ਦਿੱਲੀ ਮੈਟਰੋ ’ਚ ਇੱਕ ਦਿਨ ’ਚ 78.67 ਲੱਖ ਯਾਤਰੀਆਂ ਨੇ ਕੀਤਾ ਸਫ਼ਰ
ਨਵੀਂ ਦਿੱਲੀ, 19 ਨਵੰਬਰ
ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੌਰਾਨ ਦਿੱਲੀ ਮੈਟਰੋ ਵਿੱਚ 18 ਨਵੰਬਰ ਨੂੰ ਹੁਣ ਤੱਕ ਸਭ ਤੋਂ ਵੱਧ 78.67 ਲੱਖ ਯਾਤਰੀਆਂ ਨੇ ਸਫ਼ਰ ਕੀਤਾ। ਅਧਿਕਾਰਤ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ ਇਹ ਅੰਕੜਾ ਇਸ ਸਾਲ 20 ਅਗਸਤ ਦੇ ਅੰਕੜਿਆਂ ਤੋਂ ਵੀ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਮੈਟਰੋ ਵਿੱਚ 20 ਅਗਸਤ ਨੂੰ 77.49 ਲੱਖ ਯਾਤਰੀਆਂ ਨੇ ਸਫ਼ਰ ਕੀਤਾ ਸੀ। ਗੁਰੂਗ੍ਰਾਮ ਦੇ ਮਿਲੇਨੀਅਮ ਸਿਟੀ ਸੈਂਟਰ ਨੂੰ ਦਿੱਲੀ ਦੇ ਸਮਰਪੁਰ ਬਾਦਲੀ ਨਾਲ ਜੋੜਨ ਵਾਲੀ ਮੈਟਰੋ ਦੀ ਯੈਲੋ ਲਾਈਨ ’ਤੇ 18 ਨਵੰਬਰ ਨੂੰ ਰਿਕਾਰਡ ਸੰਖਿਆ ਵਿੱਚ 20.99 ਲੱਖ ਯਾਤਰੀਆਂ ਨੇ ਸਫ਼ਰ ਕੀਤਾ, ਜੋ ਹਰੇਕ ਲਾਈਨ ਦੇ ਮੁਕਾਬਲੇ ਸਭ ਤੋਂ ਵੱਧ ਹੈ। ਦਿੱਲੀ ਮੈਟਰੋ ਦੀ ਬਲਿਊ ਲਾਈਨ ’ਤੇ 8.56 ਲੱਖ, ਪਿੰਕ ਲਾਈਨ ’ਤੇ 8.15 ਲੱਖ ਅਤੇ ਬਾਇਲੇਟ ਲਾਈਨ ’ਤੇ 7.93 ਲੱਖ ਸਵਾਰੀਆਂ ਨੇ ਸਫ਼ਰ ਕੀਤਾ। ਅੰਕੜਿਆਂ ਅਨੁਸਾਰ ਮਜੈਂਟਾ ਲਾਈਨ ’ਤੇ 6.19 ਲੱਖ ਸਵਾਰੀਆਂ ਨੇ ਸਫ਼ਰ ਕੀਤਾ। ਇਸ ਮਗਰੋਂ ਗਰੀਨ ਲਾਈਨ ’ਤੇ 4.12 ਲੱਖ, ਏਅਰਪੋਰਟ ਲਾਈਨ ’ਤੇ 81,985, ਰੈਪਿਡ ਮੈਟਰੋ ’ਤੇ 57,701 ਲੱਖ, ਗਰੇਅ ਲਾਈਨ ’ਤੇ 50,128 ਯਾਤਰੀਆਂ ਨੇ ਸਫ਼ਰ ਕੀਤਾ।
ਦਿੱਲੀ ਵਿੱਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਸੰਘਣੀ ਧੁੰਦ ਪਈ ਰਹੀ ਅਤੇ ਹਵਾ ਗੁਣਵਤਾ ਸੂਚਕ ਅੰਕ ਏਕਿਊਆਈ 488 ਦਰਜ ਕੀਤਾ ਗਿਆ, ਜੋ ‘ਬਹੁਤ ਗੰਭੀਰ’ ਸ਼੍ਰੇਣੀ ਵਿੱਚ ਹੈ। ਮੈਟਰੋ ਅਧਿਕਾਰੀ ਨੇ ਦੱਸਿਆ ਕਿ ਇਸ ਸਥਿਤੀ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੀ ਰੇਲਾਂ ਹਫ਼ਤੇ ਦੇ ਦਿਨਾਂ ਵਿੱਚ 60 ਵਾਧੂ ਫੇਰੇ ਲਗਾ ਰਹੀਆਂ ਹਨ।
ਡੀਐੱਮਆਰਸੀ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਅਗਸਤ ਮਗਰੋਂ ਹੁਣ ਤੱਕ 25 ਵਾਰ ਅਜਿਹਾ ਹੋਇਆ ਹੈ ਜਦੋਂ ਮੈਟਰੋ ਵਿੱਚ ਸਭ ਤੋਂ ਵੱਧ ਯਾਤਰੀਆਂ ਨੇ ਸਫ਼ਰ ਕੀਤਾ ਹੈ। ਇਸ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿੰਨੇ ਲੋਕ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਨਾ ਕਰਕੇ ਮੈਟਰੋ ਨੂੰ ਤਰਜੀਹ ਦੇ ਰਹੇ ਹਨ। ਇਸ ਨਾਲ ਜਿੱਥੇ ਹਵਾ ਗੁਣਵਤਾ ਵਿੱਚ ਸੁਧਾਰ ਹੋਣ ਵਿੱਚ ਮਦਦ ਮਿਲੇਗੀ, ਉਥੇ ਹੀ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ।
ਵੱਖ-ਵੱਖ ਡਿਜੀਟਲ ਮੰਚਾਂ ਨਾਲ ਯਾਤਰੀ ਇੱਕ ਜਾਂ ਇੱਕ ਤੋਂ ਵੱਧ ਵਾਰ ਯਾਤਰਾ ਕਰਨ ਲਈ ਟਿਕਟ ਬੁੱਕ ਕਰ ਸਕਣਗੇ। ਇਸ ਤਹਿਤ ਸਟੇਸ਼ਨ ’ਤੇ ਟਿਕਟ ਲੈਣ ਲਈ ਲੋਕਾਂ ਨੂੰ ਕਤਾਰ ਵਿੱਚ ਖੜ੍ਹੇ ਹੋਣਾ ਨਹੀਂ ਪਵੇਗਾ। ਇਸ ਨਾਲ ਯਾਤਰੀ ਕਿਸੇ ਵੀ ਸਮੇਂ ਅਤੇ ਕਿੱਥੋਂ ਵੀ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ। -ਪੀਟੀਆਈ