ਭਾਰਤੀ ਗਣਰਾਜ ਦੇ 75 ਸਾਲ
ਐਡਵੋਕੇਟ ਦਰਸ਼ਨ ਸਿੰਘ ਰਿਆੜ
26 ਜਨਵਰੀ 2025 ਨੂੰ ਭਾਰਤ ਗਣਰਾਜ ਵਜੋਂ 75 ਸਾਲਾਂ ਦਾ ਹੋ ਜਾਵੇਗਾ। ਪੰਦਰਾਂ ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦੀ ਮਿਲੀ ਸੀ। ਦੇਸ਼ ਦਾ ਆਪਣਾ ਸੰਵਿਧਾਨ ਤਿਆਰ ਕਰਨ ਦਾ ਕੰਮ ਜੋ 1946 ਵਿੱਚ ਹੀ ਸ਼ੁਰੂ ਹੋ ਗਿਆ ਸੀ, ਸਿਰੇ ਚੜ੍ਹਨ ਲਈ 2 ਸਾਲ 11 ਮਹੀਨੇ ਤੇ 18 ਦਿਨਾਂ ਦਾ ਲੰਮਾ ਅਰਸਾ ਲੱਗਾ। ਫਿਰ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਕਰ ਕੇ ਭਾਰਤ ਗਣਰਾਜ ਬਣ ਗਿਆ ਸੀ। ਇਹ ਦਿਨ ਹਰ ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੰਡੀਆ ਗੇਟ ਕੋਲ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦਾ ਰਾਸ਼ਟਰਪਤੀ ਕੌਮੀ ਝੰਡਾ ਲਹਿਰਾ ਕੇ ਦੇਸ਼ ਦੀਆਂ ਤਿੰਨਾਂ ਸੈਨਾਵਾਂ, ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਕੋਲੋਂ ਸਲਾਮੀ ਲੈਂਦਾ ਹੈ। ਦੇਸ਼ ਨੇ ਲੋਕਰਾਜ ਦੀ ਸੰਸਦੀ ਪ੍ਰਣਾਲੀ ਅਪਣਾਈ ਹੈ ਜਿਸ ਵਿੱਚ ਦੇਸ਼ ਦਾ ਅਸਲੀ ਮੁਖੀ ਰਾਸ਼ਟਰਪਤੀ ਹੁੰਦਾ ਹੈ। ਇੰਝ, ਇਹ ਮਹਾਨ ਦਿਨ ਵੀ ਦੇਸ਼ ਦੇ ਰਾਸ਼ਟਰਪਤੀ ਦਾ ਮਹੱਤਵਪੂਰਨ ਦਿਨ ਹੁੰਦਾ ਹੈ। ਤਿੰਨਾਂ ਸੈਨਾਵਾਂ ਦੀਆਂ ਪ੍ਰਾਪਤੀਆਂ ਦੀਆਂ ਝਲਕੀਆਂ ਅਤੇ ਦੇਸ਼ ਦੇ ਬਾਕੀ ਰਾਜਾਂ ਦੀ ਖ਼ੁਸ਼ਹਾਲੀ ਦੀਆਂ ਝਾਕੀਆਂ 26 ਜਨਵਰੀ ਦੀ ਪਰੇਡ ਦਾ ਮੁੱਖ ਧੁਰਾ ਹੁੰਦੀਆਂ ਹਨ। ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਵਿਰੋਧੀ ਧਿਰ ਦਾ ਨੇਤਾ ਮੁੱਖ ਤੌਰ ’ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹਨ। ਹੁਣ ਤਾਂ ਇਹ ਵੀ ਪਰੰਪਰਾ ਬਣ ਗਈ ਹੈ ਕਿ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਕਿਸੇ ਨਾ ਕਿਸੇ ਬਾਹਰਲੇ ਦੇਸ਼ ਦੇ ਮੁਖੀ ਨੂੰ ਮੁੱਖ ਪ੍ਰਾਹੁਣੇ ਵਜੋਂ ਸ਼ਿਰਕਤ ਕਰਨ ਲਈ ਬੁਲਾਇਆ ਜਾਂਦਾ ਹੈ।
ਅੰਗਰੇਜ਼ਾਂ ਵੇਲੇ ਦੇ ਰਿਵਾਜ ਅਨੁਸਾਰ ਰਾਸ਼ਟਰਪਤੀ ਘੋੜਿਆਂ ਵਾਲੀ ਬੱਘੀ ਵਿੱਚ ਆਪਣੇ ਅੰਗ-ਰੱਖਿਅਕਾਂ ਨਾਲ ਜਦੋਂ ਸਟੇਜ ’ਤੇ ਆਉਂਦੇ ਹਨ ਤਾਂ ਉਹ ਦ੍ਰਿਸ਼ ਦੇਖਣ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਬਾਕੀ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਅਤੇ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਵੀ 26 ਜਨਵਰੀ ਦਾ ਦਿਨ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਉੱਥੇ ਰਾਜ ਦਾ ਗਵਰਨਰ, ਮੁੱਖ ਮੰਤਰੀ ਅਤੇ ਬਾਕੀ ਮੰਤਰੀ ਬਣਾਏ ਪ੍ਰੋਗਰਾਮ ਅਨੁਸਾਰ ਤਿਰੰਗਾ ਝੰਡਾ ਲਹਿਰਾਉਂਦੇ ਹਨ ਅਤੇ ਸਲਾਮੀ ਲੈਂਦੇ ਹਨ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਆਜ਼ਾਦੀ ਦੀ ਪਰੇਡ ਵਿੱਚ ਸ਼ਾਮਲ ਹੋ ਕੇ ਇਸ ਰੌਣਕ ਨੂੰ ਚਾਰ ਚੰਨ ਲਗਾਉਂਦੇ ਹਨ। ਵੱਖ-ਵੱਖ ਖੇਤਰਾਂ ਵਿੱਚ ਬਹਾਦਰੀ ਦੇ ਜੌਹਰ ਦਿਖਾਉਣ ਵਾਲੇ, ਕੌਮਾਂਤਰੀ ਖੇਡਾਂ ਵਿੱਚ ਤਗਮੇ ਪ੍ਰਾਪਤ ਕਰਨ ਵਾਲੇ ਅਤੇ ਹੋਰ ਦਿਲਕਸ਼ ਪ੍ਰਾਪਤੀਆਂ ਪ੍ਰਾਪਤ ਕਰਨ ਵਾਲੇ ਹੁਨਰਮੰਦਾਂ ਨੂੰ ਦੇਸ਼ ਦੇ ਉੱਚ ਦਰਜੇ ਦੇ ਮੈਡਲ ਤੇ ਹੋਰ ਇਨਾਮ ਦੇਸ਼ ਦੇ ਰਾਸ਼ਟਰਪਤੀ ਅਤੇ ਰਾਜਾਂ ਦੇ ਰਾਜਪਾਲਾਂ ਵੱਲੋਂ ਦਿੱਤੇ ਜਾਂਦੇ ਹਨ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਨਸੀਸੀ ਕੈਡਟ, ਸਕੂਲਾਂ ਦੇ ਵਿਦਿਆਰਥੀ ਤੇ ਸੁਰੱਖਿਆ ਸੈਨਾਵਾਂ ਦੀਆਂ ਟੀਮਾਂ ਪਹਿਲਾਂ ਮਿਥੇ ਗਏ ਪ੍ਰੋਗਰਾਮ ਅਨੁਸਾਰ ਗਣਰਾਜ ਦਿਵਸ ਨੂੰ ਸ਼ਾਨ ਨਾਲ ਮਨਾਉਣ ਲਈ ਤਨਦੇਹੀ ਨਾਲ ਹਿੱਸਾ ਲੈਂਦੀਆਂ ਹਨ।
ਆਜ਼ਾਦੀ ਤੋਂ ਬਾਅਦ ਭਾਰਤ ਨੇ ਵੱਖ-ਵੱਖ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਕਦੇ ਖਾਧ ਪਦਾਰਥਾਂ ਤੇ ਅਨਾਜ ਦੀ ਕਮੀ ਦਾ ਸਾਹਮਣਾ ਕਰਨ ਵਾਲਾ ਭਾਰਤ ਹੁਣ ਅਨਾਜ ਦੇ ਢੇਰ ਲਗਾ ਦਿੰਦਾ ਹੈ। ਸਰਕਾਰ 80 ਕਰੋੜ ਲੋੜਵੰਦਾਂ ਨੂੰ ਮੁਫ਼ਤ ਅਤੇ ਸਸਤਾ ਅਨਾਜ ਵੰਡਦੀ ਹੈ। ਦੇਸ਼ ਦੇ ਭੰਡਾਰਾਂ ਵਿੱਚ ਵਾਧੂ ਅਨਾਜ ਹੈ। ਇਸ ਦਾ ਸਿਹਰਾ ਮਿਹਨਤੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਂਦਾ ਹੈ। ਪਰਮਾਣੂ ਤਜਰਬੇ ਕਰ ਕੇ ਦੇਸ਼ ਪਰਮਾਣੂ ਸ਼ਕਤੀ ਬਣ ਚੁੱਕਾ ਹੈ ਪਰ ਅਸੀਂ ਇਸ ਸ਼ਕਤੀ ਦੀ ਵਰਤੋਂ ਲੜਾਈ ਜਾਂ ਯੁੱਧ ਲਈ ਕਰਨ ਦੀ ਥਾਂ ਵਿਕਾਸ ਲਈ ਕਰਨ ਨੂੰ ਤਰਜੀਹ ਦਿੰਦੇ ਹਾਂ। ਦੇਸ਼ ਦਾ ਰੇਲਵੇ ਪ੍ਰਬੰਧ ਵਿਸ਼ਵ ਵਿੱਚ ਉੱਚਕੋਟੀ ਦਾ ਅਤੇ ਸਭ ਤੋਂ ਵੱਡਾ ਹੈ। ਆਵਾਜਾਈ ਦੇ ਸਾਧਨ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਸਿਹਤ ਦੇ ਖੇਤਰ ਵਿੱਚ ਵੀ ਦੇਸ਼ ਵਿੱਚ ਪਿੰਡ ਪੱਧਰ ਤੱਕ ਸਿਹਤ ਕੇਂਦਰ ਅਤੇ ਹਸਪਤਾਲਾਂ ਦਾ ਜਾਲ ਵਿਛਿਆ ਹੋਇਆ ਹੈ। ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਵੀ ਨੇ ਤਰੱਕੀ ਕੀਤੀ ਹੈ। ਬਿਜਲੀ ਉਤਪਾਦਨ ਪਹਿਲਾਂ ਪਣ-ਬਿਜਲੀ ਤੋਂ ਹੀ ਹੁੰਦਾ ਸੀ। ਫਿਰ ਤਾਪ ਬਿਜਲੀ ਘਰ ਲੱਗਣੇ ਸ਼ੁਰੂ ਹੋਏ। ਹੁਣ ਸੂਰਜੀ ਊਰਜਾ ਨਾਲ ਬਿਜਲੀ ਉਤਪਾਦਨ ਦਾ ਜਾਲ ਵਿਛ ਰਿਹਾ ਹੈ। ਪੁਲਾੜ ਵਿੱਚ ਵੀ ਧਾਕ ਜਮਾਈ ਹੋਈ ਹੈ।
ਉਂਝ, ਬਹੁਤ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਕੁਝ ਨਾਂਹ ਪੱਖੀ ਪ੍ਰਭਾਵ ਵੀ ਹਨ ਜਿਨ੍ਹਾਂ ਨਾਲ ਸਾਡੇ ਦੇਸ਼ ਨੂੰ ਵਿਸ਼ਵ ਵਿੱਚ ਉਹ ਮਾਣ ਸਨਮਾਨ ਨਹੀਂ ਮਿਲ ਸਕਿਆ ਜੋ ਮਿਲਣਾ ਚਾਹੀਦਾ ਸੀ। ਦੇਸ਼ ਦੀ ਆਬਾਦੀ ਦਾ ਬੇਤਹਾਸ਼ਾ ਵਾਧਾ ਦੇਸ਼ ਲਈ ਚਿੰਤਾ ਦਾ ਵਿਸ਼ਾ ਤਾਂ ਹੈ ਹੀ, ਇਸ ਨੇ ਸਾਡੀ ਪ੍ਰਗਤੀ ਨੂੰ ਬਰੇਕਾਂ ਲਾ ਦਿੱਤੀਆਂ ਹਨ। ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਸਾਨੂੰ ਇਸੇ ਆਬਾਦੀ ਦੇ ਵਾਧੇ ਨੇ ਹੀ ਦਿਵਾਇਆ ਸੀ ਪਰ ਵੱਧ ਆਬਾਦੀ ਦੀਆਂ ਮੁਸ਼ਕਿਲਾਂ ਵੀ ਅਣਗਿਣਤ ਹਨ। ਗ਼ਰੀਬੀ ਤੇ ਭੁੱਖਮਰੀ ਇਸ ਦਾ ਸਭ ਤੋਂ ਵੱਡਾ ਦੁਖਦ ਪਹਿਲੂ ਹੈ।
ਅਨਪੜ੍ਹਤਾ ਨੇ ਅਜੇ ਤੱਕ ਸਾਨੂੰ ਘੇਰਿਆ ਹੋਇਆ ਹੈ। ਪਝੱਤਰ ਸਾਲ ਬਾਅਦ ਵੀ ਸਾਖਰਤਾ ਦਰ ਵੀ 75-76% ਤੋਂ ਅੱਗੇ ਨਹੀਂ ਵਧ ਸਕੀ। ਹੁਣ ਤੱਕ ਇਹ 100% ਹੋ ਜਾਣੀ ਚਾਹੀਦੀ ਸੀ। ਰੁਜ਼ਗਾਰ ਪੱਖੋਂ ਵੀ ਸਥਿਤੀ ਬਹੁਤ ਨਿੱਘਰੀ ਹੋਈ ਹੈ। ਬੇਰੁਜ਼ਗਾਰੀ ਵਿੱਚ ਅਸੀਂ ਵਿਸ਼ਵ ਵਿੱਚ ਮੋਹਰੀ ਸਫ਼ਾਂ ਵਿੱਚ ਆਉਂਦੇ ਹਾਂ। ਸਾਡੀਆਂ ਸਰਕਾਰਾਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਜ਼ਿਆਦਾ ਫ਼ਿਕਰਮੰਦ ਰਹਿੰਦੀਆਂ ਹਨ ਤੇ ਆਪਣੇ ਨਾਗਰਿਕਾਂ ਨੂੰ ਲਾਰਿਆਂ ਤੇ ਬਹਾਨਿਆਂ ਨਾਲ ਟਰਕਾ ਕੇ ਰੱਖਣ ਵਿੱਚ ਮਾਹਿਰ ਹਨ। ਇਹੀ ਮੁੱਖ ਕਾਰਨ ਹੈ ਕਿ ਸਾਡਾ ਨੌਜਵਾਨ ਵਰਗ ਬਾਹਰਲੇ ਵਿਕਸਤ ਦੇਸ਼ਾਂ ਨੂੰ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਿਹਾ ਹੈ। ਉਚੇਰੀ ਸਿੱਖਿਆ ਪ੍ਰਤੀ ਸਰਕਾਰਾਂ ਅਵੇਸਲੀਆਂ ਹਨ। ਜੇ ਸਰਕਾਰਾਂ ਸੰਜੀਦਗੀ ਨਾਲ ਨੌਜਵਾਨਾਂ ਦੀ ਬਾਂਹ ਫੜਨ ਤਾਂ ਇਹ ਮੁਸ਼ਕਿਲ ਹੱਲ ਹੋ ਸਕਦੀ ਹੈ। ਪੰਜਾਬ ਵਿੱਚ ਖ਼ਾਸਕਰ ਉੱਚ ਸਿੱਖਿਆ ਦੇ ਕਾਲਜ, ਵਿਦਿਆਰਥੀਆਂ ਪੱਖੋਂ ਖ਼ਾਲੀ ਪਏ ਹਨ। ਉੱਥੇ ਯੋਗ ਅਧਿਆਪਕਾਂ ਤੇ ਹੋਰ ਬੁਨਿਆਦੀ ਢਾਂਚੇ ਦਾ ਪ੍ਰਬੰਧ ਤਸੱਲੀਬਖ਼ਸ਼ ਨਹੀਂ। ਨੌਕਰੀਆਂ ਵਿੱਚ ਠੇਕਾ ਸਿਸਟਮ ਦੀ ਭਰਮਾਰ ਨੇ ਨੌਜਵਾਨਾਂ ਦੀ ਦਿਲਚਸਪੀ ਖ਼ਤਮ ਕਰ ਦਿੱਤੀ ਹੈ। ਠੇਕਾ ਸਿਸਟਮ ਅਨੁਸਾਰ ਤਨਖ਼ਾਹਾਂ ਨਿਗੂਣੀਆਂ ਦਿੱਤੀਆਂ ਜਾਂਦੀਆਂ ਹਨ ਤੇ ਕੰਮ ਵੱਧ ਲਿਆ ਜਾਂਦਾ ਹੈ। ਇਸੇ ਕਾਰਨ ਜਵਾਨੀ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਬਹਾਨੇ ਰੁਜ਼ਗਾਰ ਤਲਾਸ਼ ਰਹੀ ਹੈ, ਭਾਵੇਂ ਉਹਨਾਂ ਨੂੰ ਉੱਥੇ ਮਜ਼ਦੂਰੀ ਹੀ ਕਰਨੀ ਪੈਂਦੀ ਹੈ। ਸਾਡੇ ਨੌਜਵਾਨ ਪਹਿਲਾਂ ਫ਼ੌਜ ਵਿਚ ਭਰਤੀ ਨੂੰ ਤਰਜੀਹ ਦਿੰਦੇ ਸਨ ਪਰ ਜਦੋਂ ਦਾ ਉੱਥੇ ਅਗਨੀਵੀਰ ਸਿਸਟਮ ਲਾਗੂ ਕੀਤਾ ਗਿਆ ਹੈ, ਨੌਜਵਾਨਾਂ ਵਿੱਚ ਨਿਰਾਸ਼ਾ ਭਰ ਗਈ ਹੈ।
ਦੇਸ਼ ਵਿੱਚ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗਰੀਬ ਹੋ ਰਹੇ ਹਨ। ਫਿਰ ਸਰਕਾਰ ਦੀ ‘ਸਭ ਕਾ ਸਾਥ ਸਭ ਕਾ ਵਿਕਾਸ’ ਵਾਲੀ ਨੀਤੀ ਸਫਲ ਕਿਵੇਂ ਹੋਵੇ? ਦੇਸ਼ ਦਾ ਕੁੱਲ ਸਰਮਾਇਆ ਦਸ ਕੁ ਫ਼ੀਸਦੀ ਲੋਕਾਂ ਦੀਆਂ ਤਜੌਰੀਆਂ ਵਿੱਚ ਜਮ੍ਹਾਂ ਹੋ ਗਿਆ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ 80 ਕਰੋੜ ਲੋਕਾਂ ਨੂੰ ਸਰਕਾਰ ਨੂੰ ਮੁਫ਼ਤ ਜਾਂ ਸਸਤਾ ਰਾਸ਼ਨ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰਾਜਨੀਤਕ ਪਾਰਟੀਆਂ ਚੋਣਾਂ ਜਿੱਤਣ ਲਈ ਲੁਭਾਉਣੇ ਵਾਅਦੇ ਤੇ ਲਾਰੇ ਲਾਉਣ ਵਿੱਚ ਮਾਹਿਰ ਹੋ ਗਈਆਂ ਹਨ। ਮੁਫ਼ਤ ਚੀਜ਼ਾਂ ਦੇ ਲਾਲਚ ਦੇ ਕੇ ਉਹਨਾਂ ਨੇ ਲੋਕਾਂ ਨੂੰ ਨਿਕੰਮੇ, ਲਾਲਚੀ ਤੇ ਆਲਸੀ ਬਣਾ ਦਿੱਤਾ ਹੈ। ਦੇਸ਼ ਵਿੱਚ ਨਸ਼ੇ, ਚੋਰੀਆਂ ਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਇਹੀ ਹੈ। ਬਰੀਕੀ ਨਾਲ ਦੇਖਿਆ ਜਾਵੇ ਤਾਂ ਮੁਫ਼ਤ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ; ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਚੀਜ਼ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਇਸ ਹੇਰ-ਫੇਰ ਕਾਰਨ ਦੇਸ਼ ਦਾ ਆਰਥਿਕ ਵਿਕਾਸ ਖੜੋਤ ਵਾਲੀ ਸਥਿਤੀ ਵਿੱਚ ਪਹੁੰਚ ਗਿਆ ਹੈ। ਤਾਕਤ ਦਾ ਨਸ਼ਾ ਹੀ ਐਸਾ ਹੈ ਕਿ ਲਗਦੀ ਵਾਹ ਸੱਤਾ ਧਿਰ ਸੱਤਾ ਤੋਂ ਪਾਸੇ ਨਹੀਂ ਹੋਣਾ ਚਾਹੁੰਦੀ। ਲੱਛੇਦਾਰ ਭਾਸ਼ਣਾਂ ਨਾਲ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਲੀਡਰ ਲੋਕਾਂ ਤੋਂ ਵੋਟਾਂ ਬਟੋਰਨ ਵਿੱਚ ਸਫਲ ਹੋ ਜਾਂਦੇ ਹਨ। ਜਦੋਂ ਲੋਕਾਂ ਨੂੰ ਅਸਲੀਅਤ ਦੀ ਸਮਝ ਆਉਂਦੀ ਹੈ, ਉਦੋਂ ਦੇਰ ਹੋ ਚੁੱਕੀ ਹੁੰਦੀ ਹੈ। ਪਾਸੇ ਬਦਲਣ ਵਿੱਚ ਰਾਜਨੀਤਕ ਨੇਤਾ ਸਭ ਨੂੰ ਮਾਤ ਦੇ ਗਏ ਹਨ। ਪਤਾ ਹੀ ਨਹੀਂ ਲਗਦਾ ਕਿ ਸਵੇਰ ਵੇਲੇ ਕੋਈ ਨੇਤਾ ਕਿਹੜੀ ਪਾਰਟੀ ਵਿੱਚ ਸੀ ਤੇ ਦੁਪਹਿਰ ਦਾ ਖਾਣਾ ਕਿਹੜੀ ਪਾਰਟੀ ਵਿੱਚ ਖਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਧਾਰਮਿਕ ਅਤੇ ਰਾਜਸੀ ਨੇਤਾ ਦੂਜਿਆਂ ਨੂੰ ਅਕਸਰ ਇਹੀ ਉਦਾਹਰਨਾਂ ਦਿੰਦੇ ਹਨ ਪਰ ਖ਼ੁਦ ਅਮਲ ਨਹੀਂ ਕਰਦੇ।
ਸੱਤਾ ’ਤੇ ਕਾਬਜ਼ ਪਾਰਟੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਦੇਸ਼ ਦੀ ਸਮੂਹ ਜਨਤਾ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਉਸ ਰਾਜਨੀਤਕ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਜੇ ਸਰਕਾਰਾਂ ਕੁਝ ਉਹਨਾਂ ਗਰੁੱਪਾਂ ਜਾਂ ਵਰਗਾਂ ਨਾਲ ਨਫ਼ਰਤ ਕਰਨ ਲੱਗ ਪੈਣ ਜਿਨ੍ਹਾਂ ਨੇ ਕਦੇ ਸਰਕਾਰੀ ਧਿਰ ਦਾ ਵਿਰੋਧ ਕੀਤਾ ਹੁੰਦਾ ਹੈ ਤਾਂ ਇਹ ਲੋਕਰਾਜ ਲਈ ਵੱਡਾ ਖ਼ਤਰਾ ਹੁੰਦਾ ਹੈ। ਸਰਕਾਰ ਬਣ ਜਾਣ ’ਤੇ ਉਸ ਨੂੰ ਸਮੁੱਚੇ ਦੇਸ਼ ਦਾ ਬਰਾਬਰ ਧਿਆਨ ਰੱਖਣਾ ਹੁੰਦਾ ਹੈ। ਇਹ ਗੱਲ ਕੇਵਲ ਨਾਅਰਿਆਂ ਨਾਲ ਹੀ ਸਿਰੇ ਨਹੀਂ ਚੜ੍ਹਦੀ, ਹਕੀਕਤ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ। ਦੇਸ਼ ਦਾ ਸਮੁੱਚਾ ਕਿਸਾਨ ਵਰਗ ਪਹਿਲਾਂ ਵੀ ਲੰਮਾ ਸਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰ ਚੁੱਕਾ ਹੈ ਤੇ ਹੁਣ ਫਿਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਭੁੱਖ ਹੜਤਾਲਾਂ ਅਤੇ ਮਰਨ ਵਰਤ ਲੋਕਰਾਜ ਨੂੰ ਸੋਭਾ ਨਹੀਂ ਦਿੰਦੇ। ਅਜਿਹੀ ਨੌਬਤ ਆਉਣ ਤੋਂ ਪਹਿਲਾਂ ਹੀ ਮਿਲ ਬੈਠ ਕੇ ਸਭ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ। ਸੰਵਾਦ ਤੇ ਸੁਚਾਰੂ ਬਹਿਸ ਲੋਕਰਾਜ ਦਾ ਮੁੱਖ ਧੁਰਾ ਹੈ। ਮਤਭੇਦਾਂ ਦਾ ਪੈਦਾ ਹੋ ਜਾਣਾ ਤਾਂ ਕੁਦਰਤੀ ਹੈ ਪਰ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੁਲਝਾਉਣਾ ਵੱਡੀ ਸਿਆਣਪ ਹੁੰਦੀ ਹੈ। ਕਾਸ਼! ਹੁਣ ਲੋਕ ਸੁਚੇਤ ਹੋ ਜਾਣ, ਵੋਟਾਂ ਪਾਉਣ ਵਾਲੇ ਵੀ ਤੇ ਮੰਗਣ ਵਾਲੇ ਵੀ। ਨੇਕ ਨੀਅਤ ਤੇ ਸਦਾਚਾਰ ਭਰਪੂਰ ਜ਼ਿੰਦਗੀ ਜਿਊਣ ਲਈ ਹੱਕ ਸੱਚ ਨੂੰ ਪਹਿਲ ਦੇਣਾ ਸਭ ਦੀ ਸੋਚ ਬਣ ਜਾਵੇ ਤਾਂ ਹੀ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ।
26 ਜਨਵਰੀ ਦੇ ਇਸ ਇਤਿਹਾਸਕ ਦਿਨ ਦੇ ਸ਼ੁਭ ਸਮੇਂ ਸਾਰੇ ਦੇਸ਼ ਵਾਸੀਆਂ ਤੇ ਸੱਤਾ ਤੇ ਕਾਬਜ਼ ਵਰਗ ਨੂੰ ਤਨਦੇਹੀ ਨਾਲ ਦੇਸ਼ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸੁਚੱਜੇ ਹੱਲ ਲਈ ਵਚਨਬੱਧ ਹੋ ਕੇ ਆਜ਼ਾਦੀ ਤੇ ਗਣਰਾਜ ਦੇ 75 ਸਾਲਾਂ ਨੂੰ ਯਾਦਗਾਰੀ ਬਣਾਉਣਾ ਚਾਹੀਦਾ ਹੈ।
ਸੰਪਰਕ: 93163-11677