ਹਰਿਆਣਾ ਵਿਧਾਨ ਸਭਾ ਲਈ 67.90 ਫ਼ੀਸਦ ਵੋਟਿੰਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਅਮਲ ਦੇਰ ਰਾਤ ਮੁਕੰਮਲ ਹੋਇਆ। ਇਸ ਵਾਰ 67.90 ਫ਼ੀਸਦ ਵੋਟਿੰਗ ਹੋਈ ਹੈ। ਇਸੇ ਦੇ ਚਲਦਿਆਂ ਹਰਿਆਣਾ ਦੇ 1031 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐੱਮਜ਼ ਵਿੱਚ ਬੰਦ ਹੋ ਗਿਆ ਹੈ। ਹਾਲਾਂਕਿ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ 68.20 ਫ਼ੀਸਦ ਵੋਟਿੰਗ ਹੋਈ ਸੀ। ਇਸ ਵਾਰ ਵਿਧਾਨ ਸਭਾ ਹਲਕਾ ਏਲਨਾਬਾਦ ਵਿੱਚ ਸਭ ਤੋਂ ਵੱਧ 80.61 ਫ਼ੀਸਦ ਅਤੇ ਬਡਖਲ ਵਿੱਚ ਸਭ ਤੋਂ ਘੱਟ 48.27 ਫ਼ੀਸਦ ਵੋਟਿੰਗ ਹੋਈ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਦੀ ਥਾਂ ਵਿਧਾਨ ਸਭਾ ਹਲਕਾ ਲਾਡਵਾ ਤੋਂ ਚੋਣ ਲੜੀ ਜਿੱਥੇ 74.96 ਫ਼ੀਸਦ ਵੋਟਾਂ ਪਈਆਂ ਹਨ। ਇਸ ਸੀਟ ’ਤੇ ਸਾਲ 2019 ਵਿੱਚ 75.4 ਫ਼ੀਸਦ ਵੋਟਾਂ ਪਈਆਂ ਸਨ। ਇਸ ਤਰ੍ਹਾਂ ਵਿਧਾਨ ਸਭਾ ਹਲਕਾ ਲਾਡਵਾ ’ਤੇ 0.44 ਫ਼ੀਸਦ ਵੋਟਾਂ ਘੱਟ ਪਈਆਂ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹਲਕਾ ਗੜ੍ਹੀ ਸਾਂਪਲਾ ਤੋਂ ਚੋਣ ਮੈਦਾਨ ਵਿੱਚ ਉਤਰੇ ਸਨ। ਗੜ੍ਹੀ ਸਾਂਪਲਾ ਵਿੱਚ 67.02 ਫ਼ੀਸਦ ਵੋਟਿੰਗ ਹੋਈ ਹੈ, ਜਿੱਥੇ ਸਾਲ 2019 ਵਿੱਚ 75.09 ਫ਼ੀਸਦ ਵੋਟਿੰਗ ਹੋਈ ਸੀ। ਵਿਨੇਸ਼ ਫੌਗਾਟ ਦੇ ਹਲਕਾ ਜੁਲਾਨਾ ਵਿੱਚ 74.66 ਫ਼ੀਸਦ ਵੋਟਿੰਗ ਹੋਈ ਹੈ, ਜਿੱਥੇ ਸਾਲ 2019 ਵਿੱਚ 73 ਫ਼ੀਸਦ ਵੋਟਿੰਗ ਹੋਈ ਸੀ।
ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਿਧਾਨ ਸਭਾ ਹਲਕਾ ਉਚਾਨਾ ਕਲਾਂ ਤੋਂ ਚੋੜ ਲੜ ਰਹੇ ਹਨ, ਜਿੱਥੇ 75.44 ਫ਼ੀਸਦ ਵੋਟਿੰਗ ਹੋਈ ਹੈ, ਪਿਛਲੀ ਵਾਰ ਉਚਾਨਾ ਕਲਾਂ ਵਿੱਚ 76.9 ਫ਼ੀਸਦ ਵੋਟਿੰਗ ਹੋਈ ਸੀ। ਸਾਬਕਾ ਮੰਤਰੀ ਅਨਿਲ ਵਿੱਜ ਵਿਧਾਨ ਸਭਾ ਹਲਕਾ ਅੰਬਾਲਾ ਕੈਂਟ ਤੋਂ ਚੋਣ ਲੜ ਰਹੇ ਹਨ, ਜਿੱਥੇ 64.45 ਫ਼ੀਸਦ ਵੋਟਿੰਗ ਹੋਈ ਹੈ, ਪਿਛਲੀ ਵਾਰ ਅੰਬਾਲਾ ਕੈਂਟ ਤੋਂ 62.7 ਫ਼ੀਸਦ ਵੋਟਿੰਗ ਹੋਈ ਸੀ। ਇਨੈਲੋ ਆਗੂ ਅਭੈ ਚੌਟਾਲਾ ਦੇ
ਵਿਧਾਨ ਸਭਾ ਹਲਕਾ ਏਲਨਾਬਾਦ ਤੋਂ 80.61 ਫ਼ੀਸਦ ਵੋਟਿੰਗ ਹੋਈ ਹੈ। ‘ਆਪ’ ਦੇ ਸੀਨੀਅਰ ਆਗੂ ਅਨੁਰਾਗ ਢਾਂਗਾ ਕਲਾਇਤ ਤੋਂ ਚੋਣ ਲੜ ਰਹੇ ਹਨ, ਜਿੱਥੋਂ 74.34 ਫ਼ੀਸਦ ਵੋਟਿੰਗ ਹੋਈ ਹੈ।