ਖੰਨਾ ਨਗਰ ਕੌਂਸਲ ਦਾ 65.52 ਕਰੋੜ ਦਾ ਬਜਟ ਪਾਸ
ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਮਾਰਚ
ਨਗਰ ਕੌਂਸਲ ਖੰਨਾ ਦੇਾ ਸਾਲ 2024-25 ਦੇ ਬਜਟ ਸਬੰਧੀ ਮੀਟਿੰਗ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਹੋਈ। ਇਸ ਦੇ ਸ਼ੁਰੂ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਗੁਰਮਿੰਦਰ ਲਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਤਕਰੀਬਨ 65.52 ਕਰੋੜ ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਦੋਂਕਿ ਪਿਛਲੇ ਸਾਲ ਕਰੀਬ 58.62 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਇਸ ਵਿਚੋਂ ਨਗਰ ਕੌਂਸਲ ਨੂੰ 31 ਜਨਵਰੀ 2024 ਤੱਕ 39.39 ਕਰੋੜ ਰੁਪਏ ਦੀ ਆਮਦਨ ਹੋ ਚੁੱਕੀ ਹੈ ਅਤੇ 31 ਮਾਰਚ ਤੱਕ 8.08 ਕਰੋੜ ਰੁਪਏ ਦੀ ਹੋਰ ਆਮਦਨ ਪ੍ਰਾਪਤ ਹੋਣ ਦੀ ਆਸ ਹੈ। ਇਸ ਤਰ੍ਹਾਂ ਕੁੱਲ ਆਮਦਨ 47.47 ਕਰੋੜ ਰੁਪਏ ਹੋ ਜਾਵੇਗੀ ਜੋ ਕਿ ਪ੍ਰਵਾਨਿਤ ਬਜਟ ਦਾ 81 ਫ਼ੀਸਦੀ ਹੈ। ਇਸ ਕਾਰਨ ਸਾਲ 2024-25 ਲਈ ਨਗਰ ਕੌਂਸਲ ਵੱਲੋਂ ਵੱਖ ਵੱਖ ਮੱਦਾਂ ਤੋਂ ਕੁੱਲ 65.52 ਕਰੋੜ ਰੁਪਏ ਆਮਦਨ ਵਜੋਂ ਪ੍ਰਾਪਤ ਕੀਤੇ ਜਾਣ ਦੀ ਤਜਵੀਜ ਕੀਤੀ ਗਈ ਹੈ।
ਬਜਟ ਮੀਟਿੰਗ ਦੌਰਾਨ ਉਸ ਸਮੇਂ ਗੰਭੀਰ ਸਥਿਤੀ ਬਣ ਗਈ ਜਦੋਂ ਕੌਂਸਲਰ ਸੁਖਮਨਜੀਤ ਸਿੰਘ ਆਪਣੀਆਂ ਮੰਗਾਂ ਸਬੰਧੀ ਮੀਟਿੰਗ ਹਾਲ ਵਿਚ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਅਮਰਦਾਸ ਮਾਰਕੀਟ ਦੇ ਮਸਲੇ ’ਤੇ ਧਰਨੇ ’ਤੇ ਬੈਠੇ ਸਨ ਤਾਂ ਉਨ੍ਹਾਂ ਨੂੰ ਭਰੋਸਾ ਦੇ ਕੇ ਉਠਾਇਆ ਗਿਆ ਸੀ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਠੇਕੇਦਾਰਾਂ ਵੱਲੋਂ ਪਾਏ ਟੈਡਰਾਂ ’ਤੇ ਸਵਾਲ ਚੁੱਕਿਆ।
ਇਸ ਮੌਕੇ ਪ੍ਰਧਾਨ ਲੱਧੜ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਾਰ ਵੀ ਕੌਂਸਲ ਦੇ ਹਰ ਸਰੋਤਾਂ ਤੋਂ ਵਧੇਰੇ ਆਮਦਨ ਹੋਵੇਗੀ। ਇਸ ਵਿਚ ਮੁੱਖ ਤੌਰ ’ਤੇ ਵੈਟ/ਜੀਐਸਟੀ, ਬਿਜਲੀ ਦੀ ਚੁੰਗੀ, ਐਕਸਾਈਜ਼ ਡਿਊਟੀ, ਬਿਲਡਿੰਗ ਐਪਲੀਕੇਸ਼ਨ, ਲਾਇਸੈਂਸ ਫੀਸ, ਦੁਕਾਨਾਂ ਦੇ ਕਿਰਾਏ, ਹਾਊਸ ਟੈਕਸ, ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਤੇ ਸੀਵਰੇਜ, ਇਸ਼ਤਿਹਾਰਾਂ ਤੋਂ ਆਮਦਨ, ਬੱਸ ਅੱਡਾ ਫੀਸ ਅਤੇ ਹੋਰ ਵਸੀਲੇ ਸ਼ਾਮਲ ਹਨ। ਇਸੇ ਤਰ੍ਹਾਂ ਸਾਲ 2024-25 ਵਿਚ ਹੋਣ ਵਾਲੇ ਖ਼ਰਚਿਆਂ ਵਿਚ ਸਮੁੱਚੇ ਅਮਲੇ ਦੀਆਂ ਤਨਖ਼ਾਹਾਂ, ਵਿਕਾਸ ਕਾਰਜ, ਅਚਨਚੇਤ ਖ਼ਰਚੇ ਆਦਿ ਸ਼ਾਮਲ ਹਨ।