍ਰਮੋਦ ਤਿਵਾੜੀ, ਜੈਰਾਮ ਰਮੇਸ਼, ਅਮੀ ਯਾਜਨਿਕ, ਨਾਰਨਭਾਈ ਜੇ ਰਾਠਵਾ, ਸਈਅਦ ਨਾਸਿਰ ਹੁਸੈਨ, ਸ੍ਰੀਮਤੀ ਫੂਲੋ ਦੇਵੀ ਨੇਤਾਮ, ਸ਼ਕਤੀ ਸਿੰਘ ਗੋਹਿਲ, ਕੇਸੀ ਵੇਣੂਗੋਪਾਲ, ਰਜਨੀ ਅਸ਼ੋਕਰਾਓ ਪਾਟਿਲ, ਰੰਜੀਤ ਰੰਜਨ, ਇਮਰਾਨ ਪ੍ਰਤਾਪਗੜ੍ਹੀ, ਰਣਦੀਪ ਸਿੰਘ ਸੁਰਜੇਵਾਲਾ (ਸਾਰੇ ਕਾਂਗਰਸ), ਜਦਕਿ ਸੱਤ ਮੈਂਬਰ ਟੀਐੱਮਸੀ ਸੁਖੇਂਦੂ ਸ਼ੇਖਰ ਰੇਅ, ਮੁਹੰਮਦ ਨਦੀਮੁਲ ਹੱਕ, ਅਬੀਰ ਰੰਜਨ ਬਿਸਵਾਸ, ਸ਼ਾਂਤਨੂ ਸੇਨ, ਮੌਸਮ ਨੂਰ, ਪ੍ਰਕਾਸ਼ ਚਿਕ ਬਰਾਇਕ ਅਤੇ ਸਮੀਰੁਲ ਇਸਲਾਮ ਹਨ। ਇਨ੍ਹਾਂ ਤੋਂ ਇਲਾਵਾ ਐਮ ਸ਼ਨਮੁਗਮ, ਐਨਆਰ ਏਲਾਂਗੋ, ਕਨੀਮੋੜੀ ਐਨਵੀਐਨ ਸੋਮੂ, ਆਰ. ਗਿਰੀਰਾਜਨ (ਸਾਰੇ ਡੀਐਮਕੇ), ਮਨੋਜ ਕੁਮਾਰ ਝਾਅ, ਫੈਯਾਜ਼ ਅਹਿਮਦ (ਦੋਵੇਂ ਆਰਜੇਡੀ), ਵੀ. ਸ਼ਿਵਦਾਸਨ (ਸੀਪੀਆਈ-ਐਮ), ਰਾਮ ਨਾਥ ਠਾਕੁਰ ਅਨੀਲ ਪ੍ਰਸਾਦ ਹੇਗੜੇ (ਦੋਵੇਂ ਜੇਡੀ-ਯੂ), ਵੰਦਨਾ ਚਵਾਨ (ਐੱਨਸੀਪੀ), ਰਾਮ ਗੋਪਾਲ ਯਾਦਵ, ਜਾਵੇਦ ਅਲੀ ਖ਼ਾਨ (ਦੋਵੇਂ ਸਪਾ), ਮਹੂਆ ਮਾਜੀ (ਜੇਐੱਮਐੱਮ), ਜੋਸ ਕੇ ਮਨੀ (ਕੇਸੀ-ਐੱਮ) ਅਤੇ ਅਜੀਤ ਕੁਮਾਰ ਭੂਯਾਨ (ਆਈਐੱਨਡੀ) ਹਨ। ਜਿਨ੍ਹਾਂ 11 ਮੈਂਬਰਾਂ ਦੇ ਨਾਂ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜੇ ਗਏ ਹਨ ਉਨ੍ਹਾਂ ਵਿੱਚ ਜੇਬੀ ਮਾਥਰ ਹਿਸ਼ਾਮ, ਐਲ ਹਨੂਮਨਤੀਆ, ਨੀਰਜ ਡਾਂਗੀ, ਰਾਜਮਨੀ ਪਟੇਲ, ਕੁਮਾਰ ਕੇਤਕਰ, ਜੀਸੀ ਚੰਦਰਸ਼ੇਖਰ (ਸਾਰੇ ਕਾਂਗਰਸ), ਬਿਨੋਏ ਵਿਸ਼ਵਮ, ਸੰਤੋਸ਼ ਕੁਮਾਰ ਪੀ (ਦੋਵੇਂ ਸੀਪੀਆਈ), ਮੁਹੰਮਦ ਅਬਦੁੱਲਾ (ਡੀਐੱਮਕੇ), ਜੌਹਨ ਬ੍ਰਿਟਾਸ ਅਤੇ ਏਏ ਰਹੀਮ (ਦੋਵੇਂ ਸੀਪੀਆਈ-ਐੱਮ) ਸ਼ਾਮਲ ਹਨ। -ਪੀਟੀਆਈ

Advertisement

ਸਰਕਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ: ਵਿਰੋਧੀ ਧਿਰ

ਨਵੀਂ ਦਿੱਲੀ: ਸੰਸਦ ਮੈਂਬਰਾਂ ਨੂੰ ਸਦਨ ’ਚੋਂ ਮੁਅੱਤਲ ਕੀਤੇ ਜਾਣ ਨੂੰ ‘ਲੋਕਤੰਤਰ ਦਾ ਕਤਲ’ ਕਰਾਰ ਦਿੰਦਿਆਂ ਵਿਰੋਧੀ ਧਿਰ ਨੇ ਅੱਜ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸੰਸਦ ਨੂੰ ਵਿਰੋਧੀ ਧਿਰ ਤੋਂ ਮੁਕਤ ਕਰਕੇ ਕਾਨੂੰਨ ਬਿਨਾਂ ਬਹਿਸ ਦੇ ਪਾਸ ਕਰਨਾ ਚਾਹੁੰਦੀ ਹੈ। ਮੁਅੱਤਲੀ ਤੋਂ ਬਾਅਦ ਸੰਸਦ ਮੈਂਬਰਾਂ ਨੇ ਨਵੇਂ ਸੰਸਦ ਦੀਆਂ ਪੌੜੀਆਂ ’ਤੇ ਬੈਠ ਕੇ ਰੋਸ ਮੁਜ਼ਾਹਰਾ ਵੀ ਕੀਤਾ। ਕਾਂਗਰਸ ਨੇ ਇਸ ਕਾਰਵਾਈ ਨੂੰ ਤਾਨਾਸ਼ਾਹੀ ਦੀ ਸਿਖਰ ਕਰਾਰ ਦਿੱਤਾ। ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਇਸ ਕਦਮ ਨੂੰ ਸੰਸਦ ਵਿੱਚ ਗੁਜਰਾਤ ਵਿਧਾਨ ਸਭਾ ਦਾ ਵਾਧਾ ਵੀ ਕਿਹਾ ਜਿੱਥੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਮੁੱਖ ਮੰਤਰੀ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਤਾਨਾਸ਼ਾਹ ਸਰਕਾਰ ਨੇ ਸਾਰੇ ਜਮਹੂਰੀ ਨਿਯਮਾਂ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਹੈ ਅਤੇ ਇਸ ਦੀ ਸੰਸਦ ਪ੍ਰਤੀ ਕੋਈ ਵੀ ਜਵਾਬਦੇਹੀ ਨਹੀਂ ਹੈ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਪਹਿਲਾਂ ਘੁਸਪੈਠੀਏ ਸੰਸਦ ’ਤੇ ਹਮਲਾ ਕਰਦੇ ਹਨ। ਫਿਰ ਮੋਦੀ ਸਰਕਾਰ ਸੰਸਦ ਤੇ ਲੋਕਤੰਤਰ ’ਤੇ ਹਮਲਾ ਕਰਦੀ ਹੈ। ਤਾਨਾਸ਼ਾਹ ਸਰਕਾਰ ਨੇ 47 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਸਾਰੇ ਜਮਹੂਰੀ ਨੇਮ ਕੂੜੇਦਾਨ ’ਚ ਸੁੱਟ ਦਿੱਤੇ ਹਨ।’ ਖੜਗੇ ਨੇ ਕਿਹਾ, ‘ਬਿਨਾਂ ਵਿਰੋਧੀ ਧਿਰ ਵਾਲੀ ਸੰਸਦ ’ਚ ਹੁਣ ਮੋਦੀ ਸਰਕਾਰ ਬਿਨਾਂ ਕਿਸੇ ਬਹਿਸ ਦੇ ਕੋਈ ਵੀ ਕਾਨੂੰਨ ਪਾਸ ਕਰ ਸਕਦੀ ਹੈ ਜਾਂ ਆਵਾਜ਼ ਨੂੰ ਦਬਾ ਸਕਦੀ ਹੈ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਿਰਫ਼ ਲੋਕ ਸਭਾ ਵਿੱਚ ਹੀ ਨਹੀਂ ਬਲਕਿ ਰਾਜ ਸਭਾ ’ਚੋਂ ਵੀ ‘ਇੰਡੀਆ’ ਦੀਆਂ ਪਾਰਟੀਆਂ ਦੇ 45 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਉੱਪਰਲੇ ਸਦਨ ਨੂੰ ਲਹੂ-ਲੁਹਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਜਵਾਬ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ, ‘ਮੈਂ ਵੀ ਇਸ ਮਾਣ ਵਾਲੀ ਸੂਚੀ ਵਿੱਚ ਸ਼ਾਮਲ ਹਾਂ। ਆਪਣੇ 19 ਸਾਲ ਦੇ ਸੰਸਦੀ ਕਰੀਅਰ ’ਚ ਪਹਿਲੀ ਵਾਰ।’ ਉਨ੍ਹਾਂ ਕਿਹਾ, ‘ਮਰਡਰ ਆਫ ਡੈਮੋਕਰੈਸੀ ਇਨ ਇੰਡੀਆ (ਮੋਦੀ) ਐਟ ਵਰਕ! (ਭਾਰਤ ਵਿਚ ਲੋਕਤੰਤਰ ਹੱਤਿਆ ਜਾਰੀ ਹੈ।)’ ਉਨ੍ਹਾਂ ਕਿਹਾ, ‘ਤਾਨਾਸ਼ਾਹੀ ਦਾ ਦੂਜਾ ਨਾਂ ਮੋਦੀਸ਼ਾਹੀ ਹੈ। ਲੋਕਤੰਤਰ ਮੁਅੱਤਲ ਹੋ ਚੁੱਕਾ ਹੈ।’ -ਪੀਟੀਆਈ

ਰਾਜ ਸਭਾ ’ਚ ‘ਇੰਡੀਆ’ ਦੇ ਮੈਂਬਰਾਂ ਦੀ ਗਿਣਤੀ ਅੱਧੀ ਘਟੀ, ਲੋਕ ਸਭਾ ’ਚੋਂ ਤੀਜਾ ਹਿੱਸਾ ਹੋਇਆ ਬਾਹਰ

ਨਵੀਂ ਦਿੱਲੀ: ਮੁਅੱਤਲੀ ਤੋਂ ਬਾਅਦ ਰਾਜ ਸਭਾ ਵਿਚ ਵਿਰੋਧੀ ਧਿਰਾਂ ਦੇ ‘ਇੰਡੀਆ’ ਗੁੱਟ ਦੇ ਮੈਂਬਰਾਂ ਦੀ ਗਿਣਤੀ ਅੱਧੀ ਘਟ ਗਈ ਹੈ। ਲੋਕ ਸਭਾ ਵਿਚ ਵੀ ਵਿਰੋਧੀ ਧਿਰਾਂ ਨੂੰ ਕਰੀਬ ਇਕ-ਤਿਹਾਈ ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁੱਲ 78 ਸੰਸਦ ਮੈਂਬਰਾਂ ਨੂੰ ਅੱਜ ਮੁਅੱਤਲ ਕੀਤਾ ਗਿਆ ਹੈ। ‘ਇੰਡੀਆ’ ਧੜੇ ਦੇ ਰਾਜ ਸਭਾ ਵਿਚ 95 ਮੈਂਬਰ ਹਨ ਜਿਨ੍ਹਾਂ ਵਿਚੋਂ 45 ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਗੁੱਟ ਦੇ ਇਕ ਹੋਰ ਮੈਂਬਰ ‘ਆਪ’ ਦੇ ਸੰਜੇ ਸਿੰਘ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਜੇਲ੍ਹ ਵਿਚ ਹਨ, ਤੇ ਪਹਿਲਾਂ ਹੀ ਮੁਅੱਤਲ ਹਨ। ਦੂਜੇ ਪਾਸੇ ਲੋਕ ਸਭਾ ਵਿਚ ਵਿਰੋਧੀ ਧੜੇ ਦੀ ਕੁੱਲ ਸਮਰੱਥਾ 133 ਮੈਂਬਰਾਂ ਦੀ ਹੈ, ਜਿਨ੍ਹਾਂ ਵਿਚੋਂ 46 (ਤੀਜਾ ਹਿੱਸਾ) ਨੂੰ ਸਦਨ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਅੱਜ 33 ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਜਦਕਿ 13 ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ। -ਪੀਟੀਆਈ

Advertisement
Author Image

joginder kumar

View all posts

Advertisement