ਨੋਟਬੰਦੀ ਦੇ ਅੱਜ 7 ਸਾਲ ਪੂਰੇ: ਮੋਦੀ ਨੇ 500 ਤੇ 1000 ਨੋਟ ਬੰਦ ਕਰਨ ਦਾ ਐਲਾਨ ਕੀਤਾ ਤੇ ਲੋਕਾਂ ਦੀਆਂ ਬੈਂਕਾਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
ਨਵੀਂ ਦਿੱਲੀ, 8 ਨਵੰਬਰ
8 ਨਵੰਬਰ ਦਾ ਦਿਨ ਦੇਸ਼ ਦੇ ਅਰਥਚਾਰੇ ਦੇ ਇਤਿਹਾਸ ਵਿੱਚ ਖਾਸ ਦਿਨ ਵਜੋਂ ਦਰਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2016 ਵਿੱਚ 8 ਨਵੰਬਰ ਦੀ ਰਾਤ 8 ਵਜੇ ਦੂਰਦਰਸ਼ਨ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਦਾ ਇਹ ਐਲਾਨ ਉਸੇ ਦਿਨ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਸ ਕਾਰਨ ਕੁਝ ਦਿਨਾਂ ਤੱਕ ਦੇਸ਼ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਅਤੇ ਨੋਟ ਬਦਲਣ ਲਈ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ। ਬਾਅਦ ਵਿੱਚ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ। ਸਰਕਾਰ ਨੇ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿੱਚ ਕਾਲੇ ਧਨ ਅਤੇ ਜਾਅਲੀ ਕਰੰਸੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਿਆ ਹੈ।
ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਦੇ ਸੱਤ ਸਾਲ ਪੂਰੇ ਹੋਣ ਦੇ ਮੌਕੇ 'ਤੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਰੁਜ਼ਗਾਰ ਨੂੰ ਤਬਾਹ ਕਰਨ, ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਲੋਕਾਂ ਦਾ ਲੱਕ ਤੋੜਨ ਦੀ ਸਾਜ਼ਿਸ਼ ਸੀ।