ਲੁਧਿਆਣਾ ਵਿੱਚ 68ਵੀਆਂ ਕੌਮੀ ਸਕੂਲ ਖੇਡਾਂ ਅੱਜ ਤੋਂ
ਸਤਵਿੰਦਰ ਬਸਰਾ
ਲੁਧਿਆਣਾ, 10 ਦਸੰਬਰ
68ਵੀਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ 11 ਦਸੰਬਰ ਨੂੰ ਦੁਪਹਿਰ 11:30 ਵਜੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਲ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀ ਅਤੇ ਅਧਿਕਾਰੀ ਅੱਜ ਵੱਡੀ ਗਿਣਤੀ ਵਿੱਚ ਰੇਲਾਂ ਅਤੇ ਬੱਸਾਂ ਰਾਹੀਂ ਲੁਧਿਆਣਾ ਪਹੁੰਚ ਗਏ ਹਨ, ਜਿਨ੍ਹਾਂ ਦਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਆਫ਼ ਐਮੀਨੈਂਸ ਪੀਏਯੂ ਕੈਂਪਸ ਲੁਧਿਆਣਾ ਵਿੱਚ ਨੈਸ਼ਨਲ ਸਕੂਲ ਖੇਡਾਂ ਲਈ ਬਣਾਏ ਨੋਡਲ ਦਫਤਰ ਵਿੱਚ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਪ੍ਰੀਕਿਰਿਆ ਚੱਲਦੀ ਰਹੀ। ਇਨ੍ਹਾਂ ਖੇਡਾਂ ਵਿਚ ਨੈੱਟਬਾਲ, ਹੈਂਡਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਵਿੱਚ, ਜੂਡੋ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ਼ ਹਾਲ ਵਿੱਚ, ਕਰਾਟੇ ਦੇ ਮੁਕਾਬਲੇ ਬੀਸੀਐੱਮ ਆਰੀਆ ਮਾਡਲ ਸਕੂਲ ਵਿੱਚ ਕਰਵਾਏ ਜਾਣਗੇ। ਪ੍ਰਿੰਸੀਪਲ ਕੰਵਲਜੋਤ ਕੌਰ ਇਯਾਲੀ ਨੇ ਦੱਸਿਆ ਕਿ ਖੇਡਾਂ ਸਬੰਧੀ ਰਜਿਸਟ੍ਰੇਸ਼ਨ ਦਾ ਕੰਮ ਸਾਰਾ ਦਿਨ ਜਾਰੀ ਰਿਹਾ। ਅਸਾਮ ਤੋਂ ਡੈਲੀਗੇਸ਼ਨ ਦੇ ਨਾਲ ਪਹੁੰਚੇ ਜੂਡੋ ਕੋਚ ਨਿਲਮੋਨੀ ਹਾਫਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਆ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਅਸੀਂ ਪੰਜਾਬੀ ਭੋਜਨ, ਪਰਾਹੁਣਚਾਰੀ ਅਤੇ ਪੰਜਾਬ ਦੇ ਸੱਭਿਆਚਾਰ ਬਾਰੇ ਬਹੁਤ ਕੁੱਝ ਸੁਣਿਆ ਹੈ। ਉਹ ਇਨ੍ਹਾਂ ਖੇਡਾਂ ਵਿੱਚੋਂ ਤਗਮੇ ਜਿੱਤਣ ਲਈ ਪੂਰੇ ਆਸਵੰਦ ਦਿਖਾਈ ਦਿੱਤੇ।
ਕੇਰਲਾ ਡੈਲੀਗੇਸ਼ਨ ਨਾਲ ਪਹੁੰਚੇ ਹੈਂਡਬਾਲ ਕੋਚ ਜੀਬੀ ਨੇ ਕਿਹਾ ਕਿ ਉਹ ਬਹੁਤ ਤਿਆਰੀ ਕਰਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਆਏ ਹਨ ਤੇ ਉਹ ਜ਼ਰੂਰ ਮੈਡਲ ਜਿੱਤ ਕੇ ਜਾਣਗੇ। ਇਸ ਮੌਕੇ ਖਿਡਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਆਫੀਸਲ ਅਤੇ ਕੋਚਾਂ ਨਾਲ ਮੈਡਲ ਜਿੱਤਣ ਉਪਰੰਤ ਅੰਮ੍ਰਿਤਸਰ ਦਰਬਾਰ ਸਾਹਿਬ , ਜੱਲ੍ਹਿਆਵਾਲਾ ਬਾਗ ਅਤੇ ਬਾਰਡਰ ’ਤੇ ਜ਼ਰੂਰ ਜਾਣਗੇ।