ਐੱਨਆਈਟੀ ਵਿੱਚ 72 ਫੁੱਟ ਉੱਚਾ ਤਿਰੰਗਾ ਸਥਾਪਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਫਲੈਗ ਫਾਊਂਡੇਸ਼ਨ ਆਫ ਇੰਡਿਆ ਦੇ ਸਹਿਯੋਗ ਨਾਲ ਐੱਨਆਈਟੀ ਵਿਚ 72 ਫੁੱਟ ਉਚਾ ਤਿੰਰਗਾ ਸਥਾਪਤ ਕੀਤਾ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਫਲੈਗ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੰਸਦ ਮੈਂਬਰ ਨਵੀਨ ਜਿੰਦਲ ਨੇ ਤਿਰੰਗੇ ਨੂੰ ਲਹਿਰਾ ਕੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਤਿਰੰਗਾ ਦੇਸ਼ ਦੀ ਆਨ, ਬਾਨ ਤੇ ਸ਼ਾਨ ਹੈ। ਇਸ ਤਿਰੰਗੇ ਥੱਲੇ ਨਾ ਕੋਈ ਰਾਜਾ ਹੈ ਤੇ ਨਾ ਹੀ ਕੋਈ ਭਿਖਾਰੀ। ਇਸ ਦੇ ਥੱਲੇ ਸਾਰੇ ਭਾਰਤੀ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਕੌਮੀ ਝੰਡਾ ਲਹਿਰਾਉਣ ਦਾ ਅਧਿਕਾਰ ਦਿਵਾਉਣ ਲਈ ਲੰਮੀ ਲੜਾਈ ਲੜਨੀ ਪਈ ਸੀ। 23 ਜਨਵਰੀ 2004 ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਹਰ ਨਾਗਰਿਕ ਨੂੰ ਕੌਮੀ ਝੰਡਾ ਲਹਿਰਾਉਣ ਦਾ ਅਧਿਕਾਰ ਦਿੱਤਾ ਸੀ। ਹੁਣ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ 23 ਜਨਵਰੀ ਨੂੰ ਕੌਮੀ ਝੰਡਾ ਦਿਵਸ ਐਲਾਨ ਕਰਨ ਦੀ ਮੰਗ ਉਠਾ ਕੇ ਉਸ ਨੂੰ ਕੇਂਦਰ ਸਰਕਾਰ ਤੋਂ ਪੂਰਾ ਕਰਵਾਇਆ ਜਾਵੇ। ਇਸੇ ਦਿਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਵੀ ਮਨਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਫਲੈਗ ਫਾਉਂਡੇਸ਼ਨ ਆਫ ਇੰਡਿਆ ਦੀ ਮੀਤ ਪ੍ਰਧਾਨ ਸ਼ਾਲੂ ਜਿੰਦਲ ਵੀ ਦੇਸ਼ ਭਰ ਵਿਚ ਰਾਸ਼ਟਰੀ ਝੰਡਾ ਲਗਵਾਉਣ ਦੀ ਯੋਜਨਾ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਦੇ ਯਤਨਾਂ ਸਦਕਾ 2009 ਵਿਚ ਕੈਥਲ ਦੀ ਹਨੂੰਮਾਨਵਾਟਿਕਾ ਵਿਚ ਪਹਿਲਾ 207 ਫੁੱਟ ਉਚਾ ਝੰਡਾ ਲਹਿਰਾਇਆ ਗਿਆ। ਫਲੈਗ ਫਾਊਂਡੇਸ਼ਨ ਹੁਣ ਤਕ ਦੇਸ਼ ਭਰ ਵਿੱਚ 152 ਝੰਡੇ ਲਾ ਚੁੱਕੀ ਹੈ। ਐੱਨਆਈਟੀ ਦੇ ਡਾਇਰੈਕਟਰ ਪ੍ਰੋਫੈਸਰ ਬੀਵੀ ਰਮਨਾ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦਾ ਇਹ ਉਪਰਾਲਾ ਨੌਜਵਾਨਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜਬੂਤ ਕਰ ਰਿਹਾ ਹੈ। ਐੱਨਆਈਟੀ ਕੈਂਪ ਵਿਚ ਤਿਰੰਗਾ ਲਹਿਰਾਉਣ ਨਾਲ ਵਿਦਿਆਰਥੀ ਦੇਸ਼ ਭਗਤੀ ਦੀ ਪ੍ਰੇਰਣਾ ਲੈਂਦੇ ਰਹਿਣਗੇ। ਇਸ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਟਰੰਪ ਦੀ ਜਿੱਤ ਨਾਲ ਭਾਰਤ-ਅਮਰੀਕਾ ਦੇ ਰਿਸ਼ਤੇ ਹੋਣਗੇ ਮਜ਼ਬੂਤ: ਜਿੰਦਲ
ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਅਮਰੀਕਾ ਵਿਚ ਟਰੰਪ ਦੀ ਜਿੱਤ ਨਾਲ ਭਾਰਤ ਦੇ ਸਬੰਧਾਂ ਨੂੰ ਲਾਭ ਮਿਲੇਗਾ। ਟਰੰਪ ਸ਼ੁਰੂ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਦੇ ਸਮਰਥਕ ਰਹੇ ਹਨ। ਉਨ੍ਹਾਂ ਦੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਜਾ ਰਹੇ ਵਿਸ਼ਵ ਸ਼ਾਂਤੀ ਦੇ ਯਤਨਾਂ ਨੂੰ ਵੀ ਹੁਲਾਰਾ ਦੇਵੇਗੀ।