ਨੇਪਾਲ ’ਚ ਹੜ੍ਹ ਕਾਰਨ 66 ਮੌਤਾਂ ਤੇ 79 ਲਾਪਤਾ
ਕਾਠਮੰਡੂ, 28 ਸਤੰਬਰ
ਨੇਪਾਲ ਵਿੱਚ ਲਗਾਤਾਰ ਮੀਂਹ ਕਾਰਨ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਘੱਟੋ ਤੋਂ ਘੱਟ 66 ਜਣਿਆਂ ਦੀ ਮੌਤ ਹੋ ਗਈ। ਨੇਪਾਲ ਵਿੱਚ ਸ਼ੁੱਕਰਵਾਰ ਤੋਂ ਪੈ ਰਹੇ ਮੀਂਹ ਕਾਰਨ ਕਈ ਇਲਾਕੇ ਪਾਣੀ ’ਚ ਡੁੱਬ ਗਏ ਹਨ, ਜਿਸ ਕਾਰਨ ਆਫ਼ਤ ਅਧਿਕਾਰੀਆਂ ਨੇ ਅਚਾਨਕ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਨੇਪਾਲ ਪੁਲੀਸ ਦੇ ਬੁਲਾਰੇ ਬਿਸ਼ਵੋ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਹਿਮਾਲੀਅਨ ਰਾਸ਼ਟਰ ’ਚ ਮਾਰੇ ਗਏ 66 ਲੋਕਾਂ ਵਿੱਚੋਂ 37 ਕਾਠਮੰਡੂ ਘਾਟੀ ਨਾਲ ਸਬੰਧਿਤ ਹਨ।
ਇਸੇ ਤਰ੍ਹਾਂ ਹੜ੍ਹ ਕਾਰਨ 60 ਜਣੇ ਜ਼ਖ਼ਮੀ ਹੋਏ ਹਨ ਅਤੇ 79 ਵਿਅਕਤੀ ਲਾਪਤਾ ਹਨ, ਜਦਕਿ 3000 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ 63 ਥਾਵਾਂ ’ਤੇ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਹੜ੍ਹਾਂ ਕਾਰਨ ਮੁੱਖ ਟਰਾਂਸਮਿਸ਼ਨ ਲਾਈਨ ਵਿੱਚ ਰੁਕਾਵਟ ਕਾਰਨ ਕਾਠਮੰਡੂ ਵਿੱਚ ਪੂਰਾ ਦਿਨ ਬਿਜਲੀ ਬੰਦ ਰਹੀ ਪਰ ਸ਼ਾਮ ਨੂੰ ਬਿਜਲੀ ਮੁੜ ਚਾਲੂ ਹੋ ਗਈ। ਪੁਲੀਸ ਨੇ ਦੱਸਿਆ ਕਿ ਕਾਠਮੰਡੂ ਵਿੱਚ 226 ਮਕਾਨ ਪਾਣੀ ’ਚ ਡੁੱਬ ਗਏ ਹਨ ਅਤੇ ਨੇਪਾਲ ਪੁਲੀਸ ਵੱਲੋਂ ਪ੍ਰਭਾਵਿਤ ਖੇਤਰਾਂ ’ਚ ਕਰੀਬ 3,000 ਸੁਰੱਖਿਆ ਕਰਮਚਾਰੀਆਂ ਦੀ ਇਕ ਬਚਾਅ ਟੀਮ ਤਾਇਨਾਤ ਕੀਤੀ ਗਈ ਹੈ। -ਪੀਟੀਆਈ