For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੌਰਾਨ 67.90 ਫ਼ੀਸਦੀ ਮਤਦਾਨ

07:57 AM Jun 02, 2024 IST
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੌਰਾਨ 67 90 ਫ਼ੀਸਦੀ ਮਤਦਾਨ
ਚੰਡੀਗੜ੍ਹ ਦੀ ਧਨਾਸ ਕਲੋਨੀ ਵਿੱਚ ਵੋਟ ਪਾਉਣ ਲਈ ਕਤਾਰਾਂ ਵਿੱਚ ਲੱਗੇ ਹੋਏ ਲੋਕ। -ਫੋਟੋਆਂ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 1 ਜੂਨ
ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਵੋਟਿੰਗ ਦਾ ਅਮਲ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ ਗਿਆ ਹੈ। ਸ਼ਹਿਰ ਦੇ 614 ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 7 ਵਜੇ ਤੋਂ ਹੀ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਵੋਟ ਪਾਉਣੀ ਸ਼ੁਰੂ ਕਰ ਦਿੱਤੀ ਸੀ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 67.90 ਫ਼ੀਸਦ ਮਤਦਾਨ ਹੋਇਆ ਹੈ। ਇਹ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਤਿੰਨ ਫ਼ੀਸਦ ਘੱਟ ਹੈ। ਚੰਡੀਗੜ੍ਹ ਵਿੱਚ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ 70.61 ਫ਼ੀਸਦ ਅਤੇ ਸਾਲ 2014 ਦੀਆਂ ਚੋਣਾਂ ਵਿੱਚ 73.71 ਫ਼ੀਸਦ ਵੋਟਿੰਗ ਹੋਈ ਸੀ। ਜਾਣਕਾਰੀ ਅਨੁਸਾਰ ਇਸ ਵਾਰ ਚੰਡੀਗੜ੍ਹ ਵਿੱਚ ਕੁੱਲ 6,59,805 ਵੋਟਰਾਂ ਵਿੱਚੋਂ 4,48,007 ਵੋਟਰਾਂ ਨੇ ਹੀ ਆਪਣੇ ਵੋਟ ਦੀ ਵਰਤੋਂ ਕੀਤੀ ਹੈ।
ਚੰਡੀਗੜ੍ਹ ਵਿੱਚ ਵੋਟਿੰਗ ਪ੍ਰੀਕਿਰਿਆ ਮੁਕੰਮਲ ਹੋਣ ਦੇ ਨਾਲ ਹੀ 19 ਉਮੀਦਵਾਰਾਂ ਦੀ ਕਿਸਮਤ ਵੀ ਈਵੀਐੱਮਜ਼ ਵਿੱਚ ਕੈਦ ਹੋ ਗਈ ਹੈ ਜਿਸ ਦਾ ਨਤੀਜਾ 4 ਜੂਨ ਨੂੰ ਸਾਹਮਣੇ ਆਵੇਗਾ। ਚੰਡੀਗੜ੍ਹ ਵਿੱਚ ਅਤਿ ਦੀ ਗਰਮੀ ਕਰ ਕੇ ਸਵੇਰੇ 7 ਵਜੇ ਪੋਲਿੰਗ ਬੂਥ ਖੁੱਲ੍ਹਦੇ ਹੀ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਗਏ। ਸ਼ਹਿਰ ਵਿੱਚ ਸੈਕਟਰਾਂ ਦੇ ਮੁਕਾਬਲੇ ਪਿੰਡਾਂ ਤੇ ਕਲੋਨੀਆਂ ਵਾਸੀਆਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਿੱਥੇ ਦਿਨ ਭਰ ਗਰਮੀ ਦੇ ਬਾਵਜੂਦ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।
ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਅਤਿ ਦੀ ਗਰਮੀ ਦੇ ਚਲਦਿਆਂ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਕੂਲਰ ਅਤੇ ਪੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤੇ। ਹਾਲਾਂਕਿ ਧਨਾਸ ਵਿੱਚ ਸਥਿਤ ਪੋਲਿੰਗ ਸਟੇਸ਼ਨ ’ਤੇ ਕੋਈ ਪ੍ਰਬੰਧ ਨਾ ਹੋਣ ’ਤੇ ਵੋਟਰ ਨਾਰਾਜ਼ ਦਿਖਾਈ ਦਿੱਤੇ, ਜਿਸ ਕਰ ਕੇ ਪੁਲੀਸ ਤੇ ਵੋਟਰਾਂ ਵਿਚਕਾਰ ਟਕਰਾਅ ਵੀ ਦੇਖਣ ਨੂੰ ਮਿਲਿਆ। ਉੱਥੇ ਹੀ ਸੈਕਟਰ-32 ਵਿੱਚ ਸਥਿਤ ਪੋਲਿੰਗ ਬੂਥ ਨੰਬਰ 274 ਵਿੱਚ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ ਹੈ। ਇਸ ਦਾ ਲੋਕਾਂ ਨੇ ਵਿਰੋਧ ਕੀਤਾ।

Advertisement

ਸਭ ਤੋਂ ਪਹਿਲਾਂ ਵੋਟ ਪਾਉਣ ਪੁੱਜੇ ਸਤਨਾਮ ਸੰਧੂ

ਵੋਟ ਪਾਉਣ ਮਗਰੋਂ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ ਸਤਨਾਮ ਸਿੰਘ ਸੰਧੂ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਸਵੇਰੇ ਸਭ ਤੋਂ ਪਹਿਲਾਂ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਦੇ ਪੋਲਿੰਗ ਬੂਥ ’ਤੇ ਪੁੱਜੇ ਤੇ ਸਭ ਤੋਂ ਪਹਿਲਾਂ ਵੋਟ ਪਾਈ। ਸ੍ਰੀ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਪਾਈ ਤੇ ਹੋਰਨਾਂ ਨੂੰ ਵੀ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ।

Advertisement

ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣਗੇ ਵੋਟਰ: ਟੰਡਨ

ਸੈਕਟਰ-18 ਵਿੱਚ ਪਰਿਵਾਰ ਸਣੇ ਵੋਟ ਪਾਉਣ ਮਗਰੋਂ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ ਸੰਜੇ ਟੰਡਨ।

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਅੱਜ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਵਿੱਚ ਆਪਣੇ ਪਰਿਵਾਰ ਸਣੇ ਪਹੁੰਚ ਕੇ ਵੋਟ ਪਾਈ। ਸ੍ਰੀ ਟੰਡਨ ਨੇ ਕਿਹਾ ਕਿ ਸਾਲ 2024 ਦੀਆਂ ਚੋਣਾਂ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮਿਲਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਪੜ੍ਹੇ-ਲਿਖੇ ਅਤੇ ਸੂਝਵਾਨ ਵੋਟਰ ਮੌਕਾਪ੍ਰਸਤ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਨੂੰ ਰੱਦ ਕਰ ਦੇਣਗੇ। ਚੰਡੀਗੜ੍ਹ ਦੇ ਵੋਟਰ ਜਾਣਦੇ ਹਨ ਕਿ ਸ਼ਾਸਨ ਅਤੇ ਵਿਕਾਸ ਦਾ ਟੈਸਟ ਕੀਤਾ ਜਾ ਚੁੱਕਾ ਮੋਦੀ ਮਾਡਲ ਹੀ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੈ। ਇਸ ਲਈ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਭਾਜਪਾ ਦੇ ਪੱਖ ਵਿੱਚ ਹੋਣਗੇ।

ਮਨੀਸ਼ ਤਿਵਾੜੀ ਨੇ ਲੋਕਾਂ ਦਾ ਧੰਨਵਾਦ ਕੀਤਾ

‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਧਨਾਸ ਕਲੋਨੀ ਦੇ ਬੂਥਾਂ ਦਾ ਦੌਰਾ ਕਰਦੇ ਹੋਏ।

ਚੰਡੀਗੜ੍ਹ ਤੋਂ ‘ਇੰਡੀਆ’ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਲੋਕ ਸਭਾ ਚੋਣਾਂ ਵਿੱਚ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਜ਼ਿਕਰਯੋਗ ਹੈ ਕਿ ਸ੍ਰੀ ਤਿਵਾੜੀ ਨੇ ਸਵੇਰ ਸਮੇਂ ਲੁਧਿਆਣਾ ਵਿੱਚ ਪਹੁੰਚ ਕੇ ਆਪਣੇ ਵੋਟ ਦੀ ਵਰਤੋਂ ਕੀਤੀ। ਜਾਣਕਾਰੀ ਅਨੁਸਾਰ ਸ੍ਰੀ ਤਿਵਾੜੀ ਅੱਜ ਸਵੇਰੇ 7 ਵਜੇ ਲੁਧਿਆਣਾ ਵਿੱਚ ਪਹੁੰਚ ਗਏ ਸਨ। ਉਸ ਤੋਂ ਬਾਅਦ ਚੰਡੀਗੜ੍ਹ ਪਹੁੰਚ ਕੇ ਪਾਰਟੀ ਦੇ ਵਰਕਰਾਂ ਦੀ ਹੌਂਸਲਾ-ਅਫ਼ਜਾਈ ਕੀਤੀ। ਉਨ੍ਹਾਂ ਨੇ ਵੋਟਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਅਤਿ ਦੀ ਗਰਮੀ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕਈ-ਕਈ ਘੰਟੇ ਕਤਾਰਾਂ ਵਿੱਚ ਲੱਗ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ‘ਇੰਡੀਆ’ ਗੱਠਜੋੜ ਦੇ ਹੱਕ ਵਿੱਚ ਹੋਣਗੇ। ਉਸ ਤੋਂ ਬਾਅਦ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।

ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਮੁੰਬਈ ਤੋਂ ਆ ਕੇ ਪਾਈ ਵੋਟ

ਅਦਾਕਾਰ ਆਯੂਸ਼ਮਾਨ ਖੁਰਾਣਾ ਚੰਡੀਗੜ੍ਹ ਵਿੱਚ ਸੈਕਟਰ-8 ਦੇ ਬੂਥ ’ਚ ਵੋਟ ਪਾਉਣ ਮਗਰੋਂ ਬਾਹਰ ਆਉਂਦੇ ਹੋਏ। -ਫੋਟੋ: ਰਵੀ

ਬਾਲੀਵੁੱਡ ਦੇ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਮੁੰਬਈ ਤੋਂ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਦੇ ਸੈਕਟਰ-8 ਵਿੱਚ ਪਹੁੰਚ ਕੇ ਆਪਣਾ ਵੋਟ ਪਾਇਆ। ਇਸ ਦੌਰਾਨ ਸ੍ਰੀ ਖੁਰਾਣਾ ਨੇ ਲੋਕਾਂ ਨੂੰ ਆਪਣੇ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ, ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਨੇ ਸੈਕਟਰ-15 ਵਿੱਚ ਸਥਿਤ ਬੂਥ ਨੰਬਰ 150 ’ਤੇ ਆਪਣੇ ਪਰਿਵਾਰ ਸਣੇ ਪਹੁੰਚ ਕੇ ਵੋਟ ਪਾਈ।

Advertisement
Author Image

Advertisement