ਪਠਾਨਕੋਟ ਜ਼ਿਲ੍ਹੇ ਵਿੱਚ 68 ਫ਼ੀਸਦੀ ਵੋਟਿੰਗ
ਐੱਨ.ਪੀ. ਧਵਨ
ਪਠਾਨਕੋਟ, 15 ਅਕਤੂਬਰ
ਜ਼ਿਲ੍ਹਾ ਪਠਾਨਕੋਟ ਵਿੱਚ ਪੰਚਾਇਤੀ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਜੋ ਸ਼ਾਮ 4 ਵਜੇ ਤੱਕ ਸ਼ਾਂਤਮਈ ਢੰਗ ਨਾਲ ਹੋਈ। ਭੋਆ ਹਲਕੇ ਅਧੀਨ ਆਉਂਦੇ ਪਿੰਡ ਚਸ਼ਮਾ ਜਕਰੋਰ ਵਿੱਚ ਬਣੇ ਬੂਥ ਨੰਬਰ 193 ਵਿੱਚ ਚੋਣ ਨਿਸ਼ਾਨ ਘੜਾ ’ਤੇ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਰਣਵਿਜੇ ਸਿੰਘ ਦਾ ਬੈਲਟ ਪੇਪਰ ਬਦਲ ਗਿਆ। ਇਸ ਕਰਕੇ ਉਕਤ ਬੂਥ ’ਤੇ ਕਰੀਬ ਦੋ ਘੰਟੇ ਤੱਕ ਵੋਟਿੰਗ ਸ਼ੁਰੂ ਨਾ ਹੋ ਸਕੀ। 10 ਵਜੇ ਤੋਂ ਬਾਅਦ ਜਿਵੇਂ ਹੀ ਉਮੀਦਵਾਰ ਨੂੰ ਨਵਾਂ ਚੋਣ ਨਿਸ਼ਾਨ ਬਾਲਟੀ ਮਿਲਿਆ ਤਾਂ ਹੀ ਵੋਟਿੰਗ ਸ਼ੁਰੂ ਹੋਈ। ਇਸ ਸਬੰਧੀ ਏਡੀਸੀ-ਡੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਜਕਰੋਰ ਵਿੱਚ ਤਕਨੀਕੀ ਖਰਾਬੀ ਕਾਰਨ ਉਮੀਦਵਾਰ ਦਾ ਬੈਲਟ ਪੇਪਰ ਬਦਲ ਗਿਆ ਸੀ, ਜਿਸ ਤੋਂ ਬਾਅਦ ਉਕਤ ਉਮੀਦਵਾਰ ਨੂੰ ਨਵਾਂ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸ ਕਾਰਨ ਉਕਤ ਬੂਥ ’ਤੇ ਦੋ ਘੰਟੇ ਦੀ ਦੇਰੀ ਨਾਲ ਪੋਲਿੰਗ ਸ਼ੁਰੂ ਹੋਈ ਹੈ ਅਤੇ ਇਸ ਬੂਥ ਤੇ ਸ਼ਾਮ 4 ਵਜੇ ਤੋਂ ਬਾਅਦ ਵੀ ਪੋਲਿੰਗ ਲਈ ਵਾਧੂ ਸਮਾਂ ਦੇ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਆਪਣੀ ਪਤਨੀ ਅਤੇ ਪਰਿਵਾਰ ਸਮੇਤ ਨੇ ਪਿੰਡ ਕਟਾਰੂਚੱਕ ਵਿਖੇ ਵੋਟਾਂ ਪਾਈਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 411 ਸਟੇਸ਼ਨਾਂ ’ਤੇ 522 ਪੋਲਿੰਗ ਬੂਥ ਬਣਾਏ ਗਏ ਸਨ। ਭੋਆ ਹਲਕੇ ਦੇ ਪਿੰਡ ਸੁਕਾਲਗੜ੍ਹ ਬਲਾਕ ਘਰੋਟਾ ਦੇ ਬੂਥ ਨੰਬਰ 83 ’ਚ ਹੋਈ ਵੋਟਿੰਗ ਬਾਰੇ ਉਮੀਦਵਾਰ ਰਾਜਵੰਤ ਕੌਰ ਢਿੱਲੋਂ ਦੇ ਪਤੀ ਬਲਵਿੰਦਰ ਸਿੰਘ ਢਿੱਲੋਂ ਨੇ ਕੈਬਨਿਟ ਮੰਤਰੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਮੰਤਰੀ ਦਾ ਚਹੇਤਾ ਹੈ ਅਤੇ ਇਕ-ਦੋ ਥਾਵਾਂ ’ਤੇ ਅਜਿਹਾ ਦੇਖਿਆ ਗਿਆ ਕਿ ਉਹ ਵੋਟਰਾਂ ਨੂੰ ਗਲਤ ਜਗ੍ਹਾ ’ਤੇ ਨਿਸ਼ਾਨ ਲਗਾਉਣ ਲਈ ਕਹਿ ਰਿਹਾ ਸੀ। ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕੁਝ ਕੁਝ ਲੋਕਾਂ ਦੀਆਂ ਵੋਟਾਂ ਨਹੀਂ ਬਣੀਆਂ। ਦੂਜੇ ਪਾਸੇ ਇਹ ਗੱਲ ਵੀ ਦੇਖਣ ਵਿੱਚ ਆਈ ਕਿ ਜੋ ਇਕ ਪਿੰਡ ਵਿੱਚ ਵਿਅਕਤੀ ਰਹਿੰਦਾ ਹੈ ਉਸ ਦੀ ਵੋਟ ਦੂਸਰੀ ਜਗ੍ਹਾ ਅਤੇ ਦੂਸਰੀ ਜਗ੍ਹਾ ਵਾਲੇ ਦੀ ਵੋਟ ਤੀਸਰੀ ਜਗ੍ਹਾ ਤਬਦੀਲ ਹੋ ਗਈ ਸੀ। ਜਿਸ ਘਰ ਵਿੱਚ ਪੰਜ ਵਿਅਕਤੀ ਰਹਿੰਦੇ ਹਨ, ਉੱਥੇ ਦੋ ਵਿਅਕਤੀਆਂ ਦੀਆਂ ਵੋਟਾਂ ਹੀ ਕੱਟ ਦਿੱਤੀਆਂ ਗਈਆਂ ਸਨ। ਪਠਾਨਕੋਟ ਦੇ ਕੰਢੀ ਇਲਾਕੇ ਜੁਗਿਆਲ ਦੀ ਰਹਿਣ ਵਾਲੀ 110 ਸਾਲਾ ਔਰਤ ਬਸੰਤੀ ਦੇਵੀ ਨੇ ਵੀ ਵੋਟ ਪਾਈ।
ਪਹਾੜੀ ਖੇਤਰ ਦੇ ਜੇਤੂ ਸਰਪੰਚ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਦੇ ਨੀਮ ਪਹਾੜੀ ਬਲਾਕ ਵਿੱਚ ਪੰਚਾਇਤ ਚੋਣਾਂ ਵਿੱਚ ਜੋ ਸਰਪੰਚ ਜਿੱਤੇ ਗਏ ਹਨ, ਉਨ੍ਹਾਂ ਵਿੱਚ ਧਾਰਕਲਾਂ ਦੀ ਲਕਸ਼ਮੀ ਦੇਵੀ, ਭਮਲਾਦਾ ਵਿੱਚ ਰਾਕੇਸ਼ ਕੁਮਾਰ, ਭੰਗੂੜੀ ਵਿੱਚ ਪਰਮਜੀਤ ਸਿੰਘ, ਦੁਨੇਰਾ ਵਿੱਚ ਆਰਤੀ ਦੇਵੀ (ਐਸਸੀ), ਜਲਾਹੜ ਵਿੱਚ ਰਾਜਿੰਦਰ ਸਿੰਘ, ਜੁੰਗਥ ਉਪਰਲਾ ਵਿੱਚ ਰਾਕੇਸ਼ ਕੁਮਾਰ, ਲੰਜੇਰਾ ਵਿੱਚ ਸੰਤੋਸ਼ ਕੁਮਾਰੀ, ਲਹਿਰੂਨ ਵਿੱਚ ਸੰਤੋਸ਼ ਦੇਵੀ, ਨਲੋਹ ਵਿੱਚ ਨਿਰਮਲਾ ਦੇਵੀ, ਪੰਜਾਲਾ ਵਿੱਚ ਬੇਬੀ ਦੇਵੀ, ਭਗਾਲੀ ਵਿੱਚ ਸੁਰੇਖਾ ਦੇਵੀ, ਰੋਘ ਵਿੱਚ ਰਾਕੇਸ਼ ਕੁਮਾਰ, ਥੱਲਾ ਲਾਹੜੀ ਵਿੱਚ ਆਸ਼ਾ ਦੇਵੀ, ਥੜ੍ਹਾ ਉਪਰਲਾ ਵਿੱਚ ਸੁਸ਼ਮਾ ਦੇਵੀ ਅਤੇ ਧੁੱਪੜ ਵਿੱਚ ਪ੍ਰਵੀਨ ਕੁਮਾਰ ਦੇ ਨਾਂ ਸ਼ਾਮਲ ਹਨ।
ਸਿਹਤ ਵਿਗੜਨ ਕਾਰਨ ਪੰਚੀ ਦੇ ਉਮੀਦਵਾਰ ਦੀ ਮੌਤ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਕਾਹਲਵਾਂ ਵਿੱਚ ਪੰਚਾਇਤੀ ਚੋਣਾਂ ’ਚ ਖੜ੍ਹੇ ਪੰਚਾਇਤ ਮੈਂਬਰ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ ਕਪੂਰਥਲਾ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ (70) ਪੁੱਤਰ ਸੌਦਾਗਰ ਸਿੰਘ ਵਾਸੀ ਕਾਹਲਵਾ ਜਦੋਂ ਵੋਟ ਪਾ ਕੇ ਘਰ ਆਇਆ ਤਾਂ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਜਿਸ ਨੂੰ ਇਲਾਜ ਲਈ ਕਾਲਾ ਸੰਘਿਆ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਡਾਕਟਰਾ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ। ਉਸ ਦੀ ਰਸਤੇ ’ਚ ਮੌਤ ਹੋ ਗਈ।