ਸ਼ਹਿਰ ਦੇ 70 ਫੀਸਦੀ ਪ੍ਰਾਜੈਕਟ ਹੋਏ ਪੂਰੇ: ਨਿਗਮ ਕਮਿਸ਼ਨਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਪੂਰੇ ਦੇਸ਼ ਵਿੱਚ 25 ਜੂਨ ਨੂੰ ਸਮਾਰਟ ਸਿਟੀ ਮਿਸ਼ਨ ਦੀ 8ਵੀਂ ਵਰ੍ਹੇਗੰਢ ਮਨਾਉਣ ਦਾ ਜਾ ਰਿਹਾ ਹੈ। ਲੁਧਿਆਣਾ ਸਮਾਰਟ ਸਿਟੀ ਲਿਮਟਿਡ ਨੇ ਮਿਸ਼ਨ ਦੇ ਤਹਿਤ ਸਾਰੇ ਪ੍ਰਾਜੈਕਟਾਂ ਦਾ 70 ਫੀਸਦੀ ਕੰਮ ਪੂਰਾ ਕਰ ਲਿਆ ਹੈ। ਵਿਕਾਸ ਕਾਰਜਾਂ ਵੱਲ ਕੰਮ ਕਰਦੇ ਹੋਏ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਨੇ ਸਮਾਰਟ ਸਿਟੀ ਤਹਿਤ ਸਾਰੇ 69 ਪ੍ਰਾਜੈਕਟਾਂ ਦਾ 82.69 ਫੀਸਦੀ ਕੰਮ ਪੂਰਾ ਕਰਨ ਦਾ ਦਾਅਵਾ ਕੀਤਾ ਹੈ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ 159.86 ਕਰੋੜ ਰੁਪਏ ਦੀਆਂ 48 ਯੋਜਨਾਵਾਂ ਪੂਰੀਆਂ ਹੋ ਚੁੱਕੀਆਂ ਹਨ। 580.35 ਕਰੋੜ ਰੁਪਏ ਦੀਆਂ 16 ਯੋਜਨਾਵਾਂ ਦਾ ਕੰਮ ਚੱਲ ਰਿਹਾ ਹੈ ਤੇ 189.79 ਕਰੋੜ ਰੁਪਏ ਦੀਆਂ 5 ਯੋਜਨਾਵਾਂ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। 69 ਯੋਜਨਵਾਂ ਦੀ ਕੁੱਲ ਲਾਗਤ 930 ਕਰੋੜ ਰੁਪਏ ਹੈ। ਨਗਰ ਨਿਗਮ ਅਧਿਕਾਰੀਆਂ ਅਨੁਸਾਰ ਪੂਰੀਆਂ ਹੋ ਚੁੱਕੀਆਂ ਮੁੱਖ ਯੋਜਨਾਵਾਂ ‘ਚ ਸ਼ਹਿਰ ਭਰ ‘ਚ ਸਮਾਰਟ ਐੱਲਈਡੀ ਲਾਈਟਾਂ ਲਾਉਣਾ, ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਉਣਾ, ਸਿੱਧਵਾਂ ਨਹਿਰ ਤੇ ਲਈਅਰ ਵੈਲੀ ਯੋਜਨਾ, ਮਿੰਨੀ ਰੋਜ਼ ਗਾਰਡਨ ਦਾ ਸੁੰਦਰੀਕਰਨ ਤੇ ਨਵੀਨੀਕਰਨ ਆਦਿ ਸ਼ਾਮਲ ਹੈ।, ਪੀਏਯੂ ‘ਚ ਹਾਕੀ ਸਟੇਡੀਅਮ ‘ਚ ਸਹਾਇਕ ਬੁਨਿਆਦੀ ਢਾਂਚੇ ਦਾ ਨਵੀਨੀਕਰਨ, ਘੰਟਾ ਘਰ ਦੀ ਸੁੰਦਰਤਾ ਪ੍ਰਾਜੈਕਟ, ਫਾਇਰ ਬ੍ਰਿਗੇਡ ਦਾ ਆਧੁਨੀਕਰਨ, ਜਗਰਾਉਂ ਪੁਲ ‘ਤੇ 100 ਫੁੱਟ ਉਚਾ ਕੌਮੀ ਝੰਡਾ ਲਾਉਣਾ, ਸ਼ਾਸ਼ਤਰੀ ਹਾਲ ‘ਚ ਬੈਡਮਿੰਟਨ ਕੋਰਟ ਦਾ ਨਵੀਨੀਕਰਨ, ਵਰਟੀਕਲ ਗਾਰਡਨ ਦੀ ਸਥਾਪਨਾ ਹੋਰ ਯੋਜਨਾਵਾਂ ਦੇ ਵਿੱਚ ਬੀਆਰਐਸ ਨਗਰ ‘ਚ ਦੱਖਣੀ ਬਾਈਪਾਸ ਫਲਾਈਓਵਰ ਦੇ ਖੰਭਿਆਂ ਦਾ ਐਲਈਡੀ ਪ੍ਰਾਜੈਕਟ ਸ਼ਾਮਲ ਹਨ। ਨਿਗਮ ਕਮਿਸ਼ਨਰ ਅਤੇ ਮਿਸ਼ਨ ਦੀ ਸੀਈਓ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਮੁੱਖ ਟੀਚਾ ਸ਼ਹਿਰ ਦਾ ਵਿਕਾਸ ਹੈ ਤੇ ਮਿਸ਼ਨ ਦੇ ਤਹਿਤ ਵੱਖ-ਵੱਖ ਪ੍ਰਾਜੈਕਟਾਂ ਸਮੇਂ ਸਿਰ ਪੂਰਾ ਕਰਨਾ ਹੈ।