ਸ਼ਾਰਜਾਹ ਤੋਂ ਆਏ ਇਕ ਯਾਤਰੀ ਕੋਲੋਂ 755 ਗ੍ਰਾਮ ਸੋਨਾ ਬਰਾਮਦ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,14 ਮਾਰਚ
ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਏ ਇਕ ਯਾਤਰੀ ਕੋਲੋਂ 755 ਗ੍ਰਾਮ ਸੋਨਾ ਬਰਾਮਦ ਕੀਤਾ ਹੈ ਜਿਸ ਦੀ ਕੀਮਤ ਲਗਪਗ 49.67 ਲੱਖ ਰੁਪਏ ਬਣਦੀ ਹੈ।
ਇਸ ਸਬੰਧ ਵਿੱਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਅਗਾਊਂ ਸੂਚਨਾ ਦੇ ਆਧਾਰ ’ਤੇ ਇਸ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਕਾਲੇ ਰੰਗ ਦੀ ਟੇਪ ਵਿੱਚ ਲਪੇਟਿਆ ਹੋਇਆ ਲਗਪਗ 904 ਗ੍ਰਾਮ ਦਾ ਇੱਕ ਪੈਕਟ ਬਰਾਮਦ ਹੋਇਆ। ਇਸ ਪੈਕਟ ਵਿੱਚੋਂ 755 ਗ੍ਰਾਮ ਸ਼ੁੱਧ ਸੋਨਾ ਬਰਾਮਦ ਹੋਇਆ। ਇਹ ਪੈਕਟ ਉਸ ਨੇ ਆਪਣੀ ਦਸਤਾਰ ਹੇਠਾਂ ਲੁਕਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਯਾਤਰੀ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਕੰਪਨੀ ਦੀ ਉਡਾਣ ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਆਇਆ ਸੀ। ਕਸਟਮ ਵਿਭਾਗ ਦੇ ਐਂਟੀ ਸਮੱਗਲਿੰਗ ਵਿਭਾਗ ਨੇ ਕਸਟਮ ਐਕਟ 1962 ਦੀ ਧਾਰਾ ਹੇਠ ਇਹ ਸੋਨਾ ਜ਼ਬਤ ਕਰ ਲਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕੈਪਸ਼ਨ - ਕਸਟਮ ਵਿਭਾਗ ਵਲੋਂ ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ ਬਰਾਮਦ ਕੀਤੇ ਗਏ ਸੋਨੇ ਦਾ ਪੈਕਟ।
ਕਸਟਮ ਵਿਭਾਗ ਨੇ ਅਟਾਰੀ ਸਰਹੱਦ ’ਤੇ 19 ਲੱਖ ਦਾ ਸੋਨਾ ਜ਼ਬਤ ਕੀਤਾ
ਅਟਾਰੀ (ਪੱਤਰ ਪ੍ਰੇਰਕ): ਪਾਕਿਸਤਾਨ ਤੋਂ ਵਤਨ ਪਰਤੇ ਦੋ ਭਾਰਤੀ ਯਾਤਰੀਆਂ ਕੋਲੋਂ ਅਟਾਰੀ ਸਰਹੱਦ ’ਤੇ ਭਾਰਤੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੌਰਾਨ 19 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਭਾਰਤੀ ਯਾਤਰੂ ਪਾਕਿਸਤਾਨ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਤਨ ਪਰਤੇ ਤਾਂ ਸੰਗਠਿਤ ਚੈੱਕ ਪੋਸਟ ਅਟਾਰੀ ਵਿੱਚ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਡੂੰਘਾਈ ਨਾਲ ਭਾਲ ਕੀਤੀ ਗਈ। ਦੋਹਾਂ ਭਾਰਤੀ ਨਾਗਰਿਕਾਂ ਨੇ ਹੱਥਾਂ ਵਿੱਚ ਦੋ ਵੱਖ-ਵੱਖ ਸੋਨੇ ਦੇ ਕੜੇ ਪਹਿਨੇ ਹੋਏ ਸਨ। ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ’ਤੇ ਦੋਵੇਂ ਸੋਨੇ ਦੇ ਕੜੇ ਅਤੇ ਇੱਕ ਸੋਨੇ ਦੀ ਚੇਨ ਗਲੇ ’ਚੋ ਉਤਰਵਾ ਕੇ ਚੈੱਕ ਕੀਤੀ ਜਿਨ੍ਹਾਂ ਦੀ ਭਾਰਤੀ ਬਾਜ਼ਾਰ ਵਿੱਚ ਕੀਮਤ 19 ਲੱਖ ਰੁਪਏ ਬਣਦੀ ਹੈ। ਕਸਟਮ ਵਿਭਾਗ ਵੱਲੋਂ ਸੋਨੇ ਦੇ ਦੋਵੇਂ ਕੜੇ ਅਤੇ ਚੇਨ ਜ਼ਬਤ ਕਰ ਲਈ ਗਈ ਹੈ।