For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼ ’ਚ 74 ਤੇ ਛੱਤੀਸਗੜ੍ਹ ’ਚ 70 ਫੀਸਦ ਪੋਲਿੰਗ

08:36 AM Nov 18, 2023 IST
ਮੱਧ ਪ੍ਰਦੇਸ਼ ’ਚ 74 ਤੇ ਛੱਤੀਸਗੜ੍ਹ ’ਚ 70 ਫੀਸਦ ਪੋਲਿੰਗ
ਦੁਰਗ ਜਿ਼ਲ੍ਹੇ ਦੇ ਪਿੰਡ ਕੁਰੂਡੀਹ ’ਚ ਵੋਟ ਪਾਉਣ ਲਈ ਕਤਾਰ ’ਚ ਉਡੀਕ ਕਰਦੇ ਹੋਏ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ। -ਫੋਟੋ: ਪੀਟੀਆਈ
Advertisement

ਭੋਪਾਲ/ਰਾਏਪੁਰ, 17 ਨਵੰਬਰ
ਮੱਧ ਪ੍ਰਦੇਸ਼ ਅਸੈਂਬਲੀ ਦੀਆਂ ਸਾਰੀਆਂ 230 ਸੀਟਾਂ ਤੇ ਛੱਤੀਸਗੜ੍ਹ ਵਿਚ ਦੂਜੇ ਗੇੜ ਤਹਿਤ ਬਾਕੀ ਬਚਦੀਆਂ 70 ਸੀਟਾਂ ਲਈ ਵੋਟਿੰਗ ਦਾ ਅਮਲ ਦੋ ਧਿਰਾਂ ਵਿੱਚ ਹਿੰਸਕ ਝੜਪਾਂ ਤੇ ਨਕਸਲੀਆਂ ਵੱਲੋਂ ਕੀਤੇ ਧਮਾਕੇ ਦਰਮਿਆਨ ਸਿਰੇ ਚੜ੍ਹ ਗਿਆ। ਮੱਧ ਪ੍ਰਦੇਸ਼ ਵਿੱਚ 74.31 ਫੀਸਦ ਤੇ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਵਿੱਚ 70.60 ਫੀਸਦ ਪੋਲਿੰਗ ਦਰਜ ਕੀਤੀ ਗਈ। ਵੋਟ ਫੀਸਦ ਵਧਣ ਦਾ ਅਨੁਮਾਨ ਹੈ ਕਿਉਂਕਿ ਅੰਤਿਮ ਅੰਕੜੇ ਸ਼ਨਿੱਚਰਵਾਰ ਨੂੰ ਹੀ ਸਾਹਮਣੇ ਆਉਣਗੇ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਦੋ ਧਿਰਾਂ ਵਿਚ ਹੋਏ ਝਗੜੇ ’ਚ ਕਾਂਗਰਸ ਉਮੀਦਵਾਰ ਦਾ ਨੇੜਲਾ ਸਾਥੀ ਮਾਰਿਆ ਗਿਆ ਜਦੋਂਕਿ ਇੰਦੌਰ ਜ਼ਿਲ੍ਹੇ ਦੇ ਮਾਓ ’ਚ ਹੋਈ ਝੜਪ ਵਿਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਕੇਂਦਰੀ ਮੰਤਰੀ ਨਰੇਂਦਰ ਤੋਮਰ ਦੇ ਮੋਰੈਨਾ ਜ਼ਿਲ੍ਹੇ ਵਿਚ ਪੈਂਦੇ ਦੀਮਾਨੀ ਚੋਣ ਹਲਕੇ ਵਿਚ ਵੀ ਦੋ ਵਿਅਕਤੀ ਜ਼ਖ਼ਮੀ ਹੋ ਗਏ। ਉਧਰ ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਆਈਟੀਬੀਪੀ ਦਾ ਜਵਾਨ ਸ਼ਹੀਦ ਹੋ ਗਿਆ। ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਦਰਮਿਆਨ ਸੀ। ਹਾਲਾਂਕਿ ਆਮ ਆਦਮੀ ਪਾਰਟੀ, ਬਸਪਾ, ਸਪਾ ਤੇ ਕੁਝ ਹੋਰਨਾਂ ਖੇਤਰੀ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

Advertisement


ਛੱਤੀਸਗੜ੍ਹ ਵਿੱਚ 70 ਅਸੈਂਬਲੀ ਹਲਕਿਆਂ ਲਈ ਚੋਣ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ ਪੰਜ ਵਜੇ ਤੱਕ ਚੱਲਿਆ। ਨਕਸਲ ਪ੍ਰਭਾਵਿਤ ਬਿੰਦਰਾਨਵਾਗੜ੍ਹ ਹਲਕੇ ਵਿਚ ਪੈਂਦੇ ਨੌਂ ਪੋਲਿੰਗ ਬੂਥਾਂ ’ਤੇ ਸੁਰੱਖਿਆ ਕਾਰਨਾਂ ਕਰਕੇ ਸਵੇਰੇ 7 ਤੋਂ ਸ਼ਾਮ 3 ਵਜੇ ਤੱਕ ਵੋਟਾਂ ਪਈਆਂ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਪਣੇ ਹਲਕੇ ਪਾਟਨ ਦੁਰਗ ਜ਼ਿਲ੍ਹੇ ਦੇ ਕੁਰੂਦੀਹ ਪਿੰਡ ਵਿੱਚ ਵੋਟ ਪਾਈ ਜਦੋਂਕਿ ਰਾਜਪਾਲ ਬਿਸਵਾਭੂਸ਼ਨ ਹਰੀਚੰਦਨ ਤੇ ਉਨ੍ਹਾਂ ਦੀ ਪਤਨੀ ਨੇ ਰਾਏਪੁਰ ਦੇ ਸਿਵਲ ਲਾਈਨਜ਼ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਬਘੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ 75 ਤੋਂ ਵੱਧ ਸੀਟਾਂ ਜਿੱਤੇਗੀ। ਭਾਜਪਾ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਰੁਣ ਸਾਓ, ਜੋ ਲੋਰਮੀ ਸੀਟ ਤੋਂ ਉਮੀਦਵਾਰ ਹਨ, ਨੇ ਬਿਲਾਸਪੁਰ ਹਲਕੇ ਵਿਚ ਵੋਟ ਪਾਈ। ਭਰਤਪੁਰ-ਸੋਨਹਾਟ ਸੀਟ ਤੋਂ ਉਮੀਦਵਾਰ ਤੇ ਕੇਂਦਰੀ ਮੰਤਰੀ ਰੇਣੂਕਾ ਸਿੰਘ ਨੇ ਸੂਰਜਪੁਰ ਦੇ ਪ੍ਰੇਮਨਗਰ ਹਲਕੇ ਵਿਚ ਵੋਟ ਪਾਈ। ਇਸ ਦੌਰਾਨ ਕਾਸਡੋਲ ਅਸੈਂਬਲੀ ਹਲਕੇ ਵਿੱਚ ਵੋਟ ਲਈ ਆਪਣੀ ਵਾਰੀ ਦੀ ਉਡੀਕ ਵਿਚ ਖੜ੍ਹੀ ਮਹਿਲਾ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੀਆਂ 230 ਸੀਟਾਂ ਲਈ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਬੁੱਧਨੀ), ਕਾਂਗਰਸ ਦੇ ਕਮਲ ਨਾਥ (ਛਿੰਦਵਾੜਾ), ਭਾਜਪਾ ਦੇ ਤਿੰਨ ਕੇਂਦਰੀ ਮੰਤਰੀਆਂ- ਨਰੇਂਦਰ ਤੋਮਰ, ਪ੍ਰਹਿਲਾਦ ਪਟੇਲ ਤੇ ਫੱਗਣ ਸਿੰਘ ਕੁਲਸਤੇ, ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਜਿੈਵਰਗੀਆ(ਇੰਦੌਰ) ਸਣੇ ਕੁੱਲ 2533 ਉਮੀਦਵਾਰ ਮੈਦਾਨ ਵਿੱਚ ਸਨ। ਸੀਨੀਅਰ ਕਾਂਗਰਸ ਆਗੂ ਦ ਿਗਵਜਿੈ ਸਿੰਘ ਦਾ ਪੁੱਤਰ ਤੇ ਸਾਬਕਾ ਮੰਤਰੀ ਜੈਵਰਧਨ ਸਿੰਘ ਤੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਦਾ ਪੁੱਤਰ ਅਜੈ ਸਿੰਘ ਕ੍ਰਮਵਾਰ ਆਪਣੀਆਂ ਰਵਾਇਤੀ ਸੀਟਾਂ ਰਾਘੋਗੜ੍ਹ ਤੇ ਚੁਰਹਟ ਤੋਂ ਉਮੀਦਵਾਰ ਸਨ। -ਪੀਟੀਆਈ

ਚੌਹਾਨ, ਤੋਮਰ, ਬਘੇਲ ਸਣੇ ਕਈਆਂ ਦੀ ਕਿਸਮਤ ਈਵੀਐੱਮ ’ਚ ਬੰਦ

ਦੂਜੇ ਗੇੜ ਤਹਿਤ ਪਈਆਂ ਵੋਟਾਂ ਮਗਰੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ (ਪਾਟਨ), ਉਪ ਮੁੱਖ ਮੰਤਰੀ ਟੀ.ਐੱਸ.ਸਿੰਘ ਦਿਓ (ਅੰਬਿਕਾਪੁਰ), ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਕਮਲਨਾਥ, ਅੱਠ ਮੰਤਰੀ ਤੇ ਕੇਂਦਰੀ ਮੰਤਰੀ ਨਰਿੰਦਰ ਤੋਮਰ, ਫੱਗਣ ਕੁਲਸਤੇ ਸਣੇ ਹੋਰਨਾਂ ਦਾ ਸਿਆਸੀ ਭਵਿੱਖ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਿਆ। ਪੰਜ ਸਾਲ ਪਹਿਲਾਂ ਦੂਜੇ ਗੇੜ ਤਹਿਤ ਛੱਤੀਸਗੜ੍ਹ ਦੀਆਂ 72 ਸੀਟਾਂ ਲਈ 76.62 ਫੀਸਦ ਪੋਲਿੰਗ ਦਰਜ ਕੀਤੀ ਗਈ ਸੀ। ਛੱਤੀਸਗੜ੍ਹ ਵਿਚ ਪਹਿਲੇ ਗੇੜ ਤਹਿਤ 7 ਨਵੰਬਰ ਨੂੰ 20 ਸੀਟਾਂ ਲਈ 78 ਫੀਸਦ ਪੋਲਿੰਗ ਹੋਈ ਸੀ।

Advertisement
Author Image

Advertisement
Advertisement
×