ਸਰਕਾਰੀ ਕਾਲਜ ’ਚ 65ਵਾਂ ਪੰਜਾਬ ’ਵਰਸਿਟੀ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਸ਼ੁਰੂ
ਸਤਵਿੰਦਰ ਬਸਰਾ
ਲੁਧਿਆਣਾ, 22 ਅਕਤੂਬਰ
65ਵਾਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਜ਼ੋਨ-2 ਲੁਧਿਆਣਾ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ ਵਿੱਚ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ 26 ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਮੇਲੇ ਦਾ ਥੀਮ ‘ਕੰਮ ਵਿੱਚ ਏਕਤਾ, ਸੇਵਾ ਵਿੱਚ ਉੱਤਮਤਾ’ ਰੱਖਿਆ ਗਿਆ ਹੈ। ਯੁਵਕ ਮੇਲੇ ਦੇ ਪਹਿਲੇ ਦਿਨ ਵਿਧਾਇਕ ਗੁਰਪ੍ਰੀਤ ਬੱਸੀ, ਸਹਾਇਕ ਕਮਿਸ਼ਨਰ ਲੁਧਿਆਣਾ ਕ੍ਰਿਤਿਕਾ ਗੋਇਲ ਅਤੇ ਡਾਇਰੈਕਟਰ ਯੁਵਕ ਭਲਾਈ ਡਾ. ਰੋਹਿਤ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਿੰਸੀਪਲ ਸੁਮਨ ਲਤਾ ਨੇ ਸਾਰਿਆਂ ਦਾ ਸਵਾਗਤ ਕੀਤਾ।
ਯੁਵਕ ਮੇਲੇ ਦੇ ਅੱਜ ਪਹਿਲੇ ਦਿਨ ਕਵਿਤਾ ਪਾਠ ਮੁਕਾਬਲੇ ਵਿੱਚ ਆਰੀਆ ਕਾਲਜ ਦੇ ਅਨੀਸ਼ ਗੰਭੀਰ ਨੇ ਪਹਿਲਾ ਅਤੇ ਸਰਕਾਰੀ ਕਾਲਜ ਫਾਰ ਗਰਲਜ਼ ਦੀ ਗੁਰਲੀਨ ਕੌਰ ਨੇ ਦੂਜਾ, ਸ਼ਬਦ ਗਾਇਨ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਨੇ ਪਹਿਲਾ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਨੇ ਦੂਜਾ, ਸ਼ਬਦ ਵਿਅਕਤੀਗਤ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਦੀ ਹਰਗੁਣਪ੍ਰੀਤ ਕੌਰ ਅਤੇ ਮਾਸਟਰ ਤਾਰਾ ਸਿੰਘ ਕਾਲਜ ਦੀ ਸਮਰਿਤੀ, ਭਜਨ ਵਿੱਚ ਡੀਡੀ ਜੈਨ ਕਾਲਜ ਅਤੇ ਸਰਕਾਰੀ ਕਾਲਜ ਫਾਰ ਗਰਲਜ਼, ਕੁਇੱਜ਼ ਵਿੱਚ ਸਰਕਾਰੀ ਕਾਲਜ ਫਾਰ ਗਰਲਜ਼ ਅਤੇ ਸ੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ, ਫੁਲਕਾਰੀ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਮਸ਼ੂਦਾ ਅਤੇ ਆਰੀਆ ਕਾਲਜ ਦੀ ਵੰਦਨਾ, ਬਾਗ ਵਿੱਚ ਸਰਕਾਰੀ ਕਾਲਜ ਫਾਰ ਗਰਲਜ਼ ਦੀ ਆਸ਼ਾ ਅਤੇ ਏਐੱਸ, ਕਾਲਜ ਦੀ ਤਮੰਨਾ, ਦਸੂਤੀ/ਕਰਾਸ ਸਟਿੱਚ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਹਿਨਾ ਖਾਨ ਅਤੇ ਏਐੱਸ ਕਾਲਜ ਦੀ ਦੀਕਸ਼ਾ, ਬੁਣਾਈ ਵਿੱਚ ਆਰੀਆ ਕਾਲਜ ਦੀ ਮੋਹਿਨੀ ਕੁਮਾਰੀ ਅਤੇ ਏਐੱਸ ਕਾਲਜ ਦੀ ਅੰਜਲੀ, ਕਰੋਸ਼ੀਆ ਵਿੱਚ ਆਰੀਆ ਕਾਲਜ ਦੀ ਸਵਿਮਨ ਕੁਮਾਰੀ ਅਤੇ ਆਰੀਆ ਕਾਲਜ ਦੀ ਤਮੰਨਾ, ਮਹਿੰਦੀ ਡਿਜ਼ਾਈਨਿੰਗ ਵਿੱਚ ਡੀਡੀ ਜੈਨ ਕਾਲਜ ਦੀ ਸਾਜ਼ੀਆ ਅਤੇ ਸਰਕਾਰੀ ਕਾਲਜ ਫਾਰ ਗਰਲਜ਼ ਦੀ ਨੀਲਮ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।