ਠੱਗੀ ਦੇ ਦੋਸ਼ ਹੇਠ 77 ਸਾਲਾ ਵਿਅਕਤੀ ਬਿਰਧ ਆਸ਼ਰਮ ’ਚੋਂ ਕਾਬੂ
ਨਵੀਂ ਦਿੱਲੀ, 1 ਜੂਨ
ਆਰਮੀ ਵੈਲਫੇਅਰ ਹਾਊਸਿੰਗ ਆਰਗੇਨਾਈਜੇਸ਼ਨ (ਏਡਬਲਿਊਐੱਚਓ) ਨਾਲ ਜੁੜੇ ਧੋਖਾਧੜੀ ਦੇ ਮਾਮਲੇ ’ਚ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਕਰੀਬ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਫਰਾਰ ਚੱਲ ਰਹੇ 77 ਸਾਲਾ ਵਿਅਕਤੀ ਨੂੰ ਪੁਲੀਸ ਨੇ ਪੰਜਾਬ ਦੇ ਪਟਿਆਲਾ ਸਥਿਤ ਇਕ ਬਿਰਧ ਆਸ਼ਰਮ ’ਚੋਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਨੇ ਆਖਿਆ ਕਿ ਮੁਲਜ਼ਮ ਸੀਤਾਰਾਮ ਗੁਪਤਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲੀਸ ਅਨੁਸਾਰ ਮੁਲਜ਼ਮ ਖੁਦ ਨੂੰ ਭਾਰਤੀ ਫੌਜ ’ਚ ਕਰਨਲ ਦੱਸਦਾ ਸੀ ਅਤੇ ਉਹ ਏਡਬਲਿਊਐੱਚਓ ਯੋਜਨਾਵਾਂ ਤਹਿਤ ਫਲੈਟ ਤੇ ਦੁਕਾਨਾਂ ਦੇਣ ਦਾ ਵਾਅਦਾ ਕਰਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ‘ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਤੇ ਇਤਿਹਾਸ ਵਿੱਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦਾ ਵਿਦਿਆਰਥੀ ਰਿਹਾ ਹੈ। ਮੁਲਜ਼ਮ ਦਿੱਲੀ ਦੇ ਵਿਵੇਕ ਵਿਹਾਰ ਪੁਲੀਸ ਥਾਣੇ ’ਚ ਸਾਲ 2007 ਵਿੱਚ ਦਰਜ ਕੇਸ ’ਚ ਮੁਕੱਦਮੇ ਤੋਂ ਬਚਦਾ ਆ ਰਿਹਾ ਸੀ। ਸਾਲ 2007 ਵਿੱਚ ਉਹ ਜ਼ਮਾਨਤ ’ਤੇ ਆ ਕੇ ਫਰਾਰ ਹੋ ਗਿਆ ਸੀ ਅਤੇ ਮੁੜ ਕੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਅਤੇ ਉਸ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਪੁਲੀਸ ਨੇ ਗੁਪਤਾ ’ਤੇ ਨਜ਼ਰ ਰੱਖਣ ਲਈ ਇਕ ਵਿਸ਼ੇਸ਼ ਟੀਮ ਬਣਾਈ ਸੀ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਟਿਆਲਾ ਦੇ ਬਿਰਧ ਆਸ਼ਰਮ ’ਚੋਂ ਮੁਲਜ਼ਮ ਨੂੰ ਕਾਬੂ ਕਰ ਲਿਆ। ਬਿਰਧ ਆਸ਼ਰਮ ਵਿੱਚ ਉਹ ਆਪਣੀ ਪਛਾਣ ਬਦਲ ਕੇ ਰਹਿ ਰਿਹਾ ਸੀ। -ਪੀਟੀਆਈ